How to complain against Jio, Airtel and VI: ਪ੍ਰਾਈਵੇਟ ਟੈਲੀਕਾਮ ਕੰਪਨੀਆਂ ਦੀ ਦਾਦਾਗਿਰੀ ਹੁਣ ਨਹੀਂ ਚੱਲੇਗੀ। ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ (TRAI) ਨੇ ਟੈਲੀਕਾਮ ਕੰਪਨੀਆਂ ਉਪਰ ਲਗਾਮ ਕੱਸੀ ਹੈ। ਹੁਣ ਜੇਕਰ ਤੁਹਾਨੂੰ ਕੋਈ ਪ੍ਰੇਸ਼ਾਨੀ ਆਉਂਦੀ ਹੈ ਤਾਂ ਤੁਸੀਂ ਪ੍ਰਾਈਵੇਟ ਟੈਲੀਕਾਮ ਕੰਪਨੀਆਂ ਖਿਲਾਫ ਘਰ ਬੈਠੇ ਸ਼ਿਕਾਇਤ ਕਰ ਸਕਦੇ ਹੋ। ਇਹ ਸ਼ਿਕਾਇਤ ਟਰਾਈ ਕੋਲ ਜਾਏਗੀ ਜਿਸ ਮਗਰੋਂ ਪ੍ਰਾਈਵੇਟ ਟੈਲੀਕਾਮ ਕੰਪਨੀ ਖਿਲਾਫ ਐਕਸ਼ਨ ਹੋਏਗਾ।

ਦਰਅਸਲ ਭਾਰਤ ਵਿੱਚ ਟੈਲੀਕਾਮ ਉਪਭੋਗਤਾਵਾਂ ਨੂੰ ਅਕਸਰ ਹੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਵਿੱਚ ਇੰਟਰਨੈੱਟ ਦੀ ਸਲੋਅ ਸਪੀਡ, ਵਾਰ-ਵਾਰ ਨੈੱਟਵਰਕ ਡਿਸਕਨੈਕਸ਼ਨ, ਕਾਲ ਡ੍ਰੌਪ ਦੀ ਸਮੱਸਿਆ ਤੇ ਕਈ ਵਾਰ ਨੈੱਟਵਰਕ ਪੂਰੀ ਤਰ੍ਹਾਂ ਗਾਇਬ ਹੋਣਾ ਸ਼ਾਮਲ ਹੈ। ਇਨ੍ਹਾਂ ਸਾਰੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ TRAI ਨੇ ਗਾਹਕਾਂ ਦੀ ਸਹੂਲਤ ਲਈ ਕਈ ਮਹੱਤਵਪੂਰਨ ਕਦਮ ਚੁੱਕੇ ਹਨ।

TRAI ਨੇ ਹਾਲ ਹੀ ਵਿੱਚ ਇੱਕ ਵੱਡਾ ਫੈਸਲਾ ਲਿਆ ਹੈ ਜਿਸ ਤਹਿਤ ਸਾਰੀਆਂ ਟੈਲੀਕਾਮ ਕੰਪਨੀਆਂ ਲਈ ਆਪਣੇ ਨੈੱਟਵਰਕ ਕਵਰੇਜ ਦੇ ਨਕਸ਼ੇ ਆਪਣੀ ਵੈੱਬਸਾਈਟ 'ਤੇ ਜਨਤਕ ਤੌਰ 'ਤੇ ਅਪਲੋਡ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸ ਨਾਲ ਖਪਤਕਾਰ ਆਪਣੇ ਖੇਤਰ ਵਿੱਚ ਨੈੱਟਵਰਕ ਦੀ ਉਪਲਬਧਤਾ ਬਾਰੇ ਪਹਿਲਾਂ ਤੋਂ ਜਾਣਕਾਰੀ ਪ੍ਰਾਪਤ ਕਰ ਸਕਣਗੇ ਤੇ ਸਮਝਦਾਰੀ ਨਾਲ ਸੇਵਾ ਪ੍ਰਦਾਤਾ ਦੀ ਚੋਣ ਕਰ ਸਕਣਗੇ।

