ਇੰਸਟਾਗ੍ਰਾਮ ਦੇ 17.5 ਮਿਲੀਅਨ ਅਕਾਊਂਟ ਹੈਕ ਹੋਣ ਦੀ ਖ਼ਬਰ ਨੇ ਦੁਨੀਆ ਭਰ ਦੇ ਯੂਜ਼ਰਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਸੀ। ਹਾਲਾਂਕਿ ਹੁਣ ਕੰਪਨੀ ਵੱਲੋਂ ਇਸ ਮਾਮਲੇ ’ਤੇ ਸਪਸ਼ਟੀਕਰਨ ਆਉਣ ਤੋਂ ਬਾਅਦ ਯੂਜ਼ਰਾਂ ਨੂੰ ਵੱਡੀ ਰਾਹਤ ਮਿਲੀ ਹੈ। ਇੰਸਟਾਗ੍ਰਾਮ ਨੇ ਦੱਸਿਆ ਕਿ ਜਿਸ ਤਕਨੀਕੀ ਖ਼ਾਮੀ ਕਾਰਨ ਵੱਡੀ ਗਿਣਤੀ ਵਿੱਚ ਪਾਸਵਰਡ ਰੀਸੈਟ ਈਮੇਲ ਭੇਜੇ ਗਏ ਸਨ ਅਤੇ ਹੈਕਿੰਗ ਦਾ ਖਤਰਾ ਪੈਦਾ ਹੋਇਆ ਸੀ, ਉਸ ਸਮੱਸਿਆ ਨੂੰ ਹੁਣ ਠੀਕ ਕਰ ਲਿਆ ਗਿਆ ਹੈ।
ਐਤਵਾਰ (11 ਜਨਵਰੀ) ਨੂੰ ਜਾਰੀ ਬਿਆਨ ਵਿੱਚ ਕੰਪਨੀ ਨੇ ਸਾਫ਼ ਕੀਤਾ ਕਿ ਇੱਕ ਬਾਹਰੀ ਪਾਰਟੀ ਨੇ ਤਕਨੀਕੀ ਖ਼ਾਮੀ ਦਾ ਫਾਇਦਾ ਉਠਾਇਆ ਸੀ, ਪਰ ਇਸ ਦੌਰਾਨ ਇੰਸਟਾਗ੍ਰਾਮ ਦਾ ਕੋਰ ਸਿਸਟਮ ਪੂਰੀ ਤਰ੍ਹਾਂ ਸੁਰੱਖਿਅਤ ਰਿਹਾ।
‘ਤੁਹਾਡੇ ਇੰਸਟਾਗ੍ਰਾਮ ਅਕਾਊਂਟ ਸੁਰੱਖਿਅਤ ਹਨ’
ਕੰਪਨੀ ਨੇ X ’ਤੇ ਪੋਸਟ ਕੀਤੇ ਬਿਆਨ ਵਿੱਚ ਕਿਹਾ, “ਅਸੀਂ ਉਸ ਸਮੱਸਿਆ ਨੂੰ ਠੀਕ ਕਰ ਦਿੱਤਾ ਹੈ, ਜਿਸ ਕਾਰਨ ਇੱਕ ਬਾਹਰੀ ਪਾਰਟੀ ਕੁਝ ਲੋਕਾਂ ਲਈ ਪਾਸਵਰਡ ਰੀਸੈਟ ਈਮੇਲ ਦੀ ਬੇਨਤੀ ਕਰ ਰਹੀ ਸੀ। ਸਾਡੇ ਸਿਸਟਮ ਵਿੱਚ ਕੋਈ ਸੰਨ੍ਹ ਨਹੀਂ ਲੱਗੀ ਹੈ ਅਤੇ ਤੁਹਾਡੇ ਇੰਸਟਾਗ੍ਰਾਮ ਅਕਾਊਂਟ ਪੂਰੀ ਤਰ੍ਹਾਂ ਸੁਰੱਖਿਅਤ ਹਨ।” ਇੰਸਟਾਗ੍ਰਾਮ ਨੇ ਅੱਗੇ ਕਿਹਾ, “ਤੁਸੀਂ ਉਹ ਈਮੇਲ ਨਜ਼ਰਅੰਦਾਜ਼ ਕਰ ਸਕਦੇ ਹੋ—ਕਿਸੇ ਵੀ ਉਲਝਣ ਲਈ ਸਾਨੂੰ ਖੇਦ ਹੈ।”
