New Rules 2025: ਅੱਜ 1 ਜਨਵਰੀ 2025 ਤੋਂ ਟੈਲੀਕਾਮ ਕੰਪਨੀਆਂ (New Telecom Rule) ਲਈ ਕਈ ਮਹੱਤਵਪੂਰਨ ਨਿਯਮ ਬਦਲਣ ਜਾ ਰਹੇ ਹਨ। ਕੁਝ ਦਿਨ ਪਹਿਲਾਂ ਦੂਰਸੰਚਾਰ ਵਿਭਾਗ (DoT) ਨੇ ਕੁਝ ਨਵੇਂ ਕਾਨੂੰਨ ਬਣਾਏ ਸਨ, ਜਿਨ੍ਹਾਂ 'ਚੋਂ ਕੁਝ ਕਾਨੂੰਨ ਤਾਂ 2024 'ਚ ਹੀ ਲਾਗੂ ਹੋ ਗਏ ਸਨ ਪਰ ਕੁਝ ਕਾਨੂੰਨ ਹੁਣ ਨਵੇਂ ਸਾਲ ਤੋਂ ਲਾਗੂ ਹੋਣ ਜਾ ਰਹੇ ਹਨ। ਸਾਰੀਆਂ ਕੰਪਨੀਆਂ ਨੂੰ ਟੈਲੀਕਾਮ ਐਕਟ ਵਿੱਚ ਸ਼ਾਮਲ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। ਇਨ੍ਹਾਂ ਨਿਯਮਾਂ ਨੂੰ ਲਾਗੂ ਕਰਨ ਪਿੱਛੇ DOT ਦਾ ਉਦੇਸ਼ ਟੈਲੀਕਾਮ ਕੰਪਨੀਆਂ ਦੀ ਸਰਵਿਸ ਨੂੰ ਬਿਹਤਰ ਬਣਾਉਣਾ ਹੈ। ਅੱਜ ਯਾਨੀ 1 ਜਨਵਰੀ 2025 ਤੋਂ ਕੀ ਬਦਲਾਅ ਹੋਣ ਵਾਲਾ ਹੈ? ਆਓ ਜਾਣਦੇ ਹਾਂ।
1 ਜਨਵਰੀ, 2025 ਤੋਂ ਰਾਈਟ ਆਫ ਵੇ (RoW) ਨਿਯਮ ਲਾਗੂ ਹੋ ਰਿਹਾ ਹੈ। ਇਸ ਨੂੰ ਸਤੰਬਰ 'ਚ ਟੈਲੀਕਾਮ ਐਕਟ 'ਚ ਸ਼ਾਮਲ ਕੀਤਾ ਗਿਆ ਸੀ ਪਰ ਇਹ ਨਿਯਮ ਅੱਜ ਤੋਂ ਲਾਗੂ ਹੋਣ ਜਾ ਰਿਹਾ ਹੈ। ਟਰਾਈ ਨੇ ਸਾਫ ਤੌਰ 'ਤੇ ਕਿਹਾ ਹੈ ਕਿ ਸਾਰੀਆਂ ਕੰਪਨੀਆਂ ਨੂੰ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ।