ਸ਼ਿਕਾਇਤ ਦਰਜ ਕਰਨਾ ਆਸਾਨਇਸ ਤੋਂ ਇਲਾਵਾ TRAI ਨੇ ਉਪਭੋਗਤਾਵਾਂ ਦੀ ਸਹੂਲਤ ਲਈ ਇੱਕ ਹੋਰ ਵੱਡਾ ਕਦਮ ਚੁੱਕਿਆ ਹੈ। ਹੁਣ ਮੋਬਾਈਲ ਤੇ ਬ੍ਰਾਡਬੈਂਡ ਉਪਭੋਗਤਾ ਆਪਣੇ ਨੈੱਟਵਰਕ ਨਾਲ ਸਬੰਧਤ ਸਮੱਸਿਆਵਾਂ ਲਈ ਆਸਾਨੀ ਨਾਲ ਸ਼ਿਕਾਇਤਾਂ ਦਰਜ ਕਰ ਸਕਦੇ ਹਨ। ਇਸ ਲਈ TRAI ਨੇ ਇੱਕ ਕੇਂਦਰੀਕ੍ਰਿਤ ਪੋਰਟਲ ਲਾਂਚ ਕੀਤਾ ਹੈ ਜਿੱਥੇ ਸਾਰੀਆਂ ਟੈਲੀਕਾਮ ਕੰਪਨੀਆਂ ਦੇ ਸ਼ਿਕਾਇਤ ਕੇਂਦਰਾਂ ਬਾਰੇ ਜਾਣਕਾਰੀ ਇੱਕ ਜਗ੍ਹਾ 'ਤੇ ਉਪਲਬਧ ਹੈ। ਯਾਨੀ ਇਸ ਪੋਰਟਲ 'ਤੇ ਜਾ ਕੇ ਤੁਸੀਂ ਆਪਣੀ ਟੈਲੀਕਾਮ ਕੰਪਨੀ ਦੇ ਨਜ਼ਦੀਕੀ ਸ਼ਿਕਾਇਤ ਕੇਂਦਰ ਦਾ ਨੰਬਰ ਪ੍ਰਾਪਤ ਕਰ ਸਕਦੇ ਹੋ ਤੇ ਉਸ ਦਾ ਪਤਾ ਵੀ ਜਾਣ ਸਕਦੇ ਹੋ।

ਨਵੇਂ ਪੋਰਟਲ 'ਤੇ ਸ਼ਿਕਾਇਤ ਕਿਵੇਂ ਦਰਜ ਕਰਨੀ

ਸਭ ਤੋਂ ਪਹਿਲਾਂ https://tccms.trai.gov.in/Queries.aspx?cid=1 'ਤੇ ਜਾਓ।

ਇੱਥੇ ਆਪਣਾ ਸੇਵਾ ਪ੍ਰਦਾਤਾ, ਰਾਜ ਤੇ ਜ਼ਿਲ੍ਹਾ ਚੁਣੋ।

ਜਾਣਕਾਰੀ ਭਰਨ ਤੋਂ ਬਾਅਦ, ਪੋਰਟਲ ਤੁਹਾਨੂੰ ਤੁਹਾਡੇ ਨਜ਼ਦੀਕੀ ਸ਼ਿਕਾਇਤ ਕੇਂਦਰ ਦੇ ਵੇਰਵੇ ਦਿਖਾਏਗਾ।

ਇਸ ਪੋਰਟਲ ਦੀ ਮਦਦ ਨਾਲ ਹੁਣ ਗਾਹਕ ਆਪਣੀ ਸਮੱਸਿਆ ਲਈ ਸਬੰਧਤ ਕੰਪਨੀ ਨਾਲ ਆਸਾਨੀ ਨਾਲ ਸੰਪਰਕ ਕਰ ਸਕਦੇ ਹਨ।