ਵੱਟਸਐਪ ਅਜਿਹੀ ਇੰਸਟੈਂਟ ਮੈਸੇਜਿੰਗ ਐਪ ਹੈ ਜਿਸ ਨੂੰ ਵੱਡੀ ਗਿਣਤੀ ਦੇ ਵਿੱਚ ਲੋਕ ਵਰਤ ਰਹੇ ਹਨ। ਪਰ ਹੁਣ ਇੰਟਰਨੈੱਟ ਜਗਤ ਤੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਇੰਸਟੈਂਟ ਮੈਸੇਜਿੰਗ ਦੀ ਦੁਨੀਆ 'ਚ ਰਾਜ ਕਰ ਰਹੀ WhatsApp ਨੇ ਯੂਜ਼ਰਾਂ ਲਈ ਵੱਡਾ ਸੁਰੱਖਿਆ ਖਤਰਾ ਖੜਾ ਕਰ ਦਿੱਤਾ ਹੈ। ਹਾਲ ਹੀ ਵਿੱਚ ਪਤਾ ਲੱਗਿਆ ਹੈ ਕਿ ਐਪ ਦੇ ਲਗਭਗ 3.5 ਬਿਲੀਅਨ ਅਕਾਊਂਟਾਂ ਦੇ ਮੋਬਾਈਲ ਨੰਬਰ ਆਨਲਾਈਨ ਲੀਕ ਹੋ ਗਏ ਹਨ। ਮਤਲਬ, ਦੁਨੀਆ ਦੇ ਹਰ ਵੱਡੇ ਤੇ ਛੋਟੇ WhatsApp ਯੂਜ਼ਰ ਦਾ ਨੰਬਰ ਹੁਣ ਆਨਲਾਈਨ ਉਪਲਬਧ ਹੈ। ਇਸ ਲੀਕ ਦਾ ਕਾਰਨ ਕੋਈ ਹੈਕਰ ਹਮਲਾ ਨਹੀਂ, ਸਗੋਂ WhatsApp ਦੀ ਮਾਲਕ ਕੰਪਨੀ Meta ਦੀ ਪੁਰਾਣੀ ਲਾਪਰਵਾਹੀ ਹੈ।
ਰਿਸਰਚਰਾਂ ਦਾ ਕਹਿਣਾ ਹੈ ਕਿ ਇਹ ਖਾਮੀ ਸਾਲ 2017 ਤੋਂ ਮੌਜੂਦ ਸੀ ਅਤੇ ਉਸ ਸਮੇਂ ਤੋਂ ਇਸਨੂੰ ਨਜ਼ਰਅੰਦਾਜ਼ ਕੀਤਾ ਗਿਆ। University of Vienna ਦੇ ਸਾਈਬਰ ਸੁਰੱਖਿਆ ਵਿਸ਼ੇਸ਼ਗਿਆ ਨੇ ਸਿਰਫ਼ ਅੱਧੇ ਘੰਟੇ ਵਿੱਚ ਅਮਰੀਕਾ ਦੇ 3 ਕਰੋੜ ਤੋਂ ਵੱਧ ਨੰਬਰ ਪ੍ਰਾਪਤ ਕਰ ਲਏ ਸਨ। ਹਾਲਾਂਕਿ, ਉਹਨਾਂ ਨੇ ਇਹ ਡੇਟਾ ਸੁਰੱਖਿਅਤ ਢੰਗ ਨਾਲ ਡਿਲੀਟ ਕਰ ਦਿੱਤਾ ਅਤੇ Meta ਨੂੰ ਜਾਣੂ ਕਰਵਾਇਆ।
ਬਣ ਸਕਦਾ ਸੀ ਸਭ ਤੋਂ ਵੱਡਾ ਡਾਟਾ ਲੀਕ