ਇਸ ’ਤੇ X ਦੀ ਹੈੱਡ ਆਫ ਪ੍ਰੋਡਕਟ ਨਿਕੀਤਾ ਬੀਅਰ ਨੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ, “ਮੈਨੂੰ ਖੁਸ਼ੀ ਹੈ ਕਿ ਤੁਸੀਂ ਇਹ ਜਾਣਕਾਰੀ X ’ਤੇ ਸਾਂਝੀ ਕੀਤੀ, ਕਿਉਂਕਿ ਥ੍ਰੈਡਜ਼ ’ਤੇ ਇਹ ਸ਼ਾਇਦ ਕਿਸੇ ਨੂੰ ਨਜ਼ਰ ਨਾ ਆਉਂਦੀ।”
ਇੰਸਟਾਗ੍ਰਾਮ ਯੂਜ਼ਰਾਂ ਨੂੰ ਪਾਸਵਰਡ ਰੀਸੈਟ ਈਮੇਲ ਕਿਉਂ ਮਿਲੇ?
ਇਹ ਸਪਸ਼ਟੀਕਰਨ ਐਂਟੀਵਾਇਰਸ ਫਰਮ ਮਾਲਵੇਅਰਬਾਈਟਸ ਦੀ ਇੱਕ ਰਿਪੋਰਟ ਤੋਂ ਬਾਅਦ ਸਾਹਮਣੇ ਆਇਆ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਕਿ ਡਾਰਕ ਵੈੱਬ ’ਤੇ ਵਿਕਰੀ ਲਈ ਇੱਕ ਐਸਾ ਡਾਟਾਬੇਸ ਮਿਲਿਆ ਹੈ, ਜਿਸ ਵਿੱਚ 17.5 ਮਿਲੀਅਨ ਇੰਸਟਾਗ੍ਰਾਮ ਯੂਜ਼ਰਾਂ ਦੀ ਸੰਵੇਦਨਸ਼ੀਲ ਜਾਣਕਾਰੀ ਸ਼ਾਮਲ ਸੀ। ਇਸ ਡਾਟਾ ਵਿੱਚ ਯੂਜ਼ਰਾਂ ਦੇ ਨਾਮ, ਪਤੇ, ਫ਼ੋਨ ਨੰਬਰ ਅਤੇ ਈਮੇਲ ਐਡਰੈੱਸ ਸ਼ਾਮਲ ਦੱਸੇ ਗਏ ਹਨ।
ਮਾਲਵੇਅਰਬਾਈਟਸ ਮੁਤਾਬਕ, ਇਹ ਡਾਟਾ ਲੀਕ 2024 ਵਿੱਚ ਇੰਸਟਾਗ੍ਰਾਮ ਦੇ API ਵਿੱਚ ਹੋ ਸਕੀ ਸੰਭਾਵਿਤ ਉਲੰਘਣਾ ਨਾਲ ਜੁੜਿਆ ਹੋ ਸਕਦਾ ਹੈ। ਰਿਪੋਰਟ ਵਿੱਚ ਇਹ ਵੀ ਚੇਤਾਵਨੀ ਦਿੱਤੀ ਗਈ ਕਿ ਪਾਸਵਰਡ ਰੀਸੈਟ ਬੇਨਤੀਆਂ ਵਿੱਚ ਅਚਾਨਕ ਵਾਧੇ ਨਾਲ ਫ਼ਿਸ਼ਿੰਗ ਹਮਲਿਆਂ ਜਾਂ ਅਕਾਊਂਟ ਹੈਕ ਹੋਣ ਦੇ ਮਾਮਲੇ ਵੀ ਵਧ ਸਕਦੇ ਹਨ।