ਦੇਸ਼ ਵਿੱਚ ਸਮਾਰਟਫੋਨ ਵਰਤਣ ਵਾਲਿਆਂ ਦੀ ਗਿਣਤੀ ਕਰੋੜਾਂ ਵਿੱਚ ਹੈ ਅਤੇ ਇਹ ਉਨ੍ਹਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਚੁੱਕਾ ਹੈ। ਅੱਜ ਸਮਾਰਟਫੋਨ ਵਿੱਚ ਬੈਂਕ ਅਕਾਊਂਟ, ਸੋਸ਼ਲ ਮੀਡੀਆ ਅਕਾਊਂਟ, ਪ੍ਰਾਈਵੇਟ ਫੋਟੋਆਂ ਸਮੇਤ ਬਹੁਤ ਸਾਰਾ ਜਰੂਰੀ ਡੇਟਾ ਸਟੋਰ ਹੁੰਦਾ ਹੈ। ਪੈਸਿਆਂ ਦਾ ਲੈਣ-ਦੇਣ ਹੋਵੇ ਜਾਂ ਕੋਈ ਨਿੱਜੀ ਗੱਲਾਂ, ਅੱਜਕੱਲ੍ਹ ਸਾਰਾ ਕੁਝ ਸਮਾਰਟਫੋਨ ਰਾਹੀਂ ਹੀ ਹੁੰਦਾ ਹੈ। ਇਸੀ ਕਾਰਨ ਹੈਕਰਾਂ ਦੀ ਵੀ ਇਸ 'ਤੇ ਨਜ਼ਰ ਰਹਿੰਦੀ ਹੈ। ਯੂਜ਼ਰ ਦੀ ਛੋਟੀ ਜਿਹੀ ਗਲਤੀ ਨਾਲ ਹੈਕਰ ਪੈਸੇ ਤੋਂ ਲੈ ਕੇ ਸੰਵੇਦਨਸ਼ੀਲ ਜਾਣਕਾਰੀ ਤੱਕ ਸਭ ਚੀਜ਼ ਚੋਰੀ ਕਰ ਸਕਦੇ ਹਨ। ਇਸ ਲਈ ਸਮਾਰਟਫੋਨ ਨੂੰ ਹੈਕਿੰਗ ਤੋਂ ਬਚਾਉਣ ਲਈ ਹੇਠ ਦਿੱਤੀਆਂ ਟਿਪਸ ਜ਼ਰੂਰ ਫਾਲੋ ਕਰੋ।
ਮਜ਼ਬੂਤ ਪਾਸਵਰਡ ਰੱਖੋ
ਹੈਕਿੰਗ ਤੋਂ ਬਚਣ ਲਈ ਹਮੇਸ਼ਾ ਮਜ਼ਬੂਤ ਪਾਸਵਰਡ ਦੀ ਵਰਤੋਂ ਕਰੋ। ਚਾਹੇ ਗੱਲ ਸਮਾਰਟਫੋਨ ਦੀ ਹੋਵੇ, ਬੈਂਕ ਅਕਾਊਂਟ ਦੀ ਹੋਵੇ ਜਾਂ ਸੋਸ਼ਲ ਮੀਡੀਆ ਅਕਾਊਂਟ ਦੀ, ਮਜ਼ਬੂਤ ਪਾਸਵਰਡ ਹੈਕ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ। ਇਸ ਲਈ ਆਪਣੇ ਪਾਸਵਰਡ ਵਿੱਚ ਅਪਰਕੇਸ ਲੈਟਰ, ਲੋਅਰਕੇਸ ਲੈਟਰ, ਨੰਬਰ ਅਤੇ ਸਪੈਸ਼ਲ ਕੈਰੇਕਟਰ ਵਰਤੋਂ। ਨਾਲ ਹੀ, ਟੂ-ਫੈਕਟਰ ਔਥੈਂਟਿਕੇਸ਼ਨ ਵੀ ਐਨੇਬਲ ਰੱਖੋ। ਇਹ ਤੁਹਾਡੇ ਅਕਾਊਂਟ ਨੂੰ ਸੁਰੱਖਿਆ ਦੀ ਇੱਕ ਹੋਰ ਲੇਅਰ ਦਿੰਦਾ ਹੈ।
ਫੋਨ ਅਤੇ ਐਪਸ ਨੂੰ ਨਿਯਮਤ ਅੱਪਡੇਟ ਕਰੋ
ਸੁਰੱਖਿਆ ਲਈ ਆਪਣੇ ਫੋਨ ਅਤੇ ਐਪਸ ਨੂੰ ਨਿਯਮਤ ਅੱਪਡੇਟ ਕਰਦੇ ਰਹੋ। ਇਸ ਨਾਲ ਐਪਸ ਅਤੇ ਓਪਰੇਟਿੰਗ ਸਿਸਟਮ ਵਿੱਚ ਆਈ ਸੁਰੱਖਿਆ ਦੀਆਂ ਖਾਮੀਆਂ ਦੂਰ ਹੋ ਜਾਂਦੀਆਂ ਹਨ। ਜੇ ਫੋਨ ਨੂੰ ਸਮੇਂ ਸਿਰ ਅੱਪਡੇਟ ਨਾ ਕੀਤਾ ਜਾਵੇ ਤਾਂ ਹੈਕਰਾਂ ਲਈ ਇਸ ਵਿੱਚ ਸੇਂਧ ਲਾਉਣਾ ਆਸਾਨ ਹੋ ਜਾਂਦਾ ਹੈ।
ਪਬਲਿਕ ਵਾਈ-ਫਾਈ ਦੇ ਲਾਲਚ ਵਿੱਚ ਨਾ ਆਓ
ਜੇ ਤੁਹਾਨੂੰ ਕਿਸੇ ਰੇਲਵੇ ਸਟੇਸ਼ਨ, ਪਾਰਕ ਜਾਂ ਕੈਫੇ ਆਦਿ ਵਿੱਚ ਫਰੀ ਵਾਈ-ਫਾਈ ਮਿਲ ਰਿਹਾ ਹੈ, ਤਾਂ ਇਸਦੇ ਲਾਲਚ ਵਿੱਚ ਨਾ ਆਓ। ਦਰਅਸਲ, ਪਬਲਿਕ ਵਾਈ-ਫਾਈ 'ਤੇ ਲੋਕਾਂ ਨੂੰ ਨਿਸ਼ਾਨਾ ਬਣਾਉਣਾ ਹੈਕਰਾਂ ਲਈ ਬਹੁਤ ਆਸਾਨ ਹੁੰਦਾ ਹੈ। ਇਸ ਲਈ ਕਦੇ ਵੀ ਪਬਲਿਕ ਵਾਈ-ਫਾਈ 'ਤੇ ਆਨਲਾਈਨ ਟ੍ਰਾਂਜ਼ੈਕਸ਼ਨ ਜਾਂ ਸ਼ਾਪਿੰਗ ਨਾ ਕਰੋ।
ਸਿਰਫ ਭਰੋਸੇਮੰਦ ਸੋਰਸ ਤੋਂ ਐਪਸ ਡਾਊਨਲੋਡ ਕਰੋ
ਐਪ ਡਾਊਨਲੋਡ ਕਰਨ ਲਈ ਹਮੇਸ਼ਾ ਭਰੋਸੇਮੰਦ ਸੋਰਸ ਵਰਤੋਂ। ਕਦੇ ਵੀ ਸੋਸ਼ਲ ਮੀਡੀਆ ਜਾਂ ਅਣਜਾਣ ਵਿਅਕਤੀ ਤੋਂ ਮਿਲੇ ਲਿੰਕ 'ਤੇ ਕਲਿੱਕ ਕਰ ਕੇ ਕੋਈ ਐਪ ਡਾਊਨਲੋਡ ਨਾ ਕਰੋ। ਕਈ ਵਾਰੀ ਹੈਕਰ ਅਸਲੀ ਵਰਗੀਆਂ ਮਾਲਵੇਅਰ ਵਾਲੀਆਂ ਨਕਲੀ ਐਪਸ ਬਣਾ ਲੈਂਦੇ ਹਨ। ਐਪ ਇੰਸਟਾਲ ਕਰਦੇ ਹੀ ਫੋਨ ਦਾ ਸਾਰਾ ਡੇਟਾ ਹੈਕਰਾਂ ਦੇ ਹੱਥ ਲੱਗ ਸਕਦਾ ਹੈ। ਇਸ ਲਈ ਹਮੇਸ਼ਾ ਗੂਗਲ ਪਲੇ ਸਟੋਰ ਜਾਂ ਐਪਲ ਐਪ ਸਟੋਰ ਵਰਗੇ ਭਰੋਸੇਮੰਦ ਸੋਰਸ ਤੋਂ ਐਪਸ ਡਾਊਨਲੋਡ ਕਰੋ।