ਨਵੀਂ ਦਿੱਲੀ: ਕਈ ਦਿਨਾਂ ਤੋਂ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਐਪਲ ਆਪਣੇ ਸਸਤੇ ਸਮਾਰਟਫੋਨ iPhone SE ਦੇ ਨਵੇਂ ਮਾਡਲ 'ਤੇ ਕੰਮ ਕਰ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਇਸ ਨੂੰ ਮਾਰਚ 2020 'ਚ ਲਾਂਚ ਕੀਤਾ ਜਾ ਸਕਦਾ ਹੈ। ਜੇ ਤੁਸੀਂ ਵੀ ਇਸ ਸਸਤੇ ਆਈਫੋਨ ਦੀ ਉਡੀਕ ਕਰ ਰਹੇ ਹੋ ਤਾਂ ਤੁਹਾਡੇ ਲਈ ਇੱਕ ਖੁਸ਼ਖਬਰੀ ਹੈ। ਤਾਜ਼ਾ ਰਿਪੋਰਟ ਮੁਤਾਬਕ ਐਪਲ ਇੱਕ ਨਹੀਂ, ਬਲਕਿ ਦੋ ਸਸਤੇ ਆਈਫੋਨ ਬਾਜ਼ਾਰ 'ਚ ਲਾਂਚ ਕਰ ਸਕਦੀ ਹੈ।

9to5Mac ਦੀ ਰਿਪੋਰਟ ਦੇ ਅਨੁਸਾਰ, ਕੰਪਨੀ ਆਈਫੋਨ SE 2 ਦੇ ਦੋ ਮਾਡਲਾਂ ਨੂੰ ਲਿਆਏਗੀ। ਐਪਲ ਨੇ ਆਪਣੀ ਸਪਲਾਈ ਚੇਨ ਤੋਂ ਦੋ ਵੱਖ ਵੱਖ ਐਲਸੀਡੀ ਸਕ੍ਰੀਨਾਂ ਦੀ ਮੰਗ ਕੀਤੀ ਹੈ। ਪਹਿਲਾਂ ਖਬਰਾਂ ਆਈਆਂ ਸਨ ਕਿ ਸਸਤੇ ਆਈਫੋਨ ਦਾ ਨਾਂ iPhone SE 2 ਦੀ ਥਾਂ iPhone 9 ਰੱਖਿਆ ਜਾ ਸਕਦਾ ਹੈ।

ਅਜਿਹੇ 'ਚ ਜੇ ਕੰਪਨੀ ਆਈਫੋਨ 9 ਸੀਰੀਜ਼ ਦਾ ਨਵਾਂ ਮਾਡਲ ਲੈ ਕੇ ਆਉਂਦੀ ਹੈ, ਤਾਂ ਦੋਵੇਂ ਸਸਤੇ ਆਈਫੋਨ ਆਈਫੋਨ 9 ਤੇ ਆਈਫੋਨ 9 ਪਲੱਸ ਦੇ ਤੌਰ 'ਤੇ ਲਾਂਚ ਕੀਤੇ ਜਾ ਸਕਦੇ ਹਨ। ਦੱਸ ਦੇਈਏ ਕਿ ਸਾਲ 2017 'ਚ ਕੰਪਨੀ ਨੇ ਇੱਕੋ ਸਮੇਂ ਤਿੰਨ ਸਮਾਰਟਫੋਨ ਲਾਂਚ ਕੀਤੇ- ਆਈਫੋਨ ਐਕਸ, ਆਈਫੋਨ 8 ਤੇ ਆਈਫੋਨ 8 ਪਲੱਸ। ਹੁਣ ਆਈਫੋਨ 9 ਨਾਂ ਦਾ ਅਜੇ ਤੱਕ ਕੋਈ ਐਪਲ ਫੋਨ ਨਹੀਂ ਹੈ। ਇਹ ਮੰਨਿਆ ਜਾਂਦਾ ਹੈ ਕਿ ਆਈਫੋਨ 9 ਸਾਈਜ਼ ਅਤੇ ਡਿਜ਼ਾਈਨ ਦੇ ਮਾਮਲੇ 'ਚ ਕੰਪਨੀ ਦੇ ਪੁਰਾਣੇ ਮਾੱਡਲ ਆਈਫੋਨ 8 ਤੇ ਆਈਫੋਨ 8 ਪਲੱਸ ਵਰਗਾ ਹੋ ਸਕਦੇ ਹੈ।

ਸਸਤੇ ਆਈਫੋਨ ਦਾ ਡਿਸਪਲੇਅ ਸਾਈਜ਼ 5.5 ਇੰਚ ਜਾਂ 6.1 ਇੰਚ ਹੋ ਸਕਦਾ ਹੈ। ਇੱਕ ਹੋਰ ਰਿਪੋਰਟ 'ਚ ਕਿਹਾ ਗਿਆ ਹੈ ਕਿ ਮਾਰਚ ਦੇ ਅੰਤ ਤਕ ਲਾਂਚ ਹੋਏ ਇਸ ਆਈਫੋਨ ਦੀ ਸ਼ੁਰੂਆਤੀ ਕੀਮਤ 399 ਡਾਲਰ ਹੋ ਸਕਦੀ ਹੈ। ਇਸ ਦੇ ਨਾਲ ਹੀ ਡਿਜੀਟਾਈਮਜ਼ ਰਿਪੋਰਟ 'ਚ ਕਿਹਾ ਗਿਆ ਹੈ ਕਿ ਯੂਐਸ ਦਿੱਗਜ ਐਪਲ ਸਾਲ 2020 'ਚ ਕੁੱਲ 6 ਆਈਫੋਨ ਮਾਡਲਾਂ ਨੂੰ ਲਾਂਚ ਕਰ ਸਕਦੀ ਹੈ। ਦੱਸ ਦੇਈਏ ਕਿ ਐਪਲ ਨੇ ਆਈਫੋਨ SE ਨੂੰ ਸਾਲ 2016 'ਚ ਲਾਂਚ ਕੀਤਾ ਸੀ।