Pakistan Cyber Attack: ਪਾਕਿਸਤਾਨ ਨੇ ਫੌਜੀ ਹਮਲਿਆਂ ਤੋਂ ਇਲਾਵਾ ਭਾਰਤ ਉਪਰ ਸਾਈਬਰ ਅਟੈਕ ਵੀ ਕੀਤੇ ਹਨ। ਇਹ ਹਮਲੇ ਇੱਕ ਜਾਂ ਦੋ ਨਹੀਂ ਸਗੋਂ 15 ਲੱਖ ਸਨ। ਗਨੀਮਤ ਇਹ ਰਹੀ ਕਿ ਇਨ੍ਹਾਂ 15 ਲੱਖ ਸਾਈਬਰ ਹਮਲਿਆਂ ਵਿੱਚੋਂ ਸਿਰਫ 150 ਸਫਲ ਹੋਏ। ਇਹ ਖੁਲਾਸਾ ਮਹਾਰਾਸ਼ਟਰ ਸਾਈਬਰ ਸੈੱਲ ਨੇ ਕੀਤਾ ਹੈ। ਸਾਈਬਰ ਸੈੱਲ ਨੇ ਕਿਹਾ ਹੈ ਕਿ ਪਹਿਲਗਾਮ ਹਮਲੇ ਤੋਂ ਬਾਅਦ ਪਾਕਿਸਤਾਨੀ ਹੈਕਰਾਂ ਨੇ ਭਾਰਤ ਵਿੱਚ 15 ਲੱਖ ਸਾਈਬਰ ਹਮਲੇ ਕੀਤੇ ਤੇ ਇਨ੍ਹਾਂ ਵਿੱਚੋਂ ਸਿਰਫ਼ 150 ਸਫਲ ਹੋਏ।
ਸੈੱਲ ਨੇ ਸੱਤ ਐਡਵਾਂਸਡ ਪਰਸਿਸਟੈਂਟ ਥਰੇਟ (ਏਪੀਟੀ) ਸਮੂਹਾਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਨੇ ਇਹ ਹਮਲੇ ਕੀਤੇ। ਸੈੱਲ ਨੇ ਕਿਹਾ ਕਿ ਜੰਗਬੰਦੀ ਤੋਂ ਬਾਅਦ ਵੀ ਭਾਰਤੀ ਵੈੱਬਸਾਈਟਾਂ ਪਾਕਿਸਤਾਨ, ਬੰਗਲਾਦੇਸ਼ ਤੇ ਮੱਧ-ਪੂਰਬੀ ਦੇਸ਼ਾਂ ਤੋਂ ਸਾਈਬਰ ਹਮਲਿਆਂ ਦਾ ਸਾਹਮਣਾ ਕਰ ਰਹੀਆਂ ਹਨ। ਹਾਲਾਂਕਿ, ਸੈੱਲ ਨੇ ਮੁੰਬਈ ਹਵਾਈ ਅੱਡੇ ਤੋਂ ਡੇਟਾ ਚੋਰੀ ਕਰਨ, ਹਵਾਬਾਜ਼ੀ, ਨਗਰਪਾਲਿਕਾ ਪ੍ਰਣਾਲੀ ਤੇ ਚੋਣ ਕਮਿਸ਼ਨ ਦੀਆਂ ਵੈੱਬਸਾਈਟਾਂ ਨੂੰ ਹੈਕ ਕਰਨ ਦੇ ਦਾਅਵਿਆਂ ਨੂੰ ਰੱਦ ਕਰ ਦਿੱਤਾ। ਇਸ ਦੇ ਨਾਲ ਹੀ ਟਕਰਾਅ ਨਾਲ ਸਬੰਧਤ 5 ਹਜ਼ਾਰ ਤੋਂ ਵੱਧ ਜਾਅਲੀ ਖ਼ਬਰਾਂ ਨੂੰ ਵੀ ਹਟਾ ਦਿੱਤਾ ਗਿਆ।
ਹਾਸਲ ਜਾਣਕਾਰੀ ਮੁਤਾਬਕ 22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਸਮਰਥਿਤ ਹੈਕਰਾਂ ਨੇ ਪਿਛਲੇ 20 ਦਿਨਾਂ ਵਿੱਚ ਭਾਰਤ ਦੀਆਂ ਮਹੱਤਵਪੂਰਨ ਸਰਕਾਰੀ ਵੈੱਬਸਾਈਟਾਂ 'ਤੇ ਲਗਪਗ 15 ਲੱਖ ਸਾਈਬਰ ਹਮਲੇ ਕੀਤੇ। ਇਸ ਦੌਰਾਨ ਮਹਾਰਾਸ਼ਟਰ ਸਾਈਬਰ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਨ੍ਹਾਂ ਵਿੱਚੋਂ ਸਿਰਫ਼ 150 ਸਾਈਬਰ ਹਮਲੇ ਹੀ ਸਫਲ ਹੋਏ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਤੇ ਪਾਕਿਸਤਾਨ ਵਿਚਕਾਰ ਫੌਜੀ ਟਕਰਾਅ ਰੁਕਣ ਦੇ ਬਾਵਜੂਦ ਪਾਕਿਸਤਾਨ, ਬੰਗਲਾਦੇਸ਼ ਤੇ ਮੱਧ ਪੂਰਬ ਤੋਂ ਭਾਰਤ 'ਤੇ ਸਾਈਬਰ ਹਮਲੇ ਜਾਰੀ ਹਨ।
ਮਹਾਰਾਸ਼ਟਰ ਸਾਈਬਰ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ, ਹਵਾਬਾਜ਼ੀ ਤੇ ਨਗਰਪਾਲਿਕਾ ਪ੍ਰਣਾਲੀ ਨੂੰ ਹੈਕ ਕਰਨ ਤੇ ਚੋਣ ਕਮਿਸ਼ਨ ਦੀ ਵੈੱਬਸਾਈਟ ਨੂੰ ਨਿਸ਼ਾਨਾ ਬਣਾਉਣ ਦੀਆਂ ਰਿਪੋਰਟਾਂ ਝੂਠੀਆਂ ਹਨ। ਮਹਾਰਾਸ਼ਟਰ ਸਾਈਬਰ ਦੇ ਏਡੀਜੀ ਯਸ਼ਸਵੀ ਯਾਦਵ ਨੇ ਕਿਹਾ ਕਿ ਰਿਪੋਰਟ ਵਿੱਚ 7 ਐਡਵਾਂਸਡ ਪਰਸਿਸਟੈਂਟ ਥਰੇਟ ਗਰੁੱਪਾਂ ਦੀ ਪਛਾਣ ਕੀਤੀ ਗਈ ਹੈ। ਇਨ੍ਹਾਂ ਵਿੱਚ ਏਪੀਟੀ 36 (ਪਾਕਿਸਤਾਨ ਅਧਾਰਤ), ਪਾਕਿਸਤਾਨ ਸਾਈਬਰ ਫੋਰਸ, ਟੀਮ ਇਨਸੇਨ ਪੀਕੇ, ਮਿਸਟਰੀਅਸ ਬੰਗਲਾਦੇਸ਼, ਇੰਡੋ ਹੈਕਸ ਸੈਕ, ਸਾਈਬਰ ਗਰੁੱਪ HOAX 1337 ਤੇ ਨੈਸ਼ਨਲ ਸਾਈਬਰ ਕਰੂ ਸ਼ਾਮਲ ਹਨ।