Tesla Employee Attacked: ਤੁਸੀਂ ਕਈ ਹਾਲੀਵੁੱਡ ਫਿਲਮਾਂ ਵਿੱਚ ਰੋਬੋਟਸ ਦਾ ਖਤਰਨਾਕ ਰੂਪ ਦੇਖਿਆ ਹੀ ਹੋਵੇਗਾ। ਇਹਨਾਂ ਫਿਲਮਾਂ ਵਿੱਚ ਰੋਬੋਟ ਪੂਰੀ ਦੁਨੀਆ ਨੂੰ ਆਪਣੇ ਕਬਜ਼ੇ ਵਿੱਚ ਲੈ ਲੈਂਦੇ ਹਨ। ਫਿਰ ਇਨਸਾਨਾਂ ਨੂੰ ਬਚਾਉਣ ਲਈ ਕੁਝ ਬਹਾਦਰ ਲੋਕ ਉਹਨਾਂ ਨਾਲ ਲੜਦੇ ਹਨ ਅਤੇ ਸੰਸਾਰ ਨੂੰ ਬਚਾਉਂਦੇ ਹਨ। ਇਹ ਸਭ ਫਿਲਮਾਂ ਵਿੱਚ ਦੇਖ ਕੇ ਬਹੁਤ ਵਧੀਆ ਲੱਗਦਾ ਹੈ। ਪਰ, ਜੇਕਰ ਤੁਹਾਡੇ ਨਾਲ ਅਜਿਹਾ ਕੁਝ ਵਾਪਰਦਾ ਹੈ ਤਾਂ ਕੀ ਹੋਵੇਗਾ? ਜੇ ਇੱਕ ਰੋਬੋਟ ਤੁਹਾਡੇ 'ਤੇ ਹਮਲਾ ਕਰਕੇ ਤੁਹਾਨੂੰ ਜ਼ਖਮੀ ਕਰ ਦਵੇ ਫਿਰ? ਅਜਿਹਾ ਅਸਲ 'ਚ ਹੋਇਆ ਹੈ। ਉਹ ਵੀ ਮਸ਼ਹੂਰ ਈ-ਕਾਰ ਨਿਰਮਾਤਾ ਟੇਸਲਾ ਦੀ ਫੈਕਟਰੀ ਦੇ ਅੰਦਰ। ਫੈਕਟਰੀ ਦੇ ਇੱਕ ਕਰਮਚਾਰੀ 'ਤੇ ਰੋਬੋਟ ਨੇ ਹਮਲਾ ਕਰਕੇ ਉਸਨੂੰ ਜ਼ਖਮੀ ਕਰ ਦਿੱਤਾ। ਕੰਪਨੀ ਇਸ ਘਟਨਾ ਨੂੰ ਦੋ ਸਾਲਾਂ ਤੋਂ ਦਬਾ ਰਹੀ ਸੀ।


ਇਹ ਹਾਦਸਾ ਟੇਸਲਾ ਦੇ ਇੱਕ ਸਾਫਟਵੇਅਰ ਇੰਜੀਨੀਅਰ ਨਾਲ 2021 ਵਿੱਚ ਵਾਪਰਿਆ ਸੀ ਪਰ, ਇਹ ਜਾਣਕਾਰੀ ਹੁਣ ਸਾਹਮਣੇ ਆਈ ਹੈ। ਇੱਕ ਰਿਪੋਰਟ ਮੁਤਾਬਕ ਇਹ ਇੰਜੀਨੀਅਰ ਆਸਟਿਨ, ਟੈਕਸਾਸ 'ਚ ਟੇਸਲਾ ਦੀ ਫੈਕਟਰੀ 'ਚ ਕੰਮ ਕਰਦਾ ਸੀ। ਇਸ ਦੌਰਾਨ ਇੱਕ ਖਰਾਬ ਰੋਬੋਟ ਨੇ ਉਸ 'ਤੇ ਹਮਲਾ ਕਰ ਦਿੱਤਾ। ਇੱਕ ਚਸ਼ਮਦੀਦ ਨੇ ਐਮਰਜੈਂਸੀ ਸਟਾਪ ਬਟਨ ਦਬਾ ਕੇ ਉਸਦੀ ਜਾਨ ਬਚਾਈ।


