TCS Layoffs: ਟਾਟਾ ਕੰਸਲਟੈਂਸੀ ਸਰਵਿਸਿਜ਼ (TCS) ਵੱਲੋਂ 12000 ਮੁਲਾਜ਼ਮਾਂ ਨੂੰ ਨੌਕਰੀਓਂ ਕੱਢਣ ਦੇ ਐਲਾਨ ਨਾਲ ਸ਼ੇਅਰ ਬਾਜ਼ਾਰ ਵਿੱਚ ਹਾਹਾਕਾਰ ਮੱਚ ਗਈ। ਕੰਪਨੀ ਦੇ ਸ਼ੇਅਰ ਸੋਮਵਾਰ ਨੂੰ ਲਗਪਗ ਦੋ ਪ੍ਰਤੀਸ਼ਤ ਡਿੱਗ ਗਏ। ਕੰਪਨੀ ਨੇ ਕਿਹਾ ਹੈ ਕਿ ਉਹ ਇਸ ਸਾਲ ਆਪਣੇ ਗਲੋਬਲ ਵਰਕਫੋਰਸ ਤੋਂ ਲਗਪਗ 12,000 ਕਰਮਚਾਰੀਆਂ ਦੀ ਛਾਂਟੀ ਕਰੇਗੀ। ਇਸ ਐਲਾਨ ਮਗਰੋਂ BSE 'ਤੇ ਸਟਾਕ 1.69 ਪ੍ਰਤੀਸ਼ਤ ਡਿੱਗ ਕੇ 3,081.20 ਰੁਪਏ 'ਤੇ ਆ ਗਿਆ। NSE 'ਤੇ ਇਹ 1.7 ਪ੍ਰਤੀਸ਼ਤ ਡਿੱਗ ਕੇ 3,081.60 ਰੁਪਏ 'ਤੇ ਆ ਗਿਆ। 

ਦਰਅਸਲ ਭਾਰਤ ਦੀ ਸਭ ਤੋਂ ਵੱਡੀ ਆਈਟੀ ਸੇਵਾ ਕੰਪਨੀ ਟੀਸੀਐਸ ਇਸ ਸਾਲ ਆਪਣੇ ਗਲੋਬਲ ਵਰਕਫੋਰਸ ਦਾ ਲਗਪਗ 2 ਪ੍ਰਤੀਸ਼ਤ ਜਾਂ 12,261 ਕਰਮਚਾਰੀਆਂ ਦੀ ਛਾਂਟੀ ਕਰਨ ਜਾ ਰਹੀ ਹੈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਮਿਡਲ ਤੇ ਸੀਨੀਅਰ ਗ੍ਰੇਡ ਵਿੱਚ ਹੋਣਗੇ। 30 ਜੂਨ, 2025 ਤੱਕ ਟੀਸੀਐਸ ਕੋਲ 6,13,069 ਕਰਮਚਾਰੀ ਸਨ। ਇਸ ਨੇ ਹਾਲ ਹੀ ਵਿੱਚ ਖਤਮ ਹੋਈ ਜੂਨ ਤਿਮਾਹੀ ਵਿੱਚ ਆਪਣੇ ਕਰਮਚਾਰੀਆਂ ਦੀ ਗਿਣਤੀ ਵਿੱਚ 5,000 ਦਾ ਵਾਧਾ ਕੀਤਾ ਹੈ। 

 

ਟੀਸੀਐਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਕਦਮ ਕੰਪਨੀ ਦੀ ਤਕਨਾਲੋਜੀ, ਏਆਈ ਤਾਇਨਾਤੀ, ਬਾਜ਼ਾਰ ਵਿਸਥਾਰ ਤੇ ਕਾਰਜਬਲ ਪੁਨਰਗਠਨ ਵਿੱਚ ਨਿਵੇਸ਼ 'ਤੇ ਕੇਂਦ੍ਰਿਤ ਇੱਕ "ਭਵਿੱਖ ਲਈ ਤਿਆਰ ਸੰਗਠਨ" ਬਣਨ ਦੀ ਵਿਆਪਕ ਰਣਨੀਤੀ ਦਾ ਹਿੱਸਾ ਹੈ। ਟੀਸੀਐਸ ਨੇ ਕਿਹਾ ਹੈ ਕਿ ਕੰਪਨੀ ਇੱਕ ਪਰਿਵਰਤਨ ਪ੍ਰਕਿਰਿਆ ਵਿੱਚੋਂ ਗੁਜ਼ਰ ਰਹੀ ਹੈ। ਇਸ ਦੇ ਇੱਕ ਹਿੱਸੇ ਵਜੋਂ ਅਸੀਂ ਸੰਗਠਨ ਤੋਂ ਉਨ੍ਹਾਂ ਸਹਿਯੋਗੀਆਂ ਦੀ ਛਾਂਟੀ ਕਰਾਂਗੇ ਜਿਨ੍ਹਾਂ ਦੀ ਤਾਇਨਾਤੀ ਸੰਭਵ ਨਹੀਂ ਹੋ ਸਕਦੀ। ਇਹ ਸਾਡੇ ਗਲੋਬਲ ਵਰਕਫੋਰਸ ਦੇ ਲਗਪਗ 2 ਪ੍ਰਤੀਸ਼ਤ ਨੂੰ ਪ੍ਰਭਾਵਿਤ ਕਰੇਗਾ। 

ਇਹ ਅਭਿਆਸ ਸਾਲ ਦੌਰਾਨ ਮੁੱਖ ਤੌਰ 'ਤੇ ਮਿਡਲ ਤੇ ਸੀਨੀਅਰ ਗ੍ਰੇਡ ਵਿੱਚ ਤਾਇਨਾਤ ਕਰਮਚਾਰੀਆਂ ਨੂੰ ਪ੍ਰਭਾਵਿਤ ਕਰੇਗਾ। ਟੀਸੀਐਸ ਪ੍ਰਭਾਵਿਤ ਕਰਮਚਾਰੀਆਂ ਨੂੰ ਢੁਕਵੇਂ ਲਾਭ, ਆਊਟਪਲੇਸਮੈਂਟ, ਕਾਉਂਸਲਿੰਗ ਤੇ ਸਹਾਇਤਾ ਪ੍ਰਦਾਨ ਕਰੇਗਾ। ਇਹ ਕਦਮ ਅਜਿਹੇ ਸਮੇਂ ਆਇਆ ਹੈ ਜਦੋਂ ਭਾਰਤ ਦੀਆਂ ਚੋਟੀ ਦੀਆਂ ਆਈਟੀ ਸੇਵਾਵਾਂ ਕੰਪਨੀਆਂ ਨੇ ਵਿੱਤੀ ਸਾਲ 26 ਦੀ ਪਹਿਲੀ ਤਿਮਾਹੀ ਵਿੱਚ ਸਿੰਗਲ-ਡਿਜੀਟ ਮਾਲੀਆ ਵਾਧਾ ਦਰਜ ਕੀਤਾ ਹੈ।

 

 

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।