Smartphone: ਗਰਮੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ। ਦੇਸ਼ ਦੇ ਕੁਝ ਹਿੱਸਿਆਂ ਵਿੱਚ ਗਰਮੀਆਂ ਦੌਰਾਨ ਤਾਪਮਾਨ 50 ਡਿਗਰੀ ਤੱਕ ਪਹੁੰਚ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਕਾਲਿੰਗ ਵਰਗੇ ਬੇਸਿਕ ਫੰਕਸ਼ਨਾਂ ਦੇ ਨਾਲ ਵੀ Smartphone ਗਰਮ ਹੋਣ ਲੱਗ ਜਾਂਦਾ ਹੈ। ਕੈਮਰੇ ਦੀ ਵਰਤੋਂ ਅਤੇ ਗੇਮਿੰਗ ਦੌਰਾਨ ਸਥਿਤੀ ਹੋਰ ਵੀ ਬਦਤਰ ਹੋ ਜਾਂਦੀ ਹੈ। ਜੇਕਰ ਫ਼ੋਨ ਜ਼ਿਆਦਾ ਗਰਮ ਹੋ ਜਾਂਦਾ ਹੈ, ਤਾਂ ਇਸ ਦੇ ਫਟਣ ਦਾ ਖ਼ਤਰਾ ਹੁੰਦਾ ਹੈ। ਅਜਿਹੀ ਸਥਿਤੀ ਵਿੱਚ ਕੁਝ ਟਿਪਸ ਫੋਲੋ ਕਰਕੇ ਫੋਨ ਨੂੰ ਓਵਰਹੀਟਿੰਗ ਅਤੇ ਬਲਾਸਟ ਹੋਣ ਤੋਂ ਬਚਾਇਆ ਜਾ ਸਕਦਾ ਹੈ।
ਫ਼ੋਨ ਕਿਉਂ ਫਟਦੇ ਹਨ?
ਫ਼ੋਨ ਫਟਣ ਦੇ ਕਈ ਕਾਰਨ ਹਨ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਬੈਟਰੀ ਨਾਲ ਸਬੰਧਤ ਹਨ। ਅੱਜਕੱਲ੍ਹ, ਜ਼ਿਆਦਾਤਰ ਸਮਾਰਟਫ਼ੋਨਸ ਵਿੱਚ ਲਿਥੀਅਮ-ਆਇਨ ਬੈਟਰੀਆਂ ਹੁੰਦੀਆਂ ਹਨ। ਸਕਾਰਾਤਮਕ ਅਤੇ ਨਕਾਰਾਤਮਕ ਇਲੈਕਟ੍ਰੋਡਸ ਦਾ ਸੰਤੁਲਨ ਹੁੰਦਾ ਹੈ। ਜਦੋਂ ਕੁਝ ਗੜਬੜ ਹੋ ਜਾਂਦਾ ਹੈ, ਤਾਂ ਬੈਟਰੀ ਦੇ ਅੰਦਰੂਨੀ ਹਿੱਸੇ ਟੁੱਟ ਜਾਂਦੇ ਹਨ ਅਤੇ ਇੱਕ ਪ੍ਰਤੀਕ੍ਰਿਆ ਹੁੰਦੀ ਹੈ, ਜਿਸ ਕਾਰਨ ਫ਼ੋਨ ਫੱਟ ਸਕਦਾ ਹੈ। ਜਦੋਂ ਫ਼ੋਨ ਦੀ ਬੈਟਰੀ ਗਰਮ ਹੋ ਜਾਂਦੀ ਹੈ, ਤਾਂ ਥਰਮਲ ਰਨਅਵੇਅ ਨਾਮਕ ਇੱਕ ਚੇਨ ਰਿਐਕਸ਼ਨ ਹੁੰਦੀ ਹੈ, ਜਿਸ ਕਾਰਨ ਬੈਟਰੀ ਦਾ ਤਾਪਮਾਨ ਹੋਰ ਵੱਧ ਜਾਂਦਾ ਹੈ ਅਤੇ ਇਹ ਫਟ ਵੀ ਸਕਦੀ ਹੈ।
ਗਰਮੀਆਂ ਵਿੱਚ ਆਪਣੇ ਫ਼ੋਨ ਨੂੰ ਠੰਡਾ ਕਿਵੇਂ ਰੱਖੀਏ?
