ਨਵੀਂ ਦਿੱਲੀ: ਵੱਟਸਐਪ ਦੀ ਨਵੀਂ ਪ੍ਰਾਈਵੇਸੀ ਪਾਲਿਸੀ 'ਤੇ ਹੋ ਰਹੇ ਵਿਵਾਦ ਦੇ ਵਿਚ ਸੁਪਰੀਮ ਕੋਰਟ ਨੇ ਅੱਜ ਫੇਸਬੁੱਕ ਤੇ ਵਟਸਐਪ ਨੂੰ ਫਿਟਕਾਰ ਲਾਈ ਹੈ। ਸੁਪਰੀ ਕੋਰਟ ਪ੍ਰਾਈਵੇਸੀ ਪਾਲਿਸੀ ਨੂੰ ਲੈਕੇ ਯੂਰਪ ਤੇ ਭਾਰਤ 'ਚ ਵੱਖ-ਵੱਖ ਪੈਮਾਨਿਆਂ ਨੂੰ ਲੈਕੇ ਵੀ ਨਾਰਾਜ਼ਗੀ ਜ਼ਾਹਰ ਕਰ ਰਹੀ ਹੈ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਵਟਸਐਪ/ਫੇਸਬੁੱਕ ਨੂੰ ਇਹ ਲਿਖਤੀ ਦੇਣ ਲਈ ਕਿਹਾ ਕਿ ਲੋਕਾਂ ਦੇ ਮੈਸੇਜ ਪੜ੍ਹੇ ਨਹੀਂ ਜਾਂਦੇ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ ਚਾਰ ਹਫ਼ਤੇ ਬਾਅਦ ਹੋਵੇਗੀ।
ਕੋਰਟ ਨੇ ਫੇਸਬੁੱਕ ਤੇ ਵਟਸਐਪ ਨੂੰ ਕਿਹਾ, 'ਤੁਸੀਂ ਦੋ ਜਾਂ ਤਿੰਨ ਟ੍ਰਿਲੀਅਨ ਦੀ ਕੰਪਨੀ ਹੋਵੋਗੇ। ਪਰ ਲੋਕ ਆਪਣੀ ਨਿੱਜਤਾ ਦੀ ਕੀਮਤ ਇਸ ਤੋਂ ਜ਼ਿਆਦਾ ਮੰਨਦੇ ਹਨ ਤੇ ਉਨ੍ਹਾਂ ਦਾ ਹੱਕ ਵੀ ਹੈ।' ਪਟੀਸ਼ਨ 'ਚ ਦੱਸਿਆ ਗਿਆ ਕਿ ਯੂਰਪ ਤੇ ਭਾਰਤ ਲਈ ਵੱਖਰੇ ਪੈਮਾਨੇ ਅਪਣਾਏ ਜਾ ਰਹੇ ਹਨ। ਭਾਰਤ 'ਚ ਡਾਟਾ ਪ੍ਰੋਟੈਕਸ਼ਨ ਕਾਨੂੰਨ ਬਣਨ ਵਾਲਾ ਹੈ, ਉਸ ਦਾ ਇੰਤਜ਼ਾਰ ਕੀਤੇ ਬਿਨਾਂ ਪਹਿਲਾਂ ਵਟਸਐਪ ਨਵੀਂ ਪਾਲਿਸੀ ਲੈ ਆਇਆ ਹੈ।
ਇਹ ਮਾਮਲਾ ਵਟਸਐਪ ਦੀ ਉਸ ਪ੍ਰਾਈਵੇਸੀ ਪਾਲਿਸੀ ਨਾਲ ਜੁੜਿਆ ਹੈ। ਜੋ 2016 'ਚ ਆਈ ਸੀ। ਇਸ ਨੂੰ ਲੈਕੇ ਵੀ ਮਸਲਾ ਕਰੋਟ ਤਕ ਪਹੁੰਚਿਆ ਸੀ। ਮਾਮਲੇ ਦੀ ਸੁਣਵਾਈ ਕਰਦਿਆਂ ਕੋਰਟ ਨੇ ਸਰਕਾਰ ਤੋਂ ਪੁੱਛਿਆ ਸੀ ਕਿ ਨਾਗਰਿਕਾਂ ਦੇ ਨਿੱਜੀ ਡਾਟਾ ਨੂੰ ਸੁਰੱਖਿਅਤ ਰੱਖਣ ਤੇ ਉਸ ਦੇ ਗਲਤ ਇਸਤੇਮਾਲ ਨੂੰ ਰੋਕਣ ਲਈ ਕੀ ਉਹ ਕੋਈ ਕਾਨੂੰਨ ਬਣਾਵੇਗੀ। ਸਰਕਾਰ ਨੂੰ ਇਸ ਪਹਿਲੂ 'ਤੇ ਜਵਾਬ ਦੇਣਾ ਹੈ।