ਨਵੀਂ ਦਿੱਲੀ: ਟੈਲੀਕਾਮ ਉਪਕਰਣਾਂ ਦੀ ਪ੍ਰਮੁੱਖ ਨਿਰਮਾਤਾ ਨੋਕੀਆ ਨੂੰ 5G ਨੈੱਟਵਰਕ ਦੀ ਤਿਆਰੀ ਲਈ ਭਾਰਤੀ ਏਅਰਟੈਲ ਤੋਂ 7,500 ਕਰੋੜ ਰੁਪਏ ਦਾ ਇਕਰਾਰਨਾਮਾ ਮਿਲਿਆ ਹੈ। ਇਸ ਤਹਿਤ ਕੰਪਨੀ ਦੇਸ਼ ਦੇ ਨੌਂ ਦੂਰਸੰਚਾਰ ਸਰਕਲਾਂ ‘ਚ ਇਹ ਨੈੱਟਵਰਕ ਤਿਆਰ ਕਰੇਗੀ।
ਭਾਰਤੀ ਏਅਰਟੈੱਲ ਨੇ ਕਿਹਾ ਕਿ ਇਸ ਸਮਝੌਤੇ ਤਹਿਤ ਨੋਕੀਆ 4ਜੀ ਸੇਵਾਵਾਂ ਲਈ ਤਿੰਨ ਲੱਖ ਬੇਸ ਸਟੇਸ਼ਨ ਬਣਾਏਗਾ, ਜਿਸ ਨੂੰ ਨੈਕਸਟ ਜਨਰੇਸ਼ਨ ਦੀਆਂ ਸੇਵਾਵਾਂ ਲਈ ਸਪੈਕਟ੍ਰਮ ਮਿਲਣ ਤੋਂ ਬਾਅਦ 5ਜੀ ਨੈੱਟਵਰਕ ‘ਚ ਅਪਗ੍ਰੇਡ ਕੀਤਾ ਜਾ ਸਕਦਾ ਹੈ।
ਭਾਰਤੀ ਏਅਰਟੈਲ ਨੇ ਇਹ ਠੇਕਾ ਨੈੱਟਵਰਕ ਦੀ ਸਮਰੱਥਾ ਤੇ ਗਾਹਕਾਂ ਦੀ ਸਹੂਲਤ ਵਿੱਚ ਸੁਧਾਰ ਲਿਆਉਣ ਲਈ ਦਿੱਤਾ ਹੈ। ਏਅਰਟੈਲ ਨੇ ਨੋਕੀਆ ਦੀ ਸਿੰਗਲ ਰੇਡੀਓ ਐਕਸੈਸ ਨੈੱਟਵਰਕ (ਐਸਆਰਏਐਨ) ਤਕਨਾਲੋਜੀ ਲਈ ਇਨ੍ਹਾਂ ਨੌਂ ਟੈਲੀਕਾਮ ਸਰਕਲਾਂ ‘ਚ ਇੱਕ ਬਹੁ-ਸਾਲਾ ਸਮਝੌਤਾ ਕਰਨ ਦਾ ਐਲਾਨ ਕੀਤਾ ਹੈ। ਸੂਤਰਾਂ ਮੁਤਾਬਕ ਇਸ ਸਮਝੌਤੇ ਦੀ ਕੀਮਤ ਕਰੀਬ 7,500 ਕਰੋੜ ਰੁਪਏ ਹੈ।
ਏਅਰਟੈਲ ਨੇ ਇੱਕ ਬਿਆਨ ‘ਚ ਕਿਹਾ ਕਿ ਇਨ੍ਹਾਂ ਉਪਕਰਣਾਂ ਰਾਹੀਂ ਇਹ ਭਵਿੱਖ ‘ਚ 5 ਜੀ ਸੇਵਾਵਾਂ ਪ੍ਰਦਾਨ ਕਰਨ ‘ਚ ਮਦਦ ਕਰੇਗਾ। ਇਸ ਦੇ ਤਹਿਤ ਏਅਰਟੈਲ ਦੇ ਇਨ੍ਹਾਂ ਨੌਂ ਸਰਕਲਾਂ ‘ਚ ਲਗਪਗ ਤਿੰਨ ਲੱਖ ਰੇਡੀਓ ਨੈੱਟਵਰਕ ਉਪਕਰਣ ਲਗਾਏ ਜਾਣਗੇ।
ਇਹ ਇਸ ਸਾਲ ਦਾ ਪਹਿਲਾ ਨੈਟਵਰਕ ਵਿਸਥਾਰ ਸੌਦਾ ਹੈ। ਅਹਿਮ ਗੱਲ ਇਹ ਹੈ ਕਿ ਲੌਕਡਾਊਨ ਦੌਰਾਨ, ਤੇਜ਼ ਰਫਤਾਰ ਵਾਲੇ ਡਾਟਾ ਦੀ ਮੰਗ ਵਿੱਚ 20 ਫੀਸਦ ਦਾ ਵਾਧਾ ਹੋਇਆ ਹੈ।
ਭਾਰਤੀ ਏਅਰਟੈਲ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਸੀਂ ਗਾਹਕਾਂ ਨੂੰ ਉੱਤਮ ਸੇਵਾਵਾਂ ਪ੍ਰਦਾਨ ਕਰਨ ਲਈ ਨਵੀਂ ਤਕਨੀਕ ਵਿੱਚ ਨਿਰੰਤਰ ਨਿਵੇਸ਼ ਕਰਨ ਲਈ ਵਚਨਬੱਧ ਹਾਂ। ਨੋਕੀਆ ਨਾਲ ਕੀਤੀ ਇਹ ਪਹਿਲ ਇਸ ਦਿਸ਼ਾ ‘ਚ ਵੱਡਾ ਕਦਮ ਹੈ।