AC Scheme: ਕੀ ਤੁਸੀਂ ਵੀ ਅਪਰੈਲ ਵਿੱਚ ਹੀ ਲਗਾਤਾਰ ਵਧਦੀ ਗਰਮੀ ਤੇ ਅਸਮਾਨ ਛੂਹ ਰਹੇ ਬਿਜਲੀ ਬਿੱਲਾਂ ਤੋਂ ਪ੍ਰੇਸ਼ਾਨ ਹੋ? ਹੁਣ ਤੁਸੀਂ ਬਹੁਤ ਜਲਦੀ ਸੁੱਖ ਦਾ ਸਾਹ ਲੈ ਸਕਦੇ ਹੋ। ਜੀ ਹਾਂ, ਕੇਂਦਰ ਸਰਕਾਰ ਨਵੀਂ ਸਕੀਮ ਲਿਆਉਣ ਜਾ ਰਹੀ ਹੈ। ਇਸ ਤਹਿਤ ਤੁਸੀਂ 5-ਸਟਾਰ ਏਸੀ ਲੈ ਸਕੋਗੇ ਜੋ ਬੇਹੱਦ ਘੱਟ ਬਿਜਲੀ ਖਾਂਧੇ ਹਨ। ਸਰਕਾਰ ਇੱਕ ਯੋਜਨਾ 'ਤੇ ਕੰਮ ਕਰ ਰਹੀ ਹੈ ਜਿਸ ਤਹਿਤ ਤੁਸੀਂ ਆਪਣੇ ਪੁਰਾਣੇ ਤੇ ਬਿਜਲੀ ਦੀ ਵੱਧ ਖਪਤ ਕਰਨ ਵਾਲੇ ਏਅਰ ਕੰਡੀਸ਼ਨਰਾਂ (ਏਸੀ) ਨੂੰ ਘੱਟ ਬਿਜਲੀ ਨਾਲ ਚੱਲ਼ਣ ਵਾਲੇ 5-ਸਟਾਰ ਏਸੀ ਨਾਲ ਬਦਲ ਸਕੋਗੇ। ਅਜਿਹਾ ਕਰਨ ਲਈ ਸਰਕਾਰ ਤੁਹਾਨੂੰ ਵਿੱਤੀ ਪ੍ਰੋਤਸਾਹਨ ਵੀ ਦੇਵੇਗੀ।

25% ਬਿਜਲੀ ਕੂਲਿੰਗ 'ਤੇ ਖਰਚ ਕੀਤੀ ਜਾ ਰਹੀ ਪਿਛਲੇ ਕੁਝ ਸਾਲਾਂ ਵਿੱਚ ਏਸੀ ਦੀ ਮੰਗ ਤੇਜ਼ੀ ਨਾਲ ਵਧੀ ਹੈ। 2021-22 ਵਿੱਚ ਜਿੱਥੇ 84 ਲੱਖ ਯੂਨਿਟ ਵੇਚੇ ਗਏ ਸਨ, ਉੱਥੇ 2023-24 ਵਿੱਚ ਇਹ ਗਿਣਤੀ ਵਧ ਕੇ ਲਗਪਗ 1.1 ਕਰੋੜ ਹੋ ਗਈ ਪਰ ਇਹ ਤੇਜ਼ੀ ਨਾਲ ਵਧ ਰਿਹਾ ਕੂਲਿੰਗ ਸਿਸਟਮ ਭਾਰੀ ਮਾਤਰਾ ਵਿੱਚ ਬਿਜਲੀ ਦੀ ਖਪਤ ਕਰ ਰਿਹਾ ਹੈ। ਇੱਕ ਅੰਦਾਜ਼ੇ ਅਨੁਸਾਰ ਭਾਰਤ ਵਿੱਚ ਇਮਾਰਤਾਂ ਦੁਆਰਾ ਖਪਤ ਕੀਤੀ ਜਾਣ ਵਾਲੀ ਕੁੱਲ ਬਿਜਲੀ ਦਾ 25% ਹਿੱਸਾ ਸਿਰਫ ਕੂਲਿੰਗ ਯਾਨੀ ਏਸੀ 'ਤੇ ਖਰਚ ਕੀਤਾ ਜਾ ਰਿਹਾ ਹੈ।