ਵਿਸ਼ੇਸ਼ਗਿਆ ਇਸ ਸੁਰੱਖਿਆ ਖ਼ਾਮੀ ਨੂੰ “ਸਾਦਾ” ਮਸਲਾ ਦੱਸਦੇ ਹਨ, ਪਰ ਉਹ ਕਹਿੰਦੇ ਹਨ ਕਿ ਜੇ ਹੈਕਰਾਂ ਨੂੰ ਇਸਦਾ ਪਤਾ ਲੱਗਦਾ, ਤਾਂ ਇਹ ਇਤਿਹਾਸ ਦਾ ਸਭ ਤੋਂ ਵੱਡਾ ਡੇਟਾ ਲੀਕ ਬਣ ਸਕਦਾ ਸੀ। ਅਸਲ ਵਿੱਚ, ਇਹ ਖਾਮੀ WhatsApp ਦੇ ਨੰਬਰ ਵੇਰੀਫਿਕੇਸ਼ਨ ਪ੍ਰੋਸੈਸ ਵਿੱਚ ਹੈ। ਜਦੋਂ ਅਸੀਂ ਕਿਸੇ ਦਾ ਨੰਬਰ ਆਪਣੇ ਫ਼ੋਨ ਵਿੱਚ ਸੇਵ ਕਰਦੇ ਹਾਂ, ਐਪ ਪਤਾ ਕਰ ਲੈਂਦਾ ਹੈ ਕਿ ਉਹ ਯੂਜ਼ਰ WhatsApp ਵਰਤਦਾ ਹੈ ਜਾਂ ਨਹੀਂ। ਇਸ ਪ੍ਰਕਿਰਿਆ ਵਿੱਚ ਸੇਂਧ ਲਾਈ ਜਾ ਸਕਦੀ ਹੈ, ਜਿਸ ਨਾਲ ਲੱਖਾਂ ਨੰਬਰ ਆਸਾਨੀ ਨਾਲ ਐਕਸੈੱਸ ਕੀਤੇ ਜਾ ਸਕਦੇ ਹਨ।
Meta ਹੁਣ ਇਸਨੂੰ Bug Bounty Program ਦੇ ਤਹਿਤ ਠੀਕ ਕਰਨ ਦੀ ਗੱਲ ਕਰ ਰਹੀ ਹੈ। ਕੰਪਨੀ ਦਾ ਕਹਿਣਾ ਹੈ ਕਿ University of Vienna ਨਾਲ ਸਹਿਯੋਗ ਦੇ ਕਾਰਨ ਇਹ ਖਾਮੀ ਸਾਹਮਣੇ ਆਈ ਅਤੇ ਇਸਨੂੰ ਫਿਕਸ ਕੀਤਾ ਜਾ ਰਿਹਾ ਹੈ। ਪਰ ਸਵਾਲ ਇਹ ਹੈ ਕਿ ਇਹ ਖਾਮੀ ਅੱਠ ਸਾਲ ਤੱਕ ਕਿਉਂ ਨਜ਼ਰਅੰਦਾਜ਼ ਰਹੀ, ਜਦ ਕਿ ਹੁਣ ਮੀਡੀਆ ਵਿੱਚ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਸਨੂੰ ਸੁਰੱਖਿਆ ਸੁਧਾਰ ਦਾ ਹਿੱਸਾ ਦੱਸਿਆ ਜਾ ਰਿਹਾ ਹੈ।
ਸੁਰੱਖਿਆ ਵਿਸ਼ੇਸ਼ਗਿਆ ਦੇ ਮੁਤਾਬਕ, ਇਹ ਘਟਨਾ ਸਾਨੂੰ ਯਾਦ ਦਿਲਾਉਂਦੀ ਹੈ ਕਿ ਦੁਨੀਆ ਦੀਆਂ
ਸਭ ਤੋਂ ਵੱਡੀਆਂ ਮੈਸੇਜਿੰਗ ਐਪਸ ਵਿੱਚ ਵੀ ਡੇਟਾ ਸੁਰੱਖਿਆ ਹਮੇਸ਼ਾ ਖ਼ਤਰੇ ਵਿੱਚ ਰਹਿੰਦੀ ਹੈ। ਯੂਜ਼ਰਾਂ ਲਈ ਵੀ ਜ਼ਰੂਰੀ ਹੈ ਕਿ ਉਹ ਸਾਵਧਾਨ ਰਹਿਣ ਅਤੇ ਆਪਣੀ ਨਿੱਜੀ ਜਾਣਕਾਰੀ ਸਾਂਝੀ ਕਰਨ ਵਿੱਚ ਬੜੀ ਸੰਭਾਲ ਵਰਤਣ।