WhatsApp Wedding Card Fraud: ਭਾਰਤ 'ਚ ਇਸ ਸਮੇਂ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਅਜਿਹੇ ਵਿੱਚ ਸਕੈਮਰਸ ਦੀ ਨਜ਼ਰ ਤੁਹਾਡਾ ਬੈਂਕ ਖਾਤਾ ਖਾਲੀ ਕਰਨ 'ਤੇ ਹੈ। ਧੋਖਾਧੜੀ ਕਰਨ ਵਾਲਿਆਂ ਨੇ ਲੋਕਾਂ ਨੂੰ ਫਸਾਉਣ ਦਾ ਨਵਾਂ ਤਰੀਕਾ ਲੱਭ ਲਿਆ ਹੈ। ਭਾਰਤ ਦੇ 4-4 ਸੂਬਿਆਂ ਦੀ ਪੁਲਿਸ ਨੇ ਇਸ ਸਬੰਧੀ ਚੇਤਾਵਨੀ ਜਾਰੀ ਕੀਤੀ ਹੈ। ਇਹ ਸਕੈਮਰਸ ਲੋਕਾਂ ਨੂੰ ਠੱਗਣ ਲਈ ਵਿਆਹਾਂ ਦੇ ਸੀਜ਼ਨ ਦਾ ਫਾਇਦਾ ਚੁੱਕ ਰਹੇ ਹਨ।
WhatsApp ਯੂਜ਼ਰਸ ਨੂੰ ਇਦਾਂ ਨਿਸ਼ਾਨਾ ਬਣਾ ਰਹੇ ਸਕੈਮਰਸ
Economic Times ਦੀ ਇਕ ਰਿਪੋਰਟ ਦੇ ਅਨੁਸਾਰ, ਘੁਟਾਲੇ ਕਰਨ ਵਾਲੇ ਵਟਸਐਪ 'ਤੇ ਯੂਜ਼ਰਸ ਨੂੰ ਨਿਸ਼ਾਨਾ ਬਣਾਉਣ ਲਈ ਵਿਆਹ ਦਾ ਸੱਦਾ ਪੱਤਰ ਭੇਜਦੇ ਹਨ। ਇਸ ਕਾਰਡ ਦੀ APK ਫਾਈਲ ਭੇਜੀ ਜਾਂਦੀ ਹੈ। ਜਿਵੇਂ ਹੀ ਕੋਈ ਉਪਭੋਗਤਾ ਆਪਣੇ ਫੋਨ ਵਿੱਚ ਏਪੀਕੇ ਫਾਈਲ ਇੰਸਟਾਲ ਕਰਦਾ ਹੈ, ਉਸ ਦੇ ਫੋਨ ਵਿੱਚ ਖਤਰਨਾਕ ਮਾਲਵੇਅਰ ਇੰਸਟਾਲ ਹੋ ਜਾਂਦਾ ਹੈ। ਧੋਖਾਧੜੀ ਕਰਨ ਵਾਲੇ ਵਿਆਹ ਦੇ ਕਾਰਡਾਂ ਰਾਹੀਂ ਲੋਕਾਂ ਦੇ ਫੋਨ ਤੱਕ ਪਹੁੰਚ ਕਰ ਰਹੇ ਹਨ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਲੋੜੀਂਦੀ ਜਾਣਕਾਰੀ ਮਿਲ ਜਾਂਦੀ ਹੈ। ਇੰਨਾ ਹੀ ਨਹੀਂ, ਘੁਟਾਲੇ ਕਰਨ ਵਾਲੇ ਲੋਕਾਂ ਦਾ ਆਰਥਿਕ ਨੁਕਸਾਨ ਵੀ ਕਰ ਰਹੇ ਹਨ। ਹਾਲ ਹੀ 'ਚ ਰਾਜਸਥਾਨ 'ਚ ਇਕ ਅਜਿਹੀ ਹੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਵਿਅਕਤੀ ਨੂੰ 4.5 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।
ਚਾਰ ਸੂਬਿਆਂ ਦੀ ਪੁਲਿਸ ਨੇ ਕੀਤਾ ਅਲਰਟ
ਇਸ ਸਕੈਮ ਕਰਕੇ ਚਾਰ ਰਾਜਾਂ ਦੀ ਪੁਲਿਸ ਨੇ ਲੋਕਾਂ ਨੂੰ ਅਲਰਟ ਕਰ ਦਿੱਤਾ ਹੈ। ਇਸ ਵਿੱਚ ਹਿਮਾਚਲ ਪ੍ਰਦੇਸ਼, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਗੁਜਰਾਤ ਦੀ ਪੁਲਿਸ ਸ਼ਾਮਲ ਹੈ। ਪੁਲਿਸ ਨੇ ਕਿਹਾ ਹੈ ਕਿ ਕਲੀ ਸ਼ਾਦੀ ਕਾਰਡ (apk ਫਾਈਲ) ਪ੍ਰਾਪਤ ਕਰਨ ਤੋਂ ਬਾਅਦ, ਇਸ 'ਤੇ ਕਲਿੱਕ ਨਾ ਕਰੋ। ਇਸ ਦੇ ਕਾਰਨ ਤੁਹਾਡੇ ਫੋਨ 'ਚ ਖਤਰਨਾਕ ਮਾਲਵੇਅਰ ਇੰਸਟਾਲ ਹੋ ਜਾਵੇਗਾ ਅਤੇ ਫਿਰ ਡਿਵਾਈਸ ਦਾ ਐਕਸੈਸ ਸਕੈਮਰਸ ਦੇ ਹੱਥਾਂ ਵਿੱਚ ਆ ਜਾਵੇਗਾ।
ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
1. ਅਣਜਾਣ ਨੰਬਰਾਂ ਤੋਂ ਸਾਵਧਾਨ ਰਹੋ।
2. ਸ਼ੱਕੀ ਲਿੰਕਾਂ 'ਤੇ ਕਲਿੱਕ ਨਾ ਕਰੋ।
3. ਸਾਫਟਵੇਅਰ ਅੱਪਡੇਟ ਰੱਖੋ।
4. ਸਟ੍ਰਾਂਗ ਪਾਸਵਰਡ ਦੀ ਵਰਤੋਂ ਕਰੋ।
5. Two Factor Authentication ਦੀ ਵਰਤੋਂ ਕਰੋ।
6. ਸਾਈਬਰ ਕ੍ਰਾਈਮ ਬ੍ਰਾਂਚ ਨੂੰ ਸੂਚਿਤ ਕਰੋ।