WhatsApp Web Alert : ਜੇਕਰ ਤੁਸੀਂ ਦਫ਼ਤਰ ਜਾਂ ਕਿਸੇ ਹੋਰ ਵਿਅਕਤੀ ਦੇ ਕੰਪਿਊਟਰ 'ਤੇ WhatsApp Web ਚਲਾਉਂਦੇ ਹੋ ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਤੁਹਾਡੀ ਇੱਕ ਛੋਟੀ ਜਿਹੀ ਲਾਪਰਵਾਹੀ ਤੁਹਾਡੀਆਂ ਨਿੱਜੀ ਚੈਟਾਂ ਕਿਸੇ ਹੋਰ ਵਿਅਕਤੀ ਦੇ ਹੱਥਾਂ ਵਿੱਚ ਪਹੁੰਚਾ ਸਕਦੀ ਹੈ।
ਦਰਅਸਲ, ਗ੍ਰਹਿ ਮੰਤਰਾਲੇ ਦੇ ਅਧੀਨ ਕੰਮ ਕਰਨ ਵਾਲੇ ਇੰਡੀਅਨ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ (I4C) ਵੱਲੋਂ WhatsApp Web ਦੀ ਵਰਤੋਂ ਕਰਨ ਵਾਲਿਆਂ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਸ ਵਿੱਚ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਤੁਸੀਂ ਕਿਸੇ ਦੂਜੇ ਦੇ ਕੰਪਿਊਟਰ 'ਤੇ WhatsApp Web ਲੌਗਇਨ ਕਰਕੇ ਲੌਗਆਊਟ ਕਰਨਾ ਭੁੱਲ ਜਾਂਦੇ ਹੋ ਤਾਂ ਕੋਈ ਹੋਰ ਤੁਹਾਡੇ ਅਕਾਊਂਟ ਦੀ ਗਲਤ ਵਰਤੋਂ ਕਰ ਸਕਦਾ ਹੈ।
ਕਿਵੇਂ ਹੋ ਸਕਦੀ ਹੈ ਤੁਹਾਡੇ WhatsApp ਅਕਾਊਂਟ ਦੀ ਗਲਤ ਵਰਤੋਂ?
ਐਡਵਾਈਜ਼ਰੀ ਮੁਤਾਬਕ ਜੇਕਰ ਕਿਸੇ ਦੂਜੇ ਦੇ ਕੰਪਿਊਟਰ 'ਤੇ ਤੁਹਾਡਾ WhatsApp Web ਲੌਗਇਨ ਰਹਿ ਜਾਂਦਾ ਹੈ ਤਾਂ ਉਹ ਵਿਅਕਤੀ ਤੁਹਾਡੀਆਂ ਨਿੱਜੀ ਚੈਟਾਂ ਪੜ੍ਹ ਸਕਦਾ ਹੈ। ਇੰਨਾ ਹੀ ਨਹੀਂ, ਉਹ ਤੁਹਾਡੇ ਨਾਮ 'ਤੇ ਦੂਜਿਆਂ ਨੂੰ ਮੈਸੇਜ ਭੇਜ ਸਕਦਾ ਹੈ ਅਤੇ ਤੁਹਾਡੇ ਕਾਂਟੈਕਟਸ ਤੇ ਗਰੁੱਪਾਂ ਦੀ ਗੱਲਬਾਤ ਵੀ ਦੇਖ ਸਕਦਾ ਹੈ।
ਠੱਗ ਤੁਹਾਡੇ ਅਕਾਊਂਟ ਦੀ ਵਰਤੋਂ ਕਰਕੇ ਤੁਹਾਡੇ ਦੋਸਤਾਂ, ਰਿਸ਼ਤੇਦਾਰਾਂ ਜਾਂ ਸਹਿਕਰਮੀਆਂ ਨੂੰ ਮੈਸੇਜ ਭੇਜ ਕੇ ਪੈਸਿਆਂ ਦੀ ਮੰਗ ਕਰ ਸਕਦੇ ਹਨ। ਸਭ ਤੋਂ ਵੱਡਾ ਖ਼ਤਰਾ ਇਹ ਹੈ ਕਿ ਸਾਹਮਣੇ ਵਾਲਾ ਵਿਅਕਤੀ ਤੁਹਾਡੇ ਨਾਮ ਤੋਂ ਆਏ ਮੈਸੇਜ 'ਤੇ ਆਸਾਨੀ ਨਾਲ ਭਰੋਸਾ ਕਰ ਸਕਦਾ ਹੈ।
