ਸਾਈਬਰ ਠੱਗ ਲੋਕਾਂ ਨੂੰ ਠੱਗਣ ਲਈ ਨਿੱਤ ਨਵੇਂ ਤਰੀਕੇ ਅਪਣਾ ਰਹੇ ਹਨ। ਕਦੇ ਉਹ ਸਰਕਾਰੀ ਅਧਿਕਾਰੀ ਬਣ ਕੇ ਕਾਲ ਕਰਦੇ ਹਨ ਅਤੇ ਕਦੇ ਵਰਕ ਫਰਾਮ ਹੋਮ ਕਰਕੇ ਚੰਗੀ ਕਮਾਈ ਕਰਨ ਦਾ ਲਾਲਚ ਦੇਣ ਵਾਲਾ ਮੈਸੇਜ ਭੇਜਦੇ ਹਨ। ਹੁਣ ਟੈਲੀਕਾਮ ਰੈਗੂਲੇਟਰੀ TRAI ਨੇ ਅਜਿਹੇ ਹੀ ਇੱਕ ਸਕੈਮ ਨੂੰ ਲੈਕੇ ਲੋਕਾਂ ਨੂੰ ਅਲਰਟ ਕੀਤਾ ਹੈ। TRAI ਨੇ ਲੋਕਾਂ ਨੂੰ ਮੁਫ਼ਤ ਰੀਚਾਰਜ ਦਾ ਆਫਰ ਦੇਣ ਵਾਲੇ SMS ਤੋਂ ਸਾਵਧਾਨ ਰਹਿਣ ਲਈ ਕਿਹਾ ਹੈ। ਇਸ ਸਕੈਮ ਵਿੱਚ ਸਾਈਬਰ ਠੱਗ ਖੁਦ ਨੂੰ TRAI ਦੇ ਅਧਿਕਾਰੀ ਦੱਸ ਰਹੇ ਹਨ। ਆਓ ਇਸ ਸਕੈਮ ਬਾਰੇ ਵਿਸਥਾਰ ਵਿੱਚ ਜਾਣਦੇ ਹਾਂ।
ਫ੍ਰੀ ਰਿਚਾਰਜ ਦਾ ਵਾਅਦਾ ਕਰ ਰਹੇ ਠੱਗ
ਇਸ ਘੁਟਾਲੇ ਵਿੱਚ ਸਾਈਬਰ ਠੱਗ TRAI ਦੇ ਅਧਿਕਾਰੀ ਬਣ ਕੇ ਲੋਕਾਂ ਨੂੰ ਐਸਐਮਐਸ ਭੇਜ ਰਹੇ ਹਨ। ਇਸ ਵਿੱਚ ਲੋਕਾਂ ਨੂੰ ਮੁਫ਼ਤ ਰੀਚਾਰਜ ਕਰਵਾਉਣ ਦਾ ਲਾਲਚ ਦਿੱਤਾ ਜਾ ਰਿਹਾ ਹੈ। ਟੈਲੀਕਾਮ ਰੈਗੂਲੇਟਰ ਨੇ ਲੋਕਾਂ ਨੂੰ ਇਸ ਬਾਰੇ ਚੇਤਾਵਨੀ ਦਿੱਤੀ ਅਤੇ ਕਿਹਾ ਕਿ ਉਸ ਵਲੋਂ ਅਜਿਹਾ ਕੋਈ ਵੀ ਐਸਐਮਐਸ ਨਹੀਂ ਭੇਜਿਆ ਜਾ ਰਿਹਾ ਹੈ। ਯੂਜ਼ਰਸ ਨੂੰ ਕਿਸੇ ਵੀ ਆਫਰ ਜਾਂ ਟੈਰਿਫ ਪਲਾਨ ਦੀ ਜਾਣਕਾਰੀ ਦੇ ਲਈ ਆਪਣੀ ਟੈਲੀਕਾਮ ਕੰਪਨੀ ਦੀ ਅਧਿਕਾਰਤ ਵੈੱਬਸਾਈਟ 'ਤੇ ਜਾਣਾ ਚਾਹੀਦਾ ਹੈ।
ਡਿਵਾਈਸ ਤੱਕ ਐਕਸੈਸ ਗੁਆਉਣ ਦਾ ਡਰ
TRAI ਨੇ ਕਿਹਾ ਕਿ ਇਨ੍ਹਾਂ SMS ਨੂੰ ਯੂਜ਼ਰਸ ਦੇ ਡਿਵਾਈਸ ਦਾ ਐਕਸੈਸ ਲੈਣ ਲਈ ਬਣਾਇਆ ਗਿਆ ਹੈ। ਇੱਕ ਵਾਰ ਜਦੋਂ ਉਹ ਡਿਵਾਈਸ ਤੱਕ ਐਕਸੈਸ ਕਰ ਲੈਂਦੇ ਹਨ, ਤਾਂ ਸਾਈਬਰ ਠੱਗ ਯੂਜ਼ਰਸ ਦੀ ਨਿੱਜੀ ਅਤੇ ਸੰਵੇਦਨਸ਼ੀਲ ਜਾਣਕਾਰੀ ਇਕੱਠੀ ਕਰਦੇ ਹਨ, ਜਿਸਦੀ ਵਰਤੋਂ ਧੋਖਾਧੜੀ ਅਤੇ ਬਲੈਕਮੇਲਿੰਗ ਲਈ ਕੀਤੀ ਜਾਂਦੀ ਹੈ। ਇਸ ਲਈ, ਅਜਿਹੇ ਕਿਸੇ ਵੀ SMS ਨਾਲ ਜੁੜੀ ਫਾਈਲ 'ਤੇ ਕਲਿੱਕ ਨਾ ਕਰੋ। ਇਸ ਨਾਲ ਵੱਡਾ ਨੁਕਸਾਨ ਹੋ ਸਕਦਾ ਹੈ।
ਸਾਈਬਰ ਅਪਰਾਧ ਵਿੱਚ ਤੇਜ਼ੀ ਨਾਲ ਹੋ ਰਿਹਾ ਵਾਧਾ
ਇਨ੍ਹੀਂ ਦਿਨੀਂ ਸਾਈਬਰ ਕ੍ਰਾਈਮ ਦੇ ਮਾਮਲਿਆਂ 'ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਇਸ ਤੋਂ ਬਚਣ ਲਈ ਲੋਕਾਂ ਨੂੰ ਵਧੇਰੇ ਸਾਵਧਾਨੀਆਂ ਵਰਤਣ ਦੀ ਲੋੜ ਹੈ। ਜੇਕਰ ਕੋਈ ਅਣਜਾਣ ਵਿਅਕਤੀ ਤੁਹਾਨੂੰ ਕੋਈ ਲਿੰਕ ਭੇਜਦਾ ਹੈ ਤਾਂ ਉਸ 'ਤੇ ਕਲਿੱਕ ਨਾ ਕਰੋ। ਨਾਲ ਹੀ, ਕਿਸੇ ਵੀ ਸ਼ੱਕੀ ਜਾਂ ਅਣਜਾਣ ਵਿਅਕਤੀ ਨੂੰ ਕੋਈ ਵੀ ਸੰਵੇਦਨਸ਼ੀਲ ਜਾਣਕਾਰੀ ਨਾ ਦਿਓ।