ChatGPT ਵਰਗੇ AI ਟੂਲਾਂ ਜਿਨ੍ਹਾਂ ਨੇ ਬਹੁਤ ਸਾਰੇ ਲੋਕਾਂ ਦੇ ਕਈ ਤਰ੍ਹਾਂ ਦੇ ਕੰਮਾਂ ਨੂੰ ਆਸਾਨ ਬਣਾ ਦਿੱਤਾ ਹੈ। ਇਸ ਦੀ ਵਰਤੋਂ ਪੜ੍ਹਾਈ ਦੇ ਖੇਤਰ ਵਿੱਚ ਵੀ ਕੀਤੀ ਜਾਂਦੀ ਹੈ, ਅਕਸਰ ਬੱਚੇ ਆਪਣੀ ਪੜ੍ਹਾਈ ਸੰਬੰਧੀ ਦਿੱਕਤਾਂ ਦਾ ਹੱਲ ਅਤੇ ਕੰਫਿਊਜ਼ਨ ਦੂਰ ਕਰਨ ਦੇ ਲਈ ਇਸ ਟੂਲ ਦੀ ਵਰਤੋਂ ਕਰਦੇ ਹਨ। ChatGPT ਵਰਗੇ AI ਟੂਲਾਂ ਦੇ ਇਸਤੇਮਾਲ ਨਾਲ ਕੁਝ ਖਤਰੇ ਵੀ ਵੱਧ ਰਹੇ ਹਨ। ਕੁੱਝ ਸਮਾਂ ਪਹਿਲਾਂ ਅਮਰੀਕਾ ਵਿੱਚ ਇੱਕ ਕਿਸ਼ੋਰ ਨੇ ਖੁਦਕੁਸ਼ੀ ਕਰ ਲਈ ਸੀ, ਜਿਸ ਤੋਂ ਬਾਅਦ ਉਸਦੇ ਮਾਤਾ-ਪਿਤਾ ਨੇ ਇਸ ਲਈ ChatGPT ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਇਸ ਮਾਮਲੇ ਤੋਂ ਬਾਅਦ ਕੰਪਨੀ ਨੇ ਇਸ ਚੈਟਬੌਟ ਵਿੱਚ ਕਈ ਨਵੇਂ ਸੁਰੱਖਿਆ ਉਪਾਅ ਜੋੜੇ ਸਨ। ਹੁਣ ਫਿਰ ਇਕ ਹੋਰ ਘਟਨਾ ਕਾਰਨ ਇਹ ਚੈਟਬੌਟ ਚਰਚਾ ਵਿਚ ਆ ਗਿਆ ਹੈ। ਇਸ ਵਾਰ ਇੱਕ ਸਕੂਲੀ ਵਿਦਿਆਰਥੀ ਨੇ ਇਸ ਚੈਟਬੌਟ ਤੋਂ ਆਪਣੇ ਦੋਸਤ ਦੀ ਹੱਤਿਆ ਕਰਨ ਦਾ ਤਰੀਕਾ ਪੁੱਛ ਲਿਆ। ਇਸ ਤੋਂ ਬਾਅਦ ਘਬਰਾਹਟ ਮੱਚ ਗਈ ਅਤੇ ਪੁਲਿਸ ਨੂੰ ਬੁਲਾਇਆ ਗਿਆ।
ਜਾਣੋ ਪੂਰਾ ਮਾਮਲਾ ਹੈ ਕੀ?