I4C ਨੇ ਕੀਤੀਆਂ ਇਹ 5 ਖ਼ਾਸ ਹਦਾਇਤਾਂ
I4C ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਦਫ਼ਤਰ, ਸਾਈਬਰ ਕੈਫੇ ਜਾਂ ਅਜਿਹੇ ਕੰਪਿਊਟਰਾਂ 'ਤੇ WhatsApp Web ਚਲਾਉਣ ਤੋਂ ਬਚੋ, ਜਿਨ੍ਹਾਂ ਦੀ ਵਰਤੋਂ ਕਈ ਲੋਕ ਕਰਦੇ ਹਨ।
1. ਸਰਕਾਰੀ ਕੰਮ, ਦਫ਼ਤਰ ਨਾਲ ਜੁੜੀ ਜ਼ਰੂਰੀ ਜਾਣਕਾਰੀ ਜਾਂ ਸੰਵੇਦਨਸ਼ੀਲ ਜਾਣਕਾਰੀ WhatsApp Web ਰਾਹੀਂ ਸਾਂਝੀ ਕਰਨ ਤੋਂ ਬਚੋ।
2. ਕੰਮ ਖ਼ਤਮ ਹੋਣ ਤੋਂ ਬਾਅਦ WhatsApp Web ਤੋਂ ਲੌਗਆਊਟ ਜ਼ਰੂਰ ਕਰੋ। ਸਿਰਫ਼ ਬ੍ਰਾਊਜ਼ਰ ਦੀ ਟੈਬ ਜਾਂ ਵਿੰਡੋ ਬੰਦ ਕਰਨਾ ਕਾਫ਼ੀ ਨਹੀਂ ਹੈ।
3. ਜੇਕਰ ਕਿਸੇ ਹੋਰ ਕੰਪਿਊਟਰ 'ਤੇ WhatsApp Web ਚਲਾਉਣਾ ਜ਼ਰੂਰੀ ਹੈ ਤਾਂ ਭਰੋਸੇਯੋਗ ਕੰਪਿਊਟਰ 'ਤੇ Incognito ਜਾਂ Private Browsing ਮੋਡ ਦੀ ਵਰਤੋਂ ਕਰੋ। ਪਰ ਬ੍ਰਾਊਜ਼ਰ ਬੰਦ ਕਰਨ ਤੋਂ ਪਹਿਲਾਂ ਲੌਗਆਊਟ ਜ਼ਰੂਰ ਕਰੋ।
4. ਸਾਈਬਰ ਕੈਫੇ, ਹੋਟਲ ਦੇ ਬਿਜ਼ਨਸ ਸੈਂਟਰ ਜਾਂ ਕਿਸੇ ਅਣਜਾਣ ਵਿਅਕਤੀ ਦੇ ਕੰਪਿਊਟਰ 'ਤੇ WhatsApp Web ਲੌਗਇਨ ਨਾ ਕਰੋ।
5. ਜੇਕਰ ਤੁਹਾਡੇ WhatsApp ਅਕਾਊਂਟ ਤੋਂ ਅਜਿਹੇ ਮੈਸੇਜ ਭੇਜੇ ਜਾ ਰਹੇ ਹਨ, ਜੋ ਤੁਸੀਂ ਨਹੀਂ ਭੇਜੇ ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ। ਇਹ ਅਕਾਊਂਟ ਦੀ ਗਲਤ ਵਰਤੋਂ ਦਾ ਸੰਕੇਤ ਹੋ ਸਕਦਾ ਹੈ।
ਇਸ ਤੋਂ ਇਲਾਵਾ ਆਪਣੇ ਕੰਪਿਊਟਰ, ਬ੍ਰਾਊਜ਼ਰ ਅਤੇ ਸੁਰੱਖਿਆ ਸਾਫਟਵੇਅਰ ਨੂੰ ਹਮੇਸ਼ਾ ਅਪਡੇਟ ਰੱਖੋ। ਕਿਸੇ ਵੀ ਅਣਜਾਣ ਫਾਈਲ ਜਾਂ ਸ਼ੱਕੀ ਡਾਊਨਲੋਡ ਤੋਂ ਬਚੋ। ਆਪਣੀ ਡਿਜੀਟਲ ਸੁਰੱਖਿਆ ਲਈ ਥੋੜ੍ਹੀ ਜਿਹੀ ਸਾਵਧਾਨੀ ਤੁਹਾਨੂੰ ਵੱਡੇ ਨੁਕਸਾਨ ਤੋਂ ਬਚਾ ਸਕਦੀ ਹੈ।