TRAI: ਟੈਲੀਕਾਮ ਰੈਗੂਲੇਟਰ TRAI ਦੇ ਹੁਕਮਾਂ ਤੋਂ ਬਾਅਦ Jio ਅਤੇ Airtel ਨੇ ਸਿਰਫ਼ ਵੌਇਸ ਪਲਾਨ ਲਾਂਚ ਕੀਤੇ ਹਨ। ਅਜਿਹੇ ਪਲਾਨ ਦੋਵਾਂ ਕੰਪਨੀਆਂ ਦੀਆਂ ਵੈੱਬਸਾਈਟਾਂ 'ਤੇ ਨਜ਼ਰ ਆ ਰਹੇ ਹਨ, ਜਿਨ੍ਹਾਂ ਵਿੱਚ ਸਿਰਫ਼ ਕਾਲਿੰਗ ਅਤੇ SMS ਦੇ ਲਾਭ ਮਿਲ ਰਹੇ ਹਨ। ਇਸ ਫੈਸਲੇ ਨਾਲ 2G ਯੂਜ਼ਰਸ ਨੂੰ ਵੱਡੀ ਰਾਹਤ ਮਿਲੇਗੀ, ਜਿਨ੍ਹਾਂ ਨੂੰ ਡੇਟਾ ਦੀ ਲੋੜ ਨਹੀਂ ਪੈਂਦੀ ਹੈ। ਪਰ ਹੁਣ ਤੱਕ ਉਨ੍ਹਾਂ ਨੂੰ ਆਪਣੇ ਰੀਚਾਰਜ ਪਲਾਨ ਵਿੱਚ ਡੇਟਾ ਦੇ ਵੀ ਪੈਸੇ ਦੇਣੇ ਪੈਂਦੇ ਸਨ। ਦੇਸ਼ ਵਿੱਚ ਅਜੇ ਵੀ ਕਰੋੜਾਂ ਲੋਕ ਹਨ, ਜੋ ਆਪਣੇ ਮੋਬਾਈਲ 'ਤੇ ਵੀ ਡੇਟਾ ਦੀ ਵਰਤੋਂ ਨਹੀਂ ਕਰਦੇ।



TRAI ਨੇ ਪਿਛਲੇ ਮਹੀਨੇ ਦਿੱਤਾ ਸੀ ਆਦੇਸ਼


ਟੈਲੀਕਾਮ ਰੈਗੂਲੇਟਰ ਨੇ 23 ਦਸੰਬਰ 2024 ਨੂੰ ਸਾਰੀਆਂ ਟੈਲੀਕਾਮ ਕੰਪਨੀਆਂ ਨੂੰ ਸਿਰਫ਼ ਵੌਇਸ ਰੀਚਾਰਜ ਪਲਾਨ ਪੇਸ਼ ਕਰਨ ਦਾ ਆਦੇਸ਼ ਦਿੱਤਾ ਸੀ। ਇਸ ਲਈ ਕੰਪਨੀਆਂ ਨੂੰ ਇੱਕ ਮਹੀਨੇ ਦਾ ਸਮਾਂ ਦਿੱਤਾ ਗਿਆ ਸੀ। ਹੁਕਮ ਵਿੱਚ ਕਿਹਾ ਗਿਆ ਸੀ ਕਿ ਕੰਪਨੀਆਂ ਨੂੰ ਆਪਣੇ ਮੌਜੂਦਾ ਰੀਚਾਰਜ ਪਲਾਨ ਦੇ ਨਾਲ-ਨਾਲ ਅਜਿਹੇ ਪਲਾਨ ਵੀ ਲਿਆਉਣੇ ਪੈਣਗੇ ਜਿਨ੍ਹਾਂ ਵਿੱਚ ਸਿਰਫ਼ ਵੌਇਸ ਕਾਲਿੰਗ ਅਤੇ ਐਸਐਮਐਸ ਦੇ ਫਾਇਦੇ ਹੋਣ। ਅਜਿਹੇ ਪਲਾਨਸ ਉਨ੍ਹਾਂ ਲੋਕਾਂ ਲਈ ਜ਼ਰੂਰੀ ਹਨ ਜਿਨ੍ਹਾਂ ਨੂੰ ਡੇਟਾ ਦੀ ਲੋੜ ਨਹੀਂ ਪੈਂਦੀ ਹੈ। ਫੀਚਰ ਫੋਨ ਯੂਜ਼ਰਸ ਦੇ ਨਾਲ-ਨਾਲ ਇਸ ਦਾ ਫਾਇਦਾ ਉਨ੍ਹਾਂ ਲੋਕਾਂ ਨੂੰ ਹੋਵੇਗਾ, ਜਿਹੜੇ 2 ਸਿਮ ਦੀ ਵਰਤੋਂ ਕਰਦੇ ਹਨ।


