WhatsApp ਯੂਜ਼ਰਜ਼ ਨੂੰ ਕੁਝ ਸਮਾਂ ਪਹਿਲਾਂ ਤੱਕ 15 ਮਈ ਤੋਂ ਅਕਾਊਂਟ ਬੰਦ ਹੋਣ ਦਾ ਡਰ ਸੀ ਪਰ ਕਿਸੇ ਦਾ ਵੀ ਅਕਾਊਂਟ ਬੰਦ ਨਹੀਂ ਹੋਇਆ; ਭਾਵੇਂ ਉਸ ਨੇ ਨਵੀਂ ਪ੍ਰਾਈਵੇਸੀ ਪਾਲਿਸੀ ਨੂੰ ਪ੍ਰਵਾਨ ਨਾ ਵੀ ਕੀਤਾ ਹੋਵੇ। ਕੰਪਨੀ ਨੇ ਇਸ ਤੋਂ ਪਹਿਲਾਂ ਹੀ ਵਰਤੋਂਕਾਰਾਂ ਨੂੰ ਅਲਟੀਮੇਟਮ ਦਿੱਤਾ ਸੀ ਕਿ ਮੈਸੇਜਿੰਗ ਐਪ ਦੀ ਵਰਤੋਂ ਜਾਰੀ ਰੱਖਣ ਲਈ ਯੂਜ਼ਰਜ਼ ਨੂੰ ਨਵੀਂ ਪ੍ਰਾਈਵੇਸੀ ਪਾਲਿਸੀ ਅਕਸੈਪਟ ਕਰਨੀ ਹੋਵੇਗੀ ਪਰ ਹੁਣ ਅਜਿਹਾ ਨਹੀਂ ਹੋ ਰਿਹਾ ਕਿਉਂਕਿ ਮੈਸੇਜਿੰਗ ਐਪ ਨੇ ਪ੍ਰਾਈਵੇਸੀ ਪਾਲਿਸੀ ਨਾਲ ਜੁੜੇ ਅਪਡੇਟ ਦਾ ਐਲਾਨ ਕੀਤਾ ਹੈ।
ਵ੍ਹਟਸਐਪ ਨੇ 15 ਮਈ ਦੀ ਡੈੱਡਲਾਈਨ ਤੋਂ ਪਹਿਲਾਂ ਆਖਿਆ ਸੀ ਕਿ ਉਹ ਨਵੀਂ ਪ੍ਰਾਈਵੇਸੀ ਪਾਲਿਸ ਨੂੰ ਅਕਸੈਪਟ ਨਾ ਕਰਨ ’ਤੇ ਵੀ ਯੂਜ਼ਰਜ਼ ਦੇ ਅਕਾਊਂਟ ਨੂੰ ਡਿਲੀਟ ਨਹੀਂ ਕਰੇਗਾ ਪਰ ਅਜਿਹਾ ਨਹੀਂ ਹੈ ਕਿ ਚੀਜ਼ਾਂ ਇੰਨੀਆਂ ਸਰਲ ਹਨ। ਵ੍ਹਟਸਐਪ ਭਾਵੇਂ ਤੁਹਾਡਾ ਖਾਤਾ ਡਿਲੀਟ ਨਹੀਂ ਕਰੇਗਾ ਪਰ ਕੁਝ ਫ਼ੰਕਸ਼ਨ ਸੀਮਤ ਹੋ ਜਾਣਗੇ। ਵ੍ਹਟਸਐਪ ਯੂਜ਼ਰਜ਼ ਨੂੰ ਕੁਝ ਹਫ਼ਤਿਆਂ ਤੱਕ ਰੀਮਾਈਂਡਰ ਭੇਜਦਾ ਰਹੇਗਾ ਤੇ ਜੇ ਫਿਰ ਵੀ ਯੂਜ਼ਰਜ਼ ਪ੍ਰਾਈਵੇਸੀ ਪਾਲਿਸੀ ਨੂੰ ਪ੍ਰਵਾਨ ਨਹੀਂ ਕਰਦੇ ਹਨ, ਤਾਂ ਐਪ ਪੂਰੀ ਤਰ੍ਹਾਂ ਬੇਕਾਰ ਹੋ ਕੇ ਰਹਿ ਜਾਵੇਗੀ। ਬਿਨਾ ਕਿਸੇ ਬੇਸਿਕ ਫ਼ੀਚਰ ਦੇ ਇੱਕ ਡਮੀ ਐਪ ਬਣ ਜਾਵੇਗੀ।
