WhatsApp Travel eSIM : ਵਿਦੇਸ਼ ਜਾਣ ਵਾਲੇ ਲੋਕਾਂ ਲਈ ਚੰਗੀ ਖ਼ਬਰ ਹੈ। ਹੁਣ ਦੂਜੇ ਦੇਸ਼ ਵਿੱਚ ਇੰਟਰਨੈੱਟ ਚਲਾਉਣ ਲਈ ਏਅਰਪੋਰਟ 'ਤੇ ਲੋਕਲ ਸਿਮ ਕਾਰਡ ਖਰੀਦਣ ਜਾਂ ਮਹਿੰਗੇ ਇੰਟਰਨੈਸ਼ਨਲ ਰੋਮਿੰਗ ਪੈਕ ਲੈਣ ਦੀ ਲੋੜ ਘੱਟ ਹੋ ਸਕਦੀ ਹੈ। ਦਰਅਸਲ, WhatsApp ਇੱਕ ਨਵੇਂ ਫੀਚਰ 'ਤੇ ਕੰਮ ਕਰ ਰਿਹਾ ਹੈ, ਜਿਸ ਦੀ ਮਦਦ ਨਾਲ ਯੂਜ਼ਰ ਸਿੱਧੇ WhatsApp ਐਪ ਰਾਹੀਂ ਹੀ Travel eSIM ਖਰੀਦ ਅਤੇ ਇੰਸਟਾਲ ਕਰ ਸਕਣਗੇ।
WhatsApp ਐਪ ਤੋਂ ਹੀ ਮਿਲੇਗੀ eSIM
ਇਸ ਨਵੇਂ ਫੀਚਰ ਦੇ ਆਉਣ ਤੋਂ ਬਾਅਦ ਯੂਜ਼ਰਾਂ ਨੂੰ ਵਿਦੇਸ਼ ਵਿੱਚ ਇੰਟਰਨੈੱਟ ਚਲਾਉਣ ਲਈ ਵੱਖਰੇ ਸਿਮ ਕਾਰਡ ਲੱਭਣ ਦੀ ਪਰੇਸ਼ਾਨੀ ਨਹੀਂ ਹੋਵੇਗੀ। ਉਹ WhatsApp ਐਪ ਦੇ ਅੰਦਰ ਹੀ ਕੁਝ ਆਸਾਨ ਸਟੈਪਸ ਰਾਹੀਂ Travel eSIM ਖਰੀਦ ਸਕਣਗੇ ਅਤੇ ਆਪਣੇ ਫੋਨ ਵਿੱਚ ਇੰਸਟਾਲ ਕਰ ਸਕਣਗੇ। ਕੰਪਨੀ ਇਸ ਪ੍ਰਕਿਰਿਆ ਨੂੰ ਮੈਸੇਜ ਭੇਜਣ ਜਿੰਨਾ ਆਸਾਨ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।
Jio ਸਮੇਤ ਇਨ੍ਹਾਂ ਕੰਪਨੀਆਂ ਨਾਲ ਸਾਂਝ
ਇਸ ਸਹੂਲਤ ਨੂੰ ਵੱਖ-ਵੱਖ ਦੇਸ਼ਾਂ ਵਿੱਚ ਸ਼ੁਰੂ ਕਰਨ ਲਈ WhatsApp ਕਈ ਟੈਲੀਕਾਮ ਕੰਪਨੀਆਂ ਅਤੇ eSIM ਪ੍ਰੋਵਾਈਡਰਾਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਇਨ੍ਹਾਂ ਵਿੱਚ ਭਾਰਤ ਦੀ Reliance Jio ਤੋਂ ਇਲਾਵਾ Smart Axiata, Smart Communications ਅਤੇ Verizon ਵਰਗੀਆਂ ਕੰਪਨੀਆਂ ਸ਼ਾਮਲ ਹਨ।
ਪੁਰਾਣੇ WhatsApp ਨੰਬਰ 'ਤੇ ਹੀ ਚੱਲੇਗੀ ਚੈਟ
ਇਸ ਫੀਚਰ ਦੀ ਖ਼ਾਸ ਗੱਲ ਇਹ ਹੈ ਕਿ ਵਿਦੇਸ਼ ਵਿੱਚ Travel eSIM ਦੀ ਵਰਤੋਂ ਕਰਨ ਦੇ ਬਾਵਜੂਦ ਯੂਜ਼ਰ ਆਪਣਾ ਪੁਰਾਣਾ WhatsApp ਨੰਬਰ ਹੀ ਵਰਤ ਸਕਣਗੇ। ਉਨ੍ਹਾਂ ਨੂੰ WhatsApp ਚਲਾਉਣ ਲਈ ਆਪਣਾ ਨੰਬਰ ਬਦਲਣ ਦੀ ਲੋੜ ਨਹੀਂ ਪਵੇਗੀ। ਨਵੇਂ eSIM ਰਾਹੀਂ ਇੰਟਰਨੈੱਟ ਚੱਲੇਗਾ ਅਤੇ ਯੂਜ਼ਰ ਪਹਿਲਾਂ ਵਾਂਗ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਜੁੜੇ ਰਹਿ ਸਕਣਗੇ।
ਅਜੇ ਨਹੀਂ ਹੋਇਆ ਸਾਰੇ ਦੇਸ਼ਾਂ ਲਈ ਐਲਾਨ
WhatsApp ਵੱਲੋਂ ਇਹ ਸਹੂਲਤ ਜਲਦ ਹੀ ਕੁਝ ਦੇਸ਼ਾਂ ਵਿੱਚ ਸ਼ੁਰੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਹਾਲਾਂਕਿ, ਕੰਪਨੀ ਨੇ ਅਜੇ ਉਨ੍ਹਾਂ ਦੇਸ਼ਾਂ ਦੇ ਨਾਂ ਨਹੀਂ ਦੱਸੇ ਜਿੱਥੇ ਸਭ ਤੋਂ ਪਹਿਲਾਂ ਇਹ ਸੇਵਾ ਸ਼ੁਰੂ ਹੋਵੇਗੀ। ਭਾਰਤ ਵਿੱਚ ਇਹ ਫੀਚਰ ਕਦੋਂ ਆਵੇਗਾ ਅਤੇ eSIM ਡਾਟਾ ਪਲਾਨ ਦੀ ਕੀਮਤ ਕਿੰਨੀ ਹੋਵੇਗੀ, ਇਸ ਬਾਰੇ ਵੀ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।