ਗਰਮੀਆਂ ਵਿੱਚ ਫ਼ੋਨ ਹਾਈ ਟੈਮਪਰੇਚਰ ਕਰਕੇ ਜਲਦੀ ਗਰਮ ਹੋ ਜਾਂਦਾ ਹੈ। ਇਸ ਲਈ ਬਹੁਤ ਜ਼ਿਆਦਾ ਗਰਮੀ ਦੌਰਾਨ ਫ਼ੋਨ ਦੀ ਵਰਤੋਂ ਕਰਨ ਤੋਂ ਬਚੋ। ਗਰਮ ਤਾਪਮਾਨ ਵਿੱਚ ਭਾਰੀ ਕੰਮ ਕਰਨ ਨਾਲ ਫ਼ੋਨ ਦਾ ਪ੍ਰੋਸੈਸਰ ਗਰਮ ਹੋ ਜਾਂਦਾ ਹੈ, ਜੋ ਨਾ ਸਿਰਫ਼ ਇਸ ਦੀ ਕਾਰਗੁਜ਼ਾਰੀ ਨੂੰ ਪ੍ਰਭਾਵਿਤ ਕਰਦਾ ਹੈ, ਬਲਕਿ ਇਸ ਦੇ ਫਟਣ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਇਸ ਲਈ, ਉੱਚ ਤਾਪਮਾਨ ਦੌਰਾਨ ਲੋੜ ਅਨੁਸਾਰ ਹੀ ਫ਼ੋਨ ਦੀ ਵਰਤੋਂ ਕਰੋ। ਇਸ ਤੋਂ ਇਲਾਵਾ, ਫ਼ੋਨ ਨੂੰ ਸਿੱਧੇ ਧੁੱਪ ਵਿੱਚ ਨਾ ਰੱਖੋ।
ਫ਼ੋਨ ਨੂੰ ਜ਼ਿਆਦਾ ਗਰਮ ਹੋਣ ਤੋਂ ਬਚਾਉਣ ਲਈ ਚਾਰਜਿੰਗ ਦੌਰਾਨ ਕੁਝ ਸਾਵਧਾਨੀਆਂ ਵਰਤਣ ਦੀ ਲੋੜ ਹੁੰਦੀ ਹੈ। ਚਾਰਜਿੰਗ ਕਰਦੇ ਸਮੇਂ ਫ਼ੋਨ ਨੂੰ ਕਦੇ ਵੀ ਢੱਕ ਕੇ ਨਾ ਰੱਖੋ। ਇਸ ਤੋਂ ਇਲਾਵਾ, ਫ਼ੋਨ ਨੂੰ ਰਾਤ ਭਰ ਚਾਰਜਿੰਗ 'ਤੇ ਨਾ ਛੱਡੋ। ਬੈਟਰੀ ਦੀ ਲੰਬੀ ਉਮਰ ਲਈ ਅਤੇ ਧਮਾਕੇ ਤੋਂ ਬਚਣ ਲਈ ਹਮੇਸ਼ਾ ਚੰਗੀ ਕੁਆਲਿਟੀ ਦੇ ਚਾਰਜਰ ਅਤੇ ਕੇਬਲ ਦੀ ਵਰਤੋਂ ਕਰੋ। ਘੱਟ ਕੁਆਲਿਟੀ ਦੇ ਪ੍ਰੋਡਕਟ ਸਸਤੇ ਭਾਅ 'ਤੇ ਉਪਲਬਧ ਹੋ ਸਕਦੇ ਹਨ, ਪਰ ਇਨ੍ਹਾਂ ਨਾਲ ਵੱਡਾ ਨੁਕਸਾਨ ਹੋ ਸਕਦਾ ਹੈ।