ਵ੍ਹਟਸਐਪ ਯੂਜ਼ਰਜ਼ ਜੇ ਰੀਮਾਈਂਡਰ ਭੇਜਣ ਤੋਂ ਬਾਅਦ ਵੀ ਪਾਲਿਸੀ ਨੂੰ ਪ੍ਰਵਾਨ ਨਹੀਂ ਕਰਦੇ ਹਨ, ਤਾਂ ਐਪ ਸ਼ੁਰੂਆਤੀ ਸਮੇਂ ’ਚ ਇਨਕਮਿੰਗ ਆਡੀਓ ਤੇ ਵੀਡੀਓ ਕਾੱਲ ਦਾ ਜਵਾਬ ਦੇਣ ਦੇਵੇਗਾ ਪਰ ਚੈਟ ਲਿਸਟ ਦਾ ਨਹੀਂ। ਤੁਸੀਂ ਨੋਟੀਫ਼ਿਕੇਸ਼ਨ ਇਨੇਬਲ ਕਰਕੇ ਨੋਟੀਫ਼ਿਕੇਸ਼ਨ ਪੈਨਲ ਤੋਂ ਵੀਡੀਓ ਕਾੱਲ ਦਾ ਜਵਾਬ ਦੇ ਸਕੋਗੇ। ਫਿਰ ਕੁਝ ਹਫ਼ਤਿਆਂ ਬਾਅਦ ਇਨਕਮਿੰਗ ਆਡੀਓ ਤੇ ਵਿਡੀਓ ਕਾੱਲ ਆਉਣੀ ਵੀ ਬੰਦ ਹੋ ਜਾਵੇਗੀ ਪਰ ਇਸ ਪੱਧਰ ਉੱਤੇ ਪੁੱਜਣ ਤੋਂ ਪਹਿਲਾਂ ਵ੍ਹਟਸਐਪ ਤੁਹਾਨੂੰ ਅਣਗਿਣਤ ਨੋਟੀਫ਼ਿਕੇਸ਼ਨ ਭੇਜੇਗਾ।
ਵ੍ਹਟਸਐਪ ਨੇ ਇੱਕ ਬਿਆਨ ਰਾਹੀਂ ਦੱਸਿਆ ਕਿ ਕੁਝ ਹਫ਼ਤਿਆਂ ਤੱਕ ਸੀਮਤ ਫ਼ੰਕਸ਼ਨ ਚੱਲਦੇ ਰਹਿਣਗੇ। ਫਿਰ ਤੁਹਾਨੂੰ ਇਨਕਮਿੰਗ ਕਾੱਲ ਜਾਂ ਨੋਟੀਫ਼ਿਕੇਸ਼ਨ ਮਿਲਣੇ ਹਟ ਜਾਣਗੇ। ਵ੍ਹਟਸਐਪ ਤੁਹਾਡੇ ਫ਼ੋਨ ਉੱਤੇ ਮੈਸੇਜ ਤੇ ਕਾਲ ਸੈਂਡ ਕਰਨਾ ਬੰਦ ਕਰ ਦੇਵੇਗਾ। ਤਦ ਯੂਜ਼ਰਜ਼ ਨੂੰ ਚੁਣਨਾ ਹੋਵੇਗਾ ਕਿ ਉਹ ਜਾਂ ਤਾਂ ਨਵੀਂਆਂ ਸ਼ਰਤਾਂ ਨੂੰ ਪ੍ਰਵਾਨ ਕਰਨ ਜਾਂ ਵ੍ਹਟਸਐਪ ਦੀ ਵਰਤੋਂ ਕਰਨ ਤੋਂ ਰੋਕ ਦਿੱਤੇ ਜਾਣ।
ਰੀਮਾਈਂਡਰ ਯੂਜ਼ਰਜ਼ ਨੂੰ ਪਾਲਿਸੀ ਅਕਸੈਪਟ ਕਰਨ ਲਈ ਆਖਦਾ ਹੈ ਤੇ ਇਹ ਕਦੇ-ਕਦੇ ਪੌਪ-ਅੱਪ ਹੁੰਦਾ ਹੈ ਭਾਵ ਉੱਛਲ ਕੇ ਅਚਾਨਕ ਸਾਹਮਣੇ ਆਉਂਦਾ ਹੈ। ਜਦੋਂ ਵੀ ਤੁਸੀਂ ਮੈਸੇਜਿੰਗ ਐਪ ਖੋਲ੍ਹਦੇ ਹੋ, ਤਾਂ ਇਹ ਤੁਹਾਡੇ ਡਿਸਪਲੇਅ ਉੱਤੇ ਪੱਕੇ ਤੌਰ ਉੱਤੇ ਵਿਖਾਈ ਦੇਵੇਗਾ।
ਫ਼ਿਕਸਡ ਰੀਮਾਈਂਡਰ ਸਕ੍ਰੀਨ ਤੋਂ ਛੁਟਕਾਰਾ ਹਾਸਲ ਕਰਨ ਦਾ ਇੱਕੋ-ਇੱਕ ਤਰੀਕਾ ਮੈਸੇਜ ਦੇ ਹੇਠਾਂ ‘ਅਕਸੈਪਟ’ ਬਟਨ ਉੱਤੇ ਟੈਪ ਕਰਨਾ ਹੈ, ਜੇ ਤੁਸੀਂ ਪ੍ਰਾਈਵੇਸੀ ਪਾਲਿਸੀ ਨੂੰ ਪ੍ਰਵਾਨ ਕਰਨ ਬਾਰੇ ਨਿਸ਼ਚਤ ਨਹੀਂ ਹੋ, ਤਾਂ ਤੁਸੀਂ ਵ੍ਹਟਸਐਪ ਨੂੰ ਸਦਾ ਲਈ ਅਲਵਿਦਾ ਆਖ ਕੇ ਕਿਸੇ ਹੋਰ ਐਪ ਦੀ ਵਰਤੋਂ ਸ਼ੁਰੂ ਕਰ ਸਕਦੇ ਹੋ।