ਨਵੀਂ ਦਿੱਲੀ: ਆਈਫੋਨ ਯੂਜਰਜ਼ ਵੀ ਹੁਣ ਵਟਸਐਪ 'ਤੇ ਕੋਈ ਮੈਸੇਜ ਸਿਰਫ ਪੰਜ ਵਾਰ ਹੀ ਫਾਰਵਰਡ ਕਰ ਸਕਣਗੇ। ਭਾਰਤ 'ਚ ਫੇਕ ਖ਼ਬਰਾਂ ਦੇ ਵਧਦੇ ਰੁਝਾਨ ਤੋਂ ਬਾਅਦ ਵਟਸਐਪ ਨੇ ਇਹ ਫੀਚਰ ਲਿਆਂਦਾ ਸੀ। ਇਹ ਫੀਚਰ ਅਪਡੇਟ ਵਰਜ਼ਨ 2.18.81 'ਚ ਦਿੱਤਾ ਜਾਵੇਗਾ।
ਫੀਚਰ ਨੂੰ ਕਈ ਦਿਨਾਂ ਤੱਕ ਟੈਸਟ ਕਰਨ ਤੋਂ ਬਾਅਦ iOS ਯੂਜਰਜ਼ ਲਈ ਲਾਗੂ ਕੀਤਾ ਗਿਆ ਹੈ। ਯੂਜਰਜ਼ ਆਪਣੇ ਐਪ ਨੂੰ ਵਟਸਐਪ ਦੇ ਐਪਲ ਸਟੋਰ ਤੋਂ ਅਪਡੇਟ ਕਰ ਸਕਦੇ ਹਨ। ਫੇਕ ਖ਼ਬਰਾਂ ਨੂੰ ਠੱਲ੍ਹ ਪਾਉਣ ਲਈ ਵਟਸਐਪ ਨੇ ਪਿਛਲੇ ਮਹੀਨੇ ਸ਼ੱਕੀ ਲਿੰਕ ਖੋਜ ਫੀਚਰ ਵੀ ਜਾਰੀ ਕੀਤਾ ਸੀ। ਇਸ ਦੀ ਮਦਦ ਨਾਲ ਯੂਜਰ ਕੋਲ ਆਏ ਕਿਸੇ ਵੀ ਮੈਸੇਜ ਨੂੰ ਖੋਲ੍ਹ ਕੇ ਇਹ ਪਤਾ ਲਾਇਆ ਜਾ ਸਕਦਾ ਹੈ ਕਿ ਆਇਆ ਹੋਇਆ ਲਿੰਕ ਸਹੀ ਹੈ ਜਾਂ ਗਲਤ।
ਇਸੇ ਮਹੀਨੇ ਵਟਸਐਪ ਨੇ ਆਪਣਾ ਮੇਜਰ ਫੀਚਰ ਗਰੁੱਪ ਵੀਡੀਓ ਤੇ ਵਾਇਸ ਕਾਲਿੰਗ ਨੂੰ ਐਂਡਰਾਇਡ ਤੇ ਆਈਫੋਨ ਯੂਰਜ਼ ਲਈ ਜਾਰੀ ਕੀਤਾ ਸੀ। ਇਸ ਤੋਂ ਪਹਿਲਾਂ ਵੀਡੀਓ ਕਾਲ ਤੇ ਵਾਇਸ ਕਾਲ ਨੂੰ ਸਿਰਫ ਦੋ ਲੋਕਾਂ ਦਰਮਿਆਨ ਹੀ ਵਰਤਿਆ ਜਾ ਸਕਦਾ ਸੀ ਜਦਕਿ ਹੁਣ ਇਹ ਗਿਣਤੀ ਵਧਾ ਕੇ ਚਾਰ ਕਰ ਦਿੱਤੀ ਗਈ ਹੈ।
ਪਿਛਲੇ ਹਫਤੇ ਇਹ ਵੀ ਕਿਹਾ ਗਿਆ ਕਿ ਵਟਸਐਪ ਪਿਕਚਰ ਮੋਡ 'ਤੇ ਵੀ ਕੰਮ ਕਰ ਰਿਹਾ ਹੈ ਜਿੱਥੇ ਯੂਜ਼ਰ ਚੈਟ ਦੌਰਾਨ ਹੀ ਇੰਸਟਾਗ੍ਰਾਮ ਤੇ ਯੂਟਿਊਬ ਦੇ ਵੀਡੀਓ ਨੂੰ ਬਿਨਾਂ ਕਿਸੇ ਰੁਕਾਵਟ ਦੇਖ ਸਕਦੇ ਹਨ। ਦੱਸ ਦੇਈਏ ਕਿ ਇਹ ਫੀਚਰ iOS 'ਚ ਪਹਿਲਾਂ ਹੀ ਆ ਚੁੱਕਾ ਹੈ।