ਸੈਨ ਫਰਾਂਸਿਸਕੋ: ਟਵਿੱਟਰ ਨੇ ਮੰਗਲਵਾਰ ਨੂੰ ਨਵੇਂ ਨਿਯਮ ਲਾਗੂ ਕੀਤੇ ਹਨ ਜਿਸ 'ਚ ਹੋਰ ਲੋਕ ਯੂਜ਼ਰਸ ਦੀਆਂ ਫ਼ੋਟੋਆਂ ਤੇ ਵੀਡੀਓਜ਼ ਨੂੰ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਸ਼ੇਅਰ ਨਹੀਂ ਕਰ ਸਕਣਗੇ। ਟਵਿੱਟਰ ਨੇ ਇਹ ਕਦਮ ਆਪਣੇ ਨਵੇਂ ਸੀਈਓ ਪਰਾਗ ਅਗਰਵਾਲ ਦੇ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਚੁੱਕਿਆ ਹੈ। ਟਵਿੱਟਰ ਮੁਤਾਬਕ ਇਸ ਅਪਡੇਟ ਪਿੱਛੇ ਮਕਸਦ ਉਤਪੀੜਣ ਵਿਰੋਧੀ ਨੀਤੀਆਂ ਨੂੰ ਹੋਰ ਮਜ਼ਬੂਤ ਬਣਾਉਣਾ ਹੈ।
ਟਵਿੱਟਰ ਦਾ ਬਿਆਨ
ਨਵੇਂ ਨਿਯਮਾਂ ਤਹਿਤ ਉਹ ਲੋਕ ਜੋ ਪਬਲਿਕ ਫਿਗਰ ਨਹੀਂ ਹਨ, ਟਵਿੱਟਰ ਨੂੰ ਉਨ੍ਹਾਂ ਦੀ ਸਹਿਮਤੀ ਤੋਂ ਬਗੈਰ ਪੋਸਟ ਕੀਤੀਆਂ ਫੋਟੋਆਂ ਜਾਂ ਵੀਡੀਓ ਨੂੰ ਹਟਾਉਣ ਲਈ ਕਹਿ ਸਕਦੇ ਹਨ। ਟਵਿੱਟਰ ਨੇ ਕਿਹਾ ਕਿ ਇਹ ਨੀਤੀ "ਜਨਤਕ ਸ਼ਖ਼ਸੀਅਤਾਂ ਜਾਂ ਵਿਅਕਤੀਆਂ 'ਤੇ ਲਾਗੂ ਨਹੀਂ ਹੁੰਦੀ ਜਦੋਂ ਮੀਡੀਆ ਉਨ੍ਹਾਂ ਦੇ ਟਵੀਟ ਨੂੰ ਜਨਤਕ ਹਿੱਤ 'ਚ ਸ਼ੇਅਰ ਕਰਦਾ ਹੈ।" ਇਸ 'ਚ ਨਿੱਜੀ ਜਾਣਕਾਰੀ ਨੂੰ ਪ੍ਰਗਟ ਕਰਨ ਦੀ ਧਮਕੀ ਦੇਣਾ ਜਾਂ ਦੂਜਿਆਂ ਨੂੰ ਅਜਿਹਾ ਕਰਨ ਲਈ ਉਤਸ਼ਾਹਿਤ ਕਰਨਾ ਵੀ ਸ਼ਾਮਲ ਹੈ।
ਫਿਰ ਹਟਾ ਦਿੱਤੀ ਜਾਵੇਗੀ ਫ਼ੋਟੋ
ਟਵਿੱਟਰ ਅਨੁਸਾਰ ਨਿੱਜੀ ਫ਼ੋਟੋਆਂ ਤੇ ਵੀਡੀਓਜ਼ ਨੂੰ ਸ਼ੇਅਰ ਕਰਨ ਨਾਲ ਵਿਅਕਤੀ ਦੀ ਨਿੱਜਤਾ ਦੀ ਉਲੰਘਣਾ ਹੋ ਸਕਦੀ ਹੈ ਤੇ ਭਾਵਨਾਤਮਕ ਜਾਂ ਸਰੀਰਕ ਨੁਕਸਾਨ ਵੀ ਹੋ ਸਕਦਾ ਹੈ। ਕੰਪਨੀ ਮੁਤਾਬਕ ਨਿੱਜੀ ਮੀਡੀਆ ਦੀ ਦੁਰਵਰਤੋਂ ਹਰ ਕਿਸੇ ਨੂੰ ਪ੍ਰਭਾਵਿਤ ਕਰ ਸਕਦੀ ਹੈ ਪਰ ਇਸ ਦਾ ਮਹਿਲਾ ਕਾਰਕੁਨਾਂ, ਘੱਟ ਗਿਣਤੀ ਭਾਈਚਾਰੇ ਦੇ ਮੈਂਬਰਾਂ 'ਤੇ ਮਾੜਾ ਪ੍ਰਭਾਵ ਪੈਂਦਾ ਹੈ।
ਕੰਪਨੀ ਅਨੁਸਾਰ ਜੇਕਰ ਕਿਸੇ ਵਿਅਕਤੀ ਜਾਂ ਉਸ ਦੇ ਪ੍ਰਤੀਨਿਧੀ ਦੁਆਰਾ ਇਹ ਸੂਚਿਤ ਕੀਤਾ ਜਾਂਦਾ ਹੈ ਕਿ ਉਸ ਨੇ ਆਪਣੀਆਂ ਨਿੱਜੀ ਫ਼ੋਟੋਆਂ ਜਾਂ ਵੀਡੀਓਜ਼ ਨੂੰ ਸ਼ੇਅਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਹੈ ਤਾਂ ਅਸੀਂ ਇਸ ਨੂੰ ਹਟਾ ਦੇਵਾਂਗੇ।
ਦੱਸ ਦੇਈਏ ਕਿ ਟਵਿੱਟਰ ਦੇ ਸਹਿ-ਸੰਸਥਾਪਕ ਜੈਕ ਡੋਰਸੀ ਨੇ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਭਾਰਤੀ ਮੂਲ ਦੇ ਅਧਿਕਾਰੀ ਪਰਾਗ ਅਗਰਵਾਲ ਜੈਕ ਡੋਰਸੀ ਦੀ ਥਾਂ ਲੈਣਗੇ। ਆਈਆਈਟੀ-ਬੰਬੇ ਤੇ ਸਟੈਨਫੋਰਡ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਅਗਰਵਾਲ 2011 ਤੋਂ ਟਵਿੱਟਰ 'ਚ ਕੰਮ ਕਰ ਰਹੇ ਹਨ ਤੇ 2017 ਤੋਂ ਕੰਪਨੀ ਦੇ ਸੀਟੀਓ ਹਨ। ਜਦੋਂ ਉਹ ਕੰਪਨੀ 'ਚ ਸ਼ਾਮਲ ਹੋਏ ਸਨ ਤਾਂ ਉਦੋਂ ਮੁਲਾਜ਼ਮਾਂ ਦੀ ਗਿਣਤੀ 1000 ਤੋਂ ਘੱਟ ਸੀ।
ਇਹ ਵੀ ਪੜ੍ਹੋ: Michigan Shooting: ਅਮਰੀਕਾ ਦੇ ਸਕੂਲ 'ਚ ਅੰਨ੍ਹੇਵਾਹ ਫਾਇਰਿੰਗ, ਤਿੰਨ ਦੀ ਮੌਤ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/