Jio ਲੈਕੇ ਆਇਆ ਨਵੇਂ ਪਲਾਨ


TRAI ਦੇ ਹੁਕਮਾਂ ਦੀ ਪਾਲਣਾ ਕਰਦਿਆਂ ਹੋਇਆਂ, Jio ਨੇ 458 ਰੁਪਏ ਅਤੇ 1,958 ਰੁਪਏ ਦੇ ਪਲਾਨ ਲਾਂਚ ਕੀਤੇ ਹਨ। 458 ਰੁਪਏ ਵਾਲੇ ਪਲਾਨ ਦੀ ਵੈਧਤਾ 84 ਦਿਨਾਂ ਦੀ ਹੈ। ਇਸ ਵਿੱਚ ਤੁਹਾਨੂੰ ਦੇਸ਼ ਭਰ ਵਿੱਚ ਮੁਫਤ ਅਨਲਿਮਟਿਤ ਕਾਲਿੰਗ ਅਤੇ 1,000 ਮੁਫਤ SMS ਮਿਲਣਗੇ। ਇਸ ਵਿੱਚ ਮੋਬਾਈਲ ਡਾਟਾ ਨਹੀਂ ਦਿੱਤਾ ਗਿਆ ਹੈ। ਇਸ ਪਲਾਨ ਨਾਲ ਜੀਓ ਸਿਨੇਮਾ ਅਤੇ ਜੀਓ ਟੀਵੀ ਐਪਸ ਤੱਕ ਐਕਸੈਸ ਮਿਲੇਗਾ। ਇਸੇ ਤਰ੍ਹਾਂ 1,958 ਰੁਪਏ ਵਾਲਾ ਪਲਾਨ 365 ਦਿਨਾਂ ਲਈ ਵੈਲਿਡ ਹੋਵੇਗਾ। ਇਸ ਵਿੱਚ ਤੁਹਾਨੂੰ ਮੁਫ਼ਤ ਕਾਲਿੰਗ ਅਤੇ ਕੁੱਲ 3,600 SMS ਮਿਲਣਗੇ। ਇਸ ਵਿੱਚ ਵੀ ਮੋਬਾਈਲ ਡਾਟਾ ਨਹੀਂ ਦਿੱਤਾ ਜਾ ਰਿਹਾ ਹੈ।


ਏਅਰਟੈੱਲ ਨੇ ਪੇਸ਼ ਕੀਤੇ ਆਹ ਪਲਾਨਸ


ਜੀਓ ਵਾਂਗ ਏਅਰਟੈੱਲ ਨੇ ਵੀ 2 ਵੌਇਸ ਪਲਾਨ ਪੇਸ਼ ਕੀਤੇ ਹਨ। ਕੰਪਨੀ 509 ਰੁਪਏ ਦੇ ਪਲਾਨ ਵਿੱਚ 84 ਦਿਨਾਂ ਲਈ ਅਨਲਿਮਟਿਡ ਕਾਲਿੰਗ ਅਤੇ 900 SMS ਦੀ ਪੇਸ਼ਕਸ਼ ਕਰ ਰਹੀ ਹੈ। 1,999 ਰੁਪਏ ਵਾਲੇ ਪਲਾਨ ਵਿੱਚ ਯੂਜ਼ਰਸ ਨੂੰ ਇੱਕ ਸਾਲ ਦੀ ਵੈਧਤਾ ਦੇ ਨਾਲ ਅਨਲਿਮਟਿਡ ਕਾਲਿੰਗ ਅਤੇ 300 SMS ਮਿਲਣਗੇ।