How To Choose AC: ਹੁਣ ਏਸੀ ਕੋਈ ਲਗਜ਼ਰੀ ਚੀਜ਼ ਨਹੀਂ ਰਹੀ, ਸਗੋਂ ਇੱਕ ਜ਼ਰੂਰਤ ਬਣ ਗਈ ਹੈ ਪਰ ਏਸੀ ਲਵਾਉਣ ਨਾਲ ਬਿਜਲੀ ਦਾ ਬਿੱਲ ਅਕਸਰ ਹੀ ਵਧ ਜਾਂਦਾ ਹੈ। ਬੇਸ਼ੱਕ ਏਸੀ ਦੂਜੇ ਉਪਕਰਨਾਂ ਨਾਲੋਂ ਜ਼ਿਆਦਾ ਬਿਜਲੀ ਖਾਂਦਾ ਹੈ ਪਰ ਅਕਸਰ ਲੋਕ ਏਸੀ ਦਾ ਗਲਤ ਆਕਾਰ ਚੁਣ ਲੈਂਦੇ ਹਨ, ਜਿਸ ਨਾਲ ਇੱਕ ਤਾਂ ਬਿਜਲੀ ਦੀ ਲਾਗਤ ਵੱਧ ਜਾਂਦੀ ਹੈ ਤੇ ਦੂਜਾ ਕਮਰਾ ਵੀ ਬਿਲਕੁਲ ਠੰਢਾ ਨਹੀਂ ਹੁੰਦਾ। ਅਜਿਹੀ ਸਥਿਤੀ ਵਿੱਚ ਸਹੀ ਟਨ ਜਾਂ ਬੀਟੀਯੂ ਵਾਲਾ ਏਸੀ ਖਰੀਦਣਾ ਬਹੁਤ ਜ਼ਰੂਰੀ ਹੈ। ਅਸੀਂ ਤੁਹਾਨੂੰ ਦੱਸਾਂਗੇ ਕਿ ਕਮਰੇ ਦੇ ਆਕਾਰ ਦੇ ਅਨੁਸਾਰ ਤੁਹਾਨੂੰ ਕਿੰਨੇ ਟਨ ਏਸੀ ਖਰੀਦਣਾ ਚਾਹੀਦਾ ਹੈ। ਇਸ ਨਾਲ ਕੂਲਿੰਗ ਵੀ ਸਹੀ ਹੋਏਗੀ ਤੇ ਬਿਜਲੀ ਦਾ ਬਿੱਲ ਵੀ ਜ਼ਿਆਦਾ ਨਹੀਂ ਆਏਗਾ।

ਕਿੰਨੇ ਟਨ ਏਸੀ ਦੀ ਲੋੜ, ਇਹ ਕਿਵੇਂ ਫੈਸਲਾ ਕਰੀਏ?

ਇਸ ਲਈ ਪਹਿਲਾਂ ਆਪਣੇ ਕਮਰੇ ਦੇ ਖੇਤਰ ਨੂੰ ਮਾਪੋ। ਭਾਵ ਲੰਬਾਈ ਤੇ ਚੌੜਾਈ ਨੂੰ ਗੁਣਾ ਕਰੋ। ਪ੍ਰਤੀ ਵਰਗ ਫੁੱਟ ਔਸਤਨ 20 ਬੀਟੀਯੂ ਦੀ ਲੋੜ ਹੁੰਦੀ ਹੈ। ਹੁਣ ਟਨ ਵਿੱਚ ਬਦਲਣ ਲਈ ਧਿਆਨ ਰੱਖੋ ਕਿ 1 ਟਨ = 12,000 ਬੀਟੀਯੂ। ਉਦਾਹਰਣ ਵਜੋਂ ਜੇਕਰ ਤੁਹਾਡਾ ਕਮਰਾ 12 ਫੁੱਟ x 12 ਫੁੱਟ ਯਾਨੀ 144 ਵਰਗ ਫੁੱਟ ਹੈ ਤਾਂ ਇਸ ਨੂੰ ਠੰਢਾ ਕਰਨ ਲਈ 144 x 20 = 288 ਬੀਟੀਯੂ ਦੀ ਲੋੜ ਹੋਵੇਗੀ। ਇਸ ਅਨੁਸਾਰ ਲਗਪਗ 0.75 ਟਨ ਤੋਂ 1 ਟਨ ਦਾ ਏਸੀ ਤੁਹਾਡੇ ਲਈ ਕਾਫ਼ੀ ਹੋਵੇਗਾ।

ਕੀ ਜੇਕਰ ਕਮਰਾ ਬਹੁਤ ਗਰਮ ਹੋਏ?

ਜੇਕਰ ਸੂਰਜ ਦੀ ਰੌਸ਼ਨੀ ਤੁਹਾਡੇ ਕਮਰੇ ਵਿੱਚ ਸਿੱਧੀ ਆਉਂਦੀ ਹੈ। ਖਾਸ ਕਰਕੇ ਦੱਖਣ ਜਾਂ ਪੱਛਮ ਵੱਲ ਮੂੰਹ ਵਾਲੀਆਂ ਖਿੜਕੀਆਂ ਤੋਂ ਤਾਂ ਗਰਮੀ ਦਾ ਪ੍ਰਭਾਵ ਹੋਰ ਵੀ ਜ਼ਿਆਦਾ ਹੁੰਦਾ ਹੈ। ਅਜਿਹੀ ਸਥਿਤੀ ਵਿੱਚ ਏਸੀ ਦਾ ਬੀਟੀਯੂ 10 ਤੋਂ 15 ਪ੍ਰਤੀਸ਼ਤ ਜ਼ਿਆਦਾ ਹੋਣਾ ਚਾਹੀਦਾ ਹੈ। ਜੇਕਰ ਕਮਰੇ ਵਿੱਚ ਵੱਡੀਆਂ ਜਾਂ ਵੱਧ ਖਿੜਕੀਆਂ ਹਨ। ਖਾਸ ਕਰਕੇ ਕੱਚ ਦੀਆਂ ਤਾਂ ਇਹ ਵੀ ਕਮਰੇ ਨੂੰ ਜਲਦੀ ਗਰਮ ਕਰ ਦਿੰਦੀਆਂ ਹਨ। ਅਜਿਹੀ ਸਥਿਤੀ ਵਿੱਚ ਥੋੜ੍ਹਾ ਵੱਡੇ ਟਨ ਵਾਲਾ ਏਸੀ ਖਰੀਦਣਾ ਸਮਝਦਾਰੀ ਹੋਵੇਗੀ।

ਜੇਕਰ ਕਮਰਾ ਠੰਢਾ ਨਹੀਂ ਹੋ ਰਿਹਾ ਤਾਂ ਕੀ ਕਰੀਏ?

ਜੇਕਰ ਏਸੀ ਚੱਲਣ ਦੇ ਬਾਵਜੂਦ ਤੁਹਾਡਾ ਕਮਰਾ ਠੀਕ ਤਰ੍ਹਾਂ ਠੰਢਾ ਨਹੀਂ ਹੋ ਰਿਹਾ, ਤਾਂ ਇਸ ਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ...

1. ਪਹਿਲੀ ਗਲਤੀ ਲੋੜ ਤੋਂ ਵੱਧ ਟਨ ਵਾਲਾ ਏਸੀ ਖਰੀਦਣਾ ਹੈ। ਅਜਿਹਾ ਏਸੀ ਵਾਰ-ਵਾਰ ਚਾਲੂ ਤੇ ਬੰਦ ਹੁੰਦਾ ਹੈ, ਜਿਸ ਕਾਰਨ ਕਮਰੇ ਵਿੱਚ ਠੰਢਕ ਇਕਸਾਰ ਨਹੀਂ ਰਹਿੰਦੀ।

2. ਦੂਜਾ ਕਾਰਨ ਇਨਸੂਲੇਸ਼ਨ ਦੀ ਘਾਟ ਹੈ। ਜੇਕਰ ਖਿੜਕੀਆਂ ਜਾਂ ਦਰਵਾਜ਼ਿਆਂ ਤੋਂ ਠੰਢੀ ਹਵਾ ਬਾਹਰ ਜਾ ਰਹੀ ਹੈ, ਤਾਂ ਇਸ ਨੂੰ ਰੋਕਣ ਲਈ ਚੰਗੀ ਸੀਲਿੰਗ ਜਾਂ ਇਨਸੂਲੇਸ਼ਨ ਕਰਵਾਉਣਾ ਜ਼ਰੂਰੀ ਹੈ।

3. ਤੀਜਾ ਕਾਰਨ ਗੰਦਾ ਏਅਰ ਫਿਲਟਰ ਹੋ ਸਕਦਾ ਹੈ। ਜਦੋਂ ਫਿਲਟਰ ਵਿੱਚ ਧੂੜ ਇਕੱਠੀ ਹੋ ਜਾਂਦੀ ਹੈ, ਤਾਂ ਹਵਾ ਦਾ ਪ੍ਰਵਾਹ ਕਮਜ਼ੋਰ ਹੋ ਜਾਂਦਾ ਹੈ ਤੇ ਕੂਲਿੰਗ ਪ੍ਰਭਾਵਿਤ ਹੁੰਦੀ ਹੈ। ਇਸ ਲਈ ਫਿਲਟਰ ਨੂੰ ਸਮੇਂ-ਸਮੇਂ 'ਤੇ ਸਾਫ਼ ਕਰਨਾ ਚਾਹੀਦਾ ਹੈ।