ਹਾਲ ਹੀ ਵਿੱਚ ਫਲੋਰਿਡਾ ਵਿੱਚ ਇੱਕ ਸਕੂਲ ਦੇ ਮਾਨੀਟਰਿੰਗ ਸਿਸਟਮ 'ਤੇ ਇੱਕ ਅਲਰਟ ਆਇਆ। ਦਰਅਸਲ, ਸਕੂਲ ਵਿੱਚ ਇੱਕ ਵਿਦਿਆਰਥੀ ਨੇ ChatGPT ਤੋਂ ਪੁੱਛਿਆ ਕਿ ਉਹ ਆਪਣੇ ਦੋਸਤ ਨੂੰ ਕਿਵੇਂ ਮਾਰ ਸਕਦਾ ਹੈ। ਇਸ ਤੋਂ ਬਾਅਦ ਕੰਪਿਊਟਰ ਨੇ ਸਕੂਲ ਦੇ ਸਿਸਟਮ 'ਤੇ ਅਲਰਟ ਭੇਜ ਦਿੱਤਾ। ਇਸ ਨਾਲ ਉਥੇ ਹੜਕੰਪ ਮਚ ਗਿਆ ਅਤੇ ਸਥਾਨਕ ਪੁਲਿਸ ਨੂੰ ਇਸਦੀ ਸੂਚਨਾ ਦਿੱਤੀ ਗਈ। ਮੌਕੇ 'ਤੇ ਪੁਹੁੰਚੀ ਪੁਲਿਸ ਨੇ ਵਿਦਿਆਰਥੀ ਤੋਂ ਪੁੱਛਗਿੱਛ ਕੀਤੀ। ਵਿਦਿਆਰਥੀ ਨੇ ਦੱਸਿਆ ਕਿ ਉਸਦਾ ਦੋਸਤ ਉਸਨੂੰ ਪਰੇਸ਼ਾਨ ਕਰਦਾ ਸੀ, ਇਸ ਲਈ ਉਸ ਨੇ ਮਜ਼ਾਕ ਵਿੱਚ ਇਹ ਸਵਾਲ ਪੁੱਛਿਆ। ਪੁਲਿਸ ਇਸ ਨਾਲ ਸੰਤੁਸ਼ਟ ਨਹੀਂ ਹੋਈ ਅਤੇ ਉਸਨੂੰ ਗ੍ਰਿਫਤਾਰ ਕਰ ਲਿਆ।
ਪੁਲਿਸ ਨੇ ਕਿਹਾ ਇਹ ਗੱਲ
ਮੌਕੇ 'ਤੇ ਪੁਹੁੰਚੇ ਇੱਕ ਪੁਲਿਸਕਰਮੀ ਨੇ ਦੱਸਿਆ ਕਿ ਵਿਦਿਆਰਥੀ ਦਾ ਮਜ਼ਾਕ ਸਕੂਲ ਵਿੱਚ ਐਮਰਜੈਂਸੀ ਵਰਗਾ ਮਾਹੌਲ ਬਣਾਉਣ ਵਾਲਾ ਸੀ। ਉਨ੍ਹਾਂ ਮਾਪਿਆਂ ਨੂੰ ਸਲਾਹ ਦਿੱਤੀ ਹੈ ਕਿ ਆਪਣੇ ਬੱਚਿਆਂ ਨਾਲ ਇਸ ਬਾਰੇ ਗੱਲ ਕਰਨ ਅਤੇ ਅਜਿਹੇ ਕੰਮਾਂ ਦੇ ਨਤੀਜਿਆਂ ਬਾਰੇ ਉਨ੍ਹਾਂ ਨੂੰ ਜਾਣੂ ਕਰਵਾਓ। ਇਹ ਘਟਨਾ ਇਸ ਸਮੇਂ ਸਾਹਮਣੇ ਆਈ ਹੈ, ਜਦੋਂ ਅਪਰਾਧਾਂ ਵਿੱਚ AI ਚੈਟਬੌਟ ਅਤੇ ਹੋਰ ਟੂਲਾਂ ਦਾ ਨਾਮ ਤੇਜ਼ੀ ਨਾਲ ਸੁਣਨ ਨੂੰ ਮਿਲ ਰਿਹਾ ਹੈ। ਕੁਝ ਦਿਨ ਪਹਿਲਾਂ ਹੀ ਇੱਕ ਮਾਮਲੇ ਵਿੱਚ ਇੱਕ ਵਿਅਕਤੀ ਨੇ ਦੱਸਿਆ ਸੀ ਕਿ ਉਹ ਬ੍ਰੇਕਅਪ ਤੋਂ ਬਾਅਦ ਚੈਟਬੌਟ ਤੋਂ ਸਲਾਹ ਲੈ ਰਿਹਾ ਸੀ ਅਤੇ ਉਸ ਨੇ ਉਸਨੂੰ 19ਵੀਂ ਮੰਜ਼ਿਲ ਤੋਂ ਛਾਲ ਮਾਰਨ ਦੀ ਸਲਾਹ ਦਿੱਤੀ।