ਨਵੇਂ ਨਿਯਮਾਂ ਤਹਿਤ ਕੰਪਨੀਆਂ ਨੂੰ ਆਪਟੀਕਲ ਫਾਈਬਰ ਲਾਈਨ ਅਤੇ ਨਵੇਂ ਮੋਬਾਈਲ ਟਾਵਰ ਲਗਾਉਣ 'ਤੇ ਧਿਆਨ ਦੇਣਾ ਹੋਵੇਗਾ। Dot ਨੇ ਕਿਹਾ ਕਿ ਨਵੇਂ ਨਿਯਮ 1 ਜਨਵਰੀ ਤੋਂ ਸਾਰੀਆਂ ਕੰਪਨੀਆਂ 'ਤੇ ਲਾਗੂ ਹੋਣਗੇ। ਰਾਈਟ ਆਫ ਵੇ (RoW) ਨਿਯਮਾਂ ਨੂੰ ਲਾਗੂ ਕਰਨ ਨਾਲ ਕੰਪਨੀਆਂ ਨੂੰ ਆਪਣੀ ਸਰਵਿਸ ਨੂੰ ਬਿਹਤਰ ਬਣਾਉਣ ਵਿੱਚ ਮਦਦ ਮਿਲੇਗੀ। ਨਵਾਂ ਨਿਯਮ ਦੱਸਦਾ ਹੈ ਕਿ Jio, Airtel, Voda, BSNL ਵਰਗੀਆਂ ਟੈਲੀਕਾਮ ਕੰਪਨੀਆਂ ਨਵੇਂ ਮੋਬਾਈਲ ਟਾਵਰ ਕਿੱਥੇ ਲਗਾ ਸਕਦੀਆਂ ਹਨ।
ਬਦਲ ਜਾਵੇਗਾ ਬਹੁਤ ਕੁਝ
ਇਹ ਵੀ ਕਿਹਾ ਗਿਆ ਹੈ ਕਿ ਹੁਣ ਟੈਲੀਕਾਮ ਕੰਪਨੀਆਂ ਨੂੰ ਮੋਬਾਈਲ ਟਾਵਰ ਲਗਾਉਣ ਲਈ ਜ਼ਿਆਦਾ ਪਰੇਸ਼ਾਨੀ ਨਹੀਂ ਕਰਨੀ ਪਵੇਗੀ। ਪਹਿਲਾਂ ਮੋਬਾਈਲ ਟਾਵਰ ਲਗਾਉਣ ਲਈ ਕੰਪਨੀਆਂ ਨੂੰ ਕਈ ਥਾਵਾਂ ਤੋਂ ਮਨਜ਼ੂਰੀ ਲੈਣੀ ਪੈਂਦੀ ਸੀ ਪਰ ਹੁਣ ਉਨ੍ਹਾਂ ਨੂੰ ਸਿਰਫ਼ ਇੱਕ ਥਾਂ ਤੋਂ ਹੀ ਇਜਾਜ਼ਤ ਲੈਣੀ ਪੈਂਦੀ ਹੈ। ਇਹ ਨਿਯਮ ਜਨਤਾ ਅਤੇ ਕੰਪਨੀਆਂ ਨੂੰ ਧਿਆਨ 'ਚ ਰੱਖ ਕੇ ਬਣਾਏ ਗਏ ਹਨ।
ਟੈਲੀਕਾਮ ਆਪਰੇਟਰਾਂ ਨੇ ਕੀਤੀ ਸੀ ਬੇਨਤੀ
ਨਵਾਂ RoW ਨਿਯਮ ਪਾਰਦਰਸ਼ਤਾ ਅਤੇ ਕੁਸ਼ਲਤਾ ਪ੍ਰਦਾਨ ਕਰਨ ਲਈ ਡਿਜੀਟਲ ਰਿਕਾਰਡਾਂ ਨੂੰ ਕਾਇਮ ਰੱਖਣ ਦੀ ਪ੍ਰਕਿਰਿਆ ਨੂੰ ਸਰਲ ਬਣਾਉਂਦਾ ਹੈ। ਕੁਝ ਦਿਨ ਪਹਿਲਾਂ, ਟੈਲੀਕਾਮ ਆਪਰੇਟਰਾਂ ਨੇ ਸਰਕਾਰ ਨੂੰ RoW ਨਿਯਮਾਂ ਨੂੰ ਲਾਗੂ ਕਰਨ ਦੀ ਅਪੀਲ ਕੀਤੀ ਸੀ। ਉਨ੍ਹਾਂ ਕਿਹਾ ਕਿ ਇਸ ਨਿਯਮ ਨਾਲ ਪਾਰਦਰਸ਼ਤਾ ਆਵੇਗੀ ਅਤੇ ਕੁਸ਼ਲਤਾ ਵਿੱਚ ਵੀ ਸੁਧਾਰ ਹੋਵੇਗਾ।