Shocking News: ਜਿੱਥੇ ਇੱਕ ਪਾਸੇ ਪੂਰਾ ਦੇਸ਼ ਅੱਜ ਟੀਚਰਸ ਡੇਅ ਸੈਲੀਬ੍ਰੇਟ ਕਰ ਰਿਹਾ ਹੈ, ਉੱਥੇ ਹੀ ਇੱਕ ਹੈਰਾਨ ਕਰਨ ਵਾਲੀ ਖਬਰ ਨਿਕਲ ਕੇ ਸਾਹਮਣੇ ਆਈ ਹੈ। ਜਿੱਥੇ ਦੋ ਅਧਿਆਪਕਾਂ ਵੱਲੋਂ ਇੱਕ ਮਾਸੂਮ ਬੱਚੇ ਉੱਤੇ ਤਸ਼ਦੱਦ ਢਾਹਿਆ ਗਿਆ ਹੈ। ਆਓ ਜਾਣਦੇ ਹਾਂ ਇਹ ਪੂਰਾ ਮਾਮਲਾ ਹੈ ਕੀ?
ਦੋ ਅਧਿਆਪਕਾਂ ਨੂੰ ਕੀਤਾ ਗ੍ਰਿਫਤਾਰ
ਗੋਆ ਦੇ ਸਰਕਾਰੀ ਮਾਨਤਾ ਪ੍ਰਾਪਤ ਸ਼੍ਰੀ ਸਰਸਵਤੀ ਵਿਦਿਆ ਮੰਦਰ ਪ੍ਰਾਇਮਰੀ ਸਕੂਲ ਵਿੱਚ ਇੱਕ ਮਾਸੂਮ 9 ਸਾਲ ਦੇ ਬੱਚੇ ਨਾਲ ਹੋਈ ਬੇਰਹਿਮੀ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਪੁਲਿਸ ਨੇ ਬੱਚੇ ਨੂੰ ਬੇਰਹਿਮੀ ਨਾਲ ਕੁੱਟਣ ਦੇ ਦੋਸ਼ 'ਚ ਦੋ ਅਧਿਆਪਕਾਂ ਸੁਜਲ ਗਾਵੜੇ ਅਤੇ ਕਨਿਸ਼ਾ ਗਾਡੇਕਰ ਨੂੰ ਗ੍ਰਿਫਤਾਰ ਕੀਤਾ ਹੈ। ਦੋਵਾਂ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਬੱਚੇ ਨੂੰ ਇੰਨੀ ਬੇਰਹਿਮੀ ਨਾਲ ਕੁੱਟਿਆ ਕਿ ਉਸ ਨੂੰ ਗੰਭੀਰ ਸੱਟਾਂ ਲੱਗ ਗਈਆਂ।
ਇਹ ਘਟਨਾ 2 ਅਗਸਤ ਨੂੰ ਵਾਪਰੀ ਜਦੋਂ ਬੱਚੇ ਨੇ ਆਪਣੀ ਕਿਤਾਬ ਦੇ ਪੰਨੇ ਪਾੜ ਦਿੱਤੇ। ਇਸ ਦੇ ਲਈ ਉਸ ਨੂੰ ਸਟੀਲ ਦੇ ਸਕੇਲ ਨਾਲ ਮਾਰਿਆ ਗਿਆ। ਇਸ ਕਾਰਨ ਉਸ ਦੇ ਹੱਥਾਂ, ਪੱਟਾਂ, ਲੱਤਾਂ ਅਤੇ ਪਿੱਠ 'ਤੇ ਡੂੰਘੀਆਂ ਸੱਟਾਂ ਲੱਗੀਆਂ। ਇਹ ਦਰਦਨਾਕ ਘਟਨਾ ਉਸ ਸਮੇਂ ਸਾਹਮਣੇ ਆਈ ਜਦੋਂ ਸ਼ਾਮ ਨੂੰ ਬੱਚੇ ਦੇ ਪਿਤਾ ਨੇ ਆਪਣੇ ਪੁੱਤਰ ਦੀ ਹਾਲਤ ਵੇਖੀ। ਬੱਚੇ ਦਾ ਪਿਤਾ ਰਿਕਸ਼ਾ ਚਾਲਕ ਦਾ ਕੰਮ ਕਰਦਾ ਹੈ ਅਤੇ ਅਗਲੇ ਦਿਨ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ।
ਸ਼ਿਕਾਇਤ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਅਧਿਆਪਕਾਂ ਨੇ ਬੱਚੇ ਨੂੰ ਨਾ ਸਿਰਫ਼ ਸਕੇਲ ਨਾਲ ਕੁੱਟਿਆ, ਸਗੋਂ ਬੱਚੇ ਦੇ ਥੱਪੜ ਵੀ ਮਾਰੇ, ਉਸ ਦੇ ਢਿੱਡ ’ਤੇ ਲੱਤ ਮਾਰੀਆਂ ਅਤੇ ਕੰਨਾਂ ਤੋਂ ਫੜ ਕੇ ਉਸ ਨੂੰ ਬਲੈਕਬੋਰਡ ਤੱਕ ਘਸੀਟਿਆ। ਸੱਚਮੁੱਚ ਸੋਚਣ ਵਾਲੀ ਗੱਲ ਹੈ ਕਿ ਅਜਿਹਾ ਅੱਤਿਆਚਾਰ ਉਸ ਸਕੂਲ ਵਿੱਚ ਕੀਤਾ ਗਿਆ ਜਿੱਥੇ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਣੀ ਸੀ। ਘਟਨਾ ਤੋਂ ਬਾਅਦ ਸਕੂਲ ਮੈਨੇਜਮੈਂਟ ਨੇ ਦੋਵਾਂ ਅਧਿਆਪਕਾਂ ਨੂੰ ਮੁਅੱਤਲ ਕਰ ਦਿੱਤਾ ਹੈ।
ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਕਰਦਿਆਂ ਪੁਲਿਸ ਨੇ ਅਧਿਆਪਕਾਂ ਖਿਲਾਫ਼ ਗੋਆ ਚਿਲਡਰਨ ਐਕਟ ਦੀ ਧਾਰਾ 8, ਜੁਵੇਨਾਈਲ ਜਸਟਿਸ ਐਕਟ ਦੀ ਧਾਰਾ 82 ਅਤੇ ਭਾਰਤੀ ਨਿਆਂ ਸੰਹਿਤਾ ਦੇ ਤਹਿਤ ਕੇਸ ਦਰਜ ਕੀਤਾ ਹੈ। ਡਿਪਟੀ ਐਸਪੀ ਅਨੁਸਾਰ, "ਦੋਵੇਂ ਅਧਿਆਪਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।"