ਰਿਪੋਰਟਾਂ ਵਿੱਚ ਸਾਹਮਣੇ ਆਇਆ ਹੈ ਕਿ ਜ਼ਿਆਦਾਤਰ ਘਰਾਂ ਵਿੱਚ ਅਜੇ ਵੀ 3-ਸਟਾਰ ਤੋਂ ਘੱਟ ਰੇਟਿੰਗ ਵਾਲੇ ਏਸੀ ਹਨ, ਜੋ ਨਾ ਸਿਰਫ਼ ਜ਼ਿਆਦਾ ਬਿਜਲੀ ਦੀ ਖਪਤ ਕਰਦੇ ਹਨ ਬਲਕਿ ਵਾਤਾਵਰਣ ਨੂੰ ਵੀ ਪ੍ਰਭਾਵਿਤ ਕਰਦੇ ਹਨ। ਬੀਈਈ (ਊਰਜਾ ਕੁਸ਼ਲਤਾ ਬਿਊਰੋ) ਦਾ ਕਹਿਣਾ ਹੈ ਕਿ ਜੇਕਰ ਕੋਈ ਖਪਤਕਾਰ ਆਪਣੇ ਪੁਰਾਣੇ ਏਸੀ ਨੂੰ 5-ਸਟਾਰ ਮਾਡਲ ਨਾਲ ਬਦਲਦਾ ਹੈ, ਤਾਂ ਉਹ ਸਾਲਾਨਾ ₹ 6,300 ਤੱਕ ਦੀ ਬਚਤ ਕਰ ਸਕਦਾ ਹੈ।

ਇਹ ਸਕੀਮ ਕਿਵੇਂ ਕੰਮ ਕਰੇਗੀ?ਸਰਕਾਰ ਇਸ ਯੋਜਨਾ ਨੂੰ ਆਸਾਨ ਤੇ ਕਿਫਾਇਤੀ ਬਣਾਉਣ ਲਈ ਕਈ ਉਪਾਵਾਂ 'ਤੇ ਵਿਚਾਰ ਕਰ ਰਹੀ ਹੈ। ਇਸ ਵਿੱਚ ਪਹਿਲਾ ਕਦਮ ਰੀਸਾਈਕਲਿੰਗ ਸਰਟੀਫਿਕੇਟ ਪ੍ਰਦਾਨ ਕਰਨਾ ਹੈ। ਖਪਤਕਾਰ ਆਪਣਾ ਪੁਰਾਣਾ ਏਸੀ ਕਿਸੇ ਪ੍ਰਮਾਣਿਤ ਰੀਸਾਈਕਲਰ ਨੂੰ ਦੇ ਕੇ ਸਰਟੀਫਿਕੇਟ ਪ੍ਰਾਪਤ ਕਰ ਸਕਦੇ ਹਨ, ਜਿਸ ਨੂੰ ਨਵਾਂ 5-ਸਟਾਰ ਏਸੀ ਖਰੀਦਣ ਵੇਲੇ ਵਿਕਰੇਤਾ ਤੋਂ ਕੁਝ ਛੋਟ ਮਿਲੇਗੀ।

ਦੂਜੀ ਸਕੀਮ ਨਿਰਮਾਤਾ ਦੁਆਰਾ ਦਿੱਤੀ ਜਾਣ ਵਾਲੀ ਛੋਟ ਹੈ ਜਿਸ ਵਿੱਚ ਕੰਪਨੀਆਂ ਪੁਰਾਣੇ ਏਸੀ ਨੂੰ ਐਕਸਚੇਂਜ ਕਰਕੇ ਖਰੀਦਣ 'ਤੇ ਛੋਟ ਦੇ ਸਕਦੀਆਂ ਹਨ। ਇਸ ਤੋਂ ਇਲਾਵਾ, ਸਰਕਾਰ ਬਿਜਲੀ ਕੰਪਨੀਆਂ ਦੇ ਸਹਿਯੋਗ ਨਾਲ ਬਿੱਲਾਂ ਵਿੱਚ ਛੋਟ ਜਾਂ ਕ੍ਰੈਡਿਟ ਦੇਣ ਦੇ ਵਿਕਲਪ ਦੀ ਵੀ ਪੜਚੋਲ ਕਰ ਰਹੀ ਹੈ। ਦੱਸ ਦਈਏ ਕਿ ਦਿੱਲੀ ਵਿੱਚ BSES ਪਹਿਲਾਂ ਹੀ ਇੱਕ ਸਕੀਮ ਚਲਾ ਰਿਹਾ ਹੈ ਜਿਸ ਵਿੱਚ ਪੁਰਾਣੇ ਘੱਟ ਦਰਜੇ ਵਾਲੇ AC ਨੂੰ ਬਦਲਣ 'ਤੇ 60% ਤੱਕ ਦੀ ਛੋਟ ਦਿੱਤੀ ਜਾ ਰਹੀ ਹੈ। ਖਪਤਕਾਰ ਤਿੰਨ ਏਸੀ ਬਦਲ ਸਕਦੇ ਹਨ।