ਡਿਜੀਟਲ ਯੁੱਗ ਵਿੱਚ ਪਾਵਰ ਬੈਂਕ ਸਾਡੀ ਜ਼ਿੰਦਗੀ ਦਾ ਇੱਕ ਮਹੱਤਵਪੂਰਨ ਹਿੱਸਾ ਬਣ ਗਿਆ ਹੈ। ਪਾਵਰ ਬੈਂਕ ਸਮਾਰਟਫੋਨ, ਟੈਬਲੇਟ, ਈਅਰਬਡ ਜਾਂ ਹੋਰ ਡਿਵਾਈਸਾਂ ਨੂੰ ਚਲਦੇ-ਫਿਰਦੇ ਚਾਰਜ ਕਰਨ ਲਈ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਗੈਜੇਟ ