Meta ਨੇ ਸੋਸ਼ਲ ਮੀਡੀਆ ਪਲੇਟਫਾਰਮ Facebook 'ਤੇ ਠੱਗੀ ਕਰਕੇ ਲੋਕਾਂ ਨੂੰ ਨਿਵੇਸ਼ ਦੇ ਨਾਂ 'ਤੇ ਫਸਾਉਣ ਵਾਲਿਆਂ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ। ਕੰਪਨੀ ਨੇ ਦੱਸਿਆ ਕਿ ਉਸਨੇ 23,000 ਤੋਂ ਵੱਧ ਫਰਜ਼ੀ ਅਕਾਊਂਟ ਅਤੇ ਪੇਜ ਹਟਾ ਦਿੱਤੇ ਹਨ ਜੋ ਭਾਰਤ ਅਤੇ ਬ੍ਰਾਜ਼ੀਲ ਦੇ ਯੂਜ਼ਰਾਂ ਨੂੰ ਨਿਸ਼ਾਨਾ ਬਣਾ ਰਹੇ ਸਨ।

ਇਹ ਠੱਗ ਲੋਕਾਂ ਨੂੰ ਠੱਗਣ ਲਈ ਮਸ਼ਹੂਰ YouTubers, ਕ੍ਰਿਕਟਰਾਂ ਅਤੇ ਵਪਾਰਕ ਹਸਤੀਆਂ ਦੇ ਨਕਲੀ ਵੀਡੀਓ (Deepfakes) ਬਣਾਉਂਦੇ ਸਨ। ਇਨ੍ਹਾਂ ਵੀਡੀਓਜ਼ 'ਚ ਦਿਖਾਇਆ ਜਾਂਦਾ ਸੀ ਕਿ ਜਿਵੇਂ ਇਹ ਹਸਤੀਆਂ ਕੁਝ ਖਾਸ ਨਿਵੇਸ਼ ਐਪਸ ਅਤੇ ਜੂਏ ਦੀਆਂ ਵੈਬਸਾਈਟਾਂ ਦਾ ਪ੍ਰਚਾਰ ਕਰ ਰਹੀਆਂ ਹੋਣ।

ਲੋਕਾਂ ਨੂੰ ਕਿਵੇਂ ਫਸਾਇਆ ਜਾਂਦਾ ਸੀ?

ਸਭ ਤੋਂ ਪਹਿਲਾਂ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਲੋਕਾਂ ਨੂੰ "ਤੁਰੰਤ ਪੈਸਾ ਕਮਾਉਣ" ਵਾਲੇ ਆਫਰ ਵਿਖਾਏ ਜਾਂਦੇ ਸਨ। ਫਿਰ ਉਨ੍ਹਾਂ ਨੂੰ WhatsApp ਜਾਂ Telegram ਵਰਗੀਆਂ ਚੈਟਿੰਗ ਐਪਸ 'ਤੇ ਲੈ ਜਾਇਆ ਜਾਂਦਾ ਸੀ, ਜਿੱਥੇ ਉਨ੍ਹਾਂ ਨੂੰ ਨਿਵੇਸ਼ ਕਰਨ ਦੀ ਸਲਾਹ ਦਿੱਤੀ ਜਾਂਦੀ ਸੀ। ਇਸ ਤੋਂ ਬਾਅਦ, ਉਨ੍ਹਾਂ ਨੂੰ ਇੱਕ ਨਕਲੀ ਵੈਬਸਾਈਟ 'ਤੇ ਭੇਜਿਆ ਜਾਂਦਾ ਸੀ ਜੋ Google Play Store ਵਰਗੀ ਲੱਗਦੀ ਸੀ, ਤੇ ਉੱਥੇ ਉਨ੍ਹਾਂ ਨੂੰ ਜੂਏ ਜਾਂ ਨਕਲੀ ਨਿਵੇਸ਼ ਐਪ ਡਾਊਨਲੋਡ ਕਰਨ ਲਈ ਕਿਹਾ ਜਾਂਦਾ ਸੀ।

Meta ਨੇ ਕਿਹਾ ਕਿ: "ਇਹ ਠੱਗ ਲੋਕਾਂ ਨੂੰ ਝੂਠੀਆਂ ਯੋਜਨਾਵਾਂ 'ਚ ਪੈਸਾ ਲਗਾਉਣ ਦਾ ਲਾਲਚ ਦਿੰਦੇ ਹਨ, ਜਿਵੇਂ ਕਿ ਕਰਿਪਟੋਕਰੰਸੀ, ਸ਼ੇਅਰ ਮਾਰਕੀਟ ਜਾਂ ਰੀਅਲ ਅਸਟੇਟ ਵਿੱਚ ਵੱਡੇ ਰਿਟਰਨ ਦਾ ਝਾਂਸਾ ਦਿੱਤਾ ਜਾਂਦਾ ਹੈ।"

ਕੰਪਨੀ ਨੇ ਇਹ ਵੀ ਦੱਸਿਆ ਕਿ ਕਈ ਠੱਗ 'Facebook Marketplace' 'ਤੇ ਵੀ ਐਕਟਿਵ ਸਨ। ਇਹ ਲੋਕ ਆਪਣੇ ਆਪ ਨੂੰ ਅਸਲੀ ਵਿਕਰੇਤਾ ਵਜੋਂ ਦਰਸਾ ਕੇ ਲੋਕਾਂ ਤੋਂ ਅਗਾਊਂ ਭੁਗਤਾਨ ਲੈ ਲੈਂਦੇ ਸਨ। ਇੱਕ ਹੋਰ ਟ੍ਰਿਕ ਵਿੱਚ ਇਹ ਠੱਗ ਕਿਸੇ ਚੀਜ਼ ਲਈ ਜਾਣ ਬੁੱਝ ਕੇ ਵੱਧ ਪੈਸੇ ਭੇਜ ਦਿੰਦੇ ਹਨ ਅਤੇ ਫਿਰ ਰਿਫੰਡ ਦੀ ਮੰਗ ਕਰਦੇ ਹਨ। ਬਾਅਦ ਵਿੱਚ, ਅਸਲ ਭੁਗਤਾਨ ਨੂੰ ਰੱਦ ਕਰ ਦਿੰਦੇ ਹਨ ਅਤੇ ਦੋਹਾਂ ਰਕਮਾਂ ਲੈ ਕੇ ਭੱਜ ਜਾਂਦੇ ਹਨ।

Meta ਨੇ ਕੀ ਕਦਮ ਚੁੱਕੇ?

Meta ਨੇ ਕਿਹਾ ਕਿ ਹੁਣ ਉਹ ਆਪਣੇ ਪਲੇਟਫਾਰਮ 'ਤੇ ਸੁਰੱਖਿਆ ਤੇ ਨਿਗਰਾਨੀ ਵਧਾ ਰਿਹਾ ਹੈ। ਜੇ ਕੋਈ ਅਕਾਊਂਟ ਸ਼ੱਕੀ ਲੱਗੇ ਜਾਂ ਕੋਈ ਯੂਜ਼ਰ ਡਿਲਿਵਰੀ ਤੋਂ ਪਹਿਲਾਂ ਅਗਾਊਂ ਭੁਗਤਾਨ ਮੰਗੇ, ਤਾਂ ਉਸ ਯੂਜ਼ਰ ਨੂੰ ਤੁਰੰਤ ਚੇਤਾਵਨੀ ਦਿੱਤੀ ਜਾਵੇਗੀ।

ਇਸਦੇ ਨਾਲ ਨਾਲ, ਸੈਲੀਬ੍ਰਿਟੀਆਂ ਦੇ ਨਾਂ 'ਤੇ ਚੱਲ ਰਹੇ ਠੱਗੀ ਵਾਲੇ ਸਕੈਮਾਂ ਨੂੰ ਫੜਨ ਲਈ ਕੰਪਨੀ ਹੁਣ ਚਿਹਰਾ ਪਹਿਚਾਣ ਵਾਲੀ ਤਕਨਾਲੋਜੀ (Facial Recognition) ਦੀ ਵਰਤੋਂ ਕਰ ਰਹੀ ਹੈ। ਇਹ ਪਛਾਣ ਪ੍ਰਕਿਰਿਆ Optional ਹੈ, ਜਿਸਨੂੰ ਯੂਜ਼ਰ ਆਪਣੀ ਮਰਜ਼ੀ ਨਾਲ ਚਾਲੂ ਕਰ ਸਕਦੇ ਹਨ।

ਸਰਕਾਰ ਨਾਲ ਮਿਲਕੇ ਕਰ ਰਿਹਾ ਕੰਮ

Meta ਨੇ ਦੱਸਿਆ ਕਿ ਉਹ ਭਾਰਤ ਸਰਕਾਰ ਦੀਆਂ ਕਈ ਏਜੰਸੀਆਂ ਜਿਵੇਂ ਕਿ ਦੂਰਸੰਚਾਰ ਵਿਭਾਗ (DoT), ਉਪਭੋਗਤਾ ਮਾਮਲੇ ਵਿਭਾਗ (DoCA) ਅਤੇ ਭਾਰਤੀ ਸਾਇਬਰ ਕਰਾਈਮ ਸੈਲ (I4C) ਨਾਲ ਮਿਲ ਕੇ ਆਨਲਾਈਨ ਸੁਰੱਖਿਆ ਅਤੇ ਡਿਜ਼ੀਟਲ ਜਾਗਰੂਕਤਾ ਨੂੰ ਵਧਾ ਰਹੀ ਹੈ।

ਕੰਪਨੀ ਨੇ ਦੇਸ਼ ਦੇ 7 ਰਾਜਾਂ ਵਿੱਚ ਪੁਲਿਸ ਅਤੇ ਹੋਰ ਅਧਿਕਾਰੀਆਂ ਨੂੰ ਠੱਗੀ ਵਿਰੁੱਧ ਜਾਗਰੂਕਤਾ ਅਤੇ ਕਾਰਵਾਈ ਸਬੰਧੀ ਟ੍ਰੇਨਿੰਗ ਵਰਕਸ਼ਾਪਾਂ ਵੀ ਕਰਵਾਈਆਂ ਹਨ।