ਚਸ਼ਮਦੀਦਾਂ ਮੁਤਾਬਕ ਇਹ ਇੰਜੀਨੀਅਰ ਰੋਬੋਟ ਨੂੰ ਕੰਟਰੋਲ ਕਰਨ ਲਈ ਸਾਫਟਵੇਅਰ ਦੀ ਪ੍ਰੋਗਰਾਮਿੰਗ ਕਰ ਰਿਹਾ ਸੀ। ਉਸਨੇ ਦੋ ਐਲੂਮੀਨੀਅਮ ਕੱਟਣ ਵਾਲੇ ਰੋਬੋਟ ਨੂੰ ਡਿਸੇਬਲ ਕਰ ਦਿੱਤਾ ਸੀ ਤਾਂ ਜੋ ਉਨ੍ਹਾਂ 'ਤੇ ਕੰਮ ਕੀਤਾ ਜਾ ਸਕੇ। ਪਰ ਤੀਜਾ ਰੋਬੋਟ ਡਿਸੇਬਲ ਨਹੀਂ ਹੋਇਆ ਤੇ ਇਸੇ ਨੇ ਇੰਜੀਨੀਅਰ 'ਤੇ ਹਮਲਾ ਕਰਕੇ ਉਸ ਨੂੰ ਜ਼ਮੀਨ 'ਤੇ ਸੁੱਟ ਦਿੱਤਾ। ਇਸ ਤੋਂ ਬਾਅਦ ਉਸ ਨੂੰ ਕੱਸ ਕੇ ਜਕੜ ਲਿਆ। ਇਹ ਦੇਖ ਕੇ ਉਥੇ ਮੌਜੂਦ ਕਰਮਚਾਰੀ ਨੇ ਐਮਰਜੈਂਸੀ ਬਟਨ ਦੱਬ ਦਿੱਤਾ।  


ਉੱਥੇ ਮੌਜੂਦ ਕਰਮਚਾਰੀਆਂ ਨੇ ਦੱਸਿਆ ਕਿ ਜਦੋਂ ਪੀੜਤ ਰੋਬੋਟ ਦੀ ਪਕੜ ਤੋਂ ਨਿੱਕਲਿਆ ਤਾਂ ਉਸ ਦਾ ਬਹੁਤ ਖੂਨ ਵੱਗ ਰਿਹਾ ਸੀ। ਇਸ ਘਟਨਾ ਦੀ ਸੂਚਨਾ ਟ੍ਰੈਵਿਸ ਕਾਉਂਟੀ ਦੇ ਅਧਿਕਾਰੀਆਂ ਅਤੇ ਸਿਹਤ ਏਜੰਸੀਆਂ ਨੂੰ ਦਿੱਤੀ ਗਈ ਜਿਸ ਦੀ ਕਾਪੀ ਸਾਹਮਣੇ ਆਈ ਹੈ।  


ਟੇਸਲਾ ਨੇ ਇਸ ਰਿਪੋਰਟ 'ਤੇ ਨਹੀਂ ਕੀਤੀ ਕੋਈ ਟਿੱਪਣੀ


ਹਾਲਾਂਕਿ ਟੇਸਲਾ ਨੇ ਇਸ ਰਿਪੋਰਟ 'ਤੇ ਹਾਲੇ ਤੱਕ ਕੋਈ ਟਿੱਪਣੀ ਨਹੀਂ ਕੀਤੀ ਹੈ। ਪਰ, ਯੂਐਸ ਹੈਲਥ ਐਂਡ ਸੇਫਟੀ ਐਡਮਨਿਸਟ੍ਰੇਸ਼ਨ ਨੂੰ ਸੌਂਪੀ ਗਈ ਰਿਪੋਰਟ ਦੇ ਅਨੁਸਾਰ, ਟੇਸਲਾ ਦੀ ਟੈਕਸਾਸ ਫੈਕਟਰੀ ਵਿੱਚ ਹਰ 21 ਵਿੱਚੋਂ 1 ਕਰਮਚਾਰੀ ਪਿਛਲੇ ਇੱਕ ਸਾਲ ਵਿੱਚ ਕਿਸੇ ਨਾ ਕਿਸੇ ਕਾਰਨ ਜ਼ਖਮੀ ਹੋਇਆ ਹੈ।