Samsung Galaxy A Series: ਸੈਮਸੰਗ ਗਲੈਕਸੀ ਏ ਸੀਰੀਜ਼ ਦੇ ਸਮਾਰਟਫੋਨਜ਼ 'ਚ ਜ਼ਿਆਦਾਤਰ ਕਵਾਡ ਕੈਮਰਾ ਸੈੱਟਅਪ ਮੌਜੂਦ ਹੈ ਪਰ ਹੁਣ ਕਿਹਾ ਜਾ ਰਿਹਾ ਹੈ ਕਿ ਕੰਪਨੀ ਇਸ ਫਾਰਮੈਟ ਨੂੰ ਬਦਲ ਸਕਦੀ ਹੈ। ਇੱਕ ਮੀਡੀਆ ਰਿਪੋਰਟ ਰਾਹੀਂ ਪਤਾ ਲੱਗਾ ਹੈ ਕਿ ਸੈਮਸੰਗ ਆਪਣੇ ਨਵੇਂ ਗਲੈਕਸੀ ਏ ਸੀਰੀਜ਼ ਸਮਾਰਟਫੋਨ 'ਚ ਕਵਾਡ ਦੀ ਬਜਾਏ ਟ੍ਰਿਪਲ ਕੈਮਰਾ ਸੈੱਟਅਪ ਦੇਵੇਗੀ। ਮੀਡੀਆ ਰਿਪੋਰਟਾਂ ਮੁਤਾਬਕ ਸੈਮਸੰਗ ਅਗਲੇ ਸਾਲ 2023 ਦੀ ਗਲੈਕਸੀ ਏ ਸੀਰੀਜ਼ ਦੇ 3 ਸਮਾਰਟਫੋਨਸ ਤੋਂ ਡੈਪਥ ਕੈਮਰਾ ਸੈਂਸਰ ਹਟਾਉਣ ਜਾ ਰਿਹਾ ਹੈ।


Galaxy A23, Galaxy A34 ਅਤੇ Galaxy A54 ਸਮਾਰਟਫੋਨ 2023 ਸੀਰੀਜ਼ 'ਚ ਲਾਂਚ ਕੀਤੇ ਜਾ ਸਕਦੇ ਹਨ। ਕੰਪਨੀ ਇਨ੍ਹਾਂ ਤਿੰਨਾਂ ਸਮਾਰਟਫੋਨਜ਼ ਨੂੰ ਟ੍ਰਿਪਲ ਕੈਮਰਾ ਸੈੱਟਅਪ ਦੇ ਨਾਲ ਪੇਸ਼ ਕਰ ਸਕਦੀ ਹੈ। ਇਨ੍ਹਾਂ ਸਮਾਰਟਫੋਨਜ਼ ਦੇ ਰਿਅਰ ਕੈਮਰਾ ਸੈੱਟਅਪ 'ਚ ਸਿਰਫ ਵਾਈਡ ਐਂਗਲ, ਅਲਟਰਾ ਵਾਈਡ ਐਂਗਲ ਅਤੇ ਮੈਕਰੋ ਸੈਂਸਰ ਸ਼ਾਮਿਲ ਕੀਤੇ ਜਾਣਗੇ। ਰਿਪੋਰਟ ਦੇ ਮੁਤਾਬਕ, ਕੰਪਨੀ ਤਿੰਨੋਂ ਸਮਾਰਟਫੋਨ Galaxy A23, Galaxy A34 ਅਤੇ Galaxy A54 'ਚ 50 MP ਮੁੱਖ ਬੈਕ ਕੈਮਰਾ, 8 MP ਅਲਟਰਾ ਵਾਈਡ ਕੈਮਰਾ ਅਤੇ 5 MP ਮੈਕਰੋ ਕੈਮਰਾ ਦੇਣ ਦੇ ਮੂਡ 'ਚ ਹੈ। ਸੈਮਸੰਗ ਅਗਲੇ ਸਾਲ ਲਈ ਇਨ੍ਹਾਂ ਨਵੇਂ ਗਲੈਕਸੀ ਏ ਸੀਰੀਜ਼ ਦੇ ਸਮਾਰਟਫੋਨਜ਼ ਦੇ 60 ਮਿਲੀਅਨ ਤੋਂ ਵੱਧ ਯੂਨਿਟ ਤਿਆਰ ਕਰ ਰਿਹਾ ਹੈ।


ਸੈਮਸੰਗ ਨੇ ਇਹ ਨਹੀਂ ਦੱਸਿਆ ਹੈ ਕਿ ਉਹ ਇਸ ਨਵੀਂ ਸੀਰੀਜ਼ ਨੂੰ ਅਗਲੇ ਸਾਲ ਕਦੋਂ ਲਾਂਚ ਕਰੇਗੀ ਪਰ ਮੀਡੀਆ ਰਿਪੋਰਟਾਂ ਮੁਤਾਬਕ ਸੈਮਸੰਗ ਗਲੈਕਸੀ A34 ਨੂੰ ਮਾਰਚ 'ਚ ਅਤੇ Galaxy A54 ਨੂੰ ਅਪ੍ਰੈਲ 'ਚ ਪੇਸ਼ ਕੀਤਾ ਜਾ ਸਕਦਾ ਹੈ। ਇੱਕ ਮਾਰਕੀਟ ਰਿਸਰਚ ਫਰਮ ਟਰੈਂਡਫੋਰਸ ਨੇ ਕਿਹਾ ਹੈ ਕਿ ਉਪਭੋਗਤਾ ਘੱਟ ਹੀ ਡੂੰਘਾਈ ਵਾਲੇ ਸੈਂਸਰ ਕੈਮਰੇ ਦੀ ਵਰਤੋਂ ਕਰਦੇ ਹਨ। ਇਸ ਕਾਰਨ ਸੈਮਸੰਗ ਵਰਗੀ ਕੰਪਨੀ ਆਪਣੇ ਆਉਣ ਵਾਲੇ ਸਮਾਰਟਫੋਨਜ਼ ਤੋਂ ਡੂੰਘਾਈ ਵਾਲੇ ਕੈਮਰੇ ਹਟਾਉਣ ਦੀ ਯੋਜਨਾ ਬਣਾ ਰਹੀ ਹੈ। ਇਸ ਫੈਸਲੇ ਨਾਲ ਕੰਪਨੀ ਨੂੰ ਫੋਨ ਦੀ ਕੀਮਤ ਘੱਟ ਕਰਨ 'ਚ ਵੀ ਮਦਦ ਮਿਲੇਗੀ। ਜੇਕਰ ਰਿਪੋਰਟ ਸੱਚ ਸਾਬਤ ਹੁੰਦੀ ਹੈ ਤਾਂ ਸੈਮਸੰਗ ਗਲੈਕਸੀ ਏ ਸੀਰੀਜ਼ ਦੇ ਨਵੇਂ ਸਮਾਰਟਫੋਨ ਮੌਜੂਦਾ ਸਮਾਰਟਫੋਨਜ਼ ਦੇ ਮੁਕਾਬਲੇ ਸਸਤੇ ਹੋ ਸਕਦੇ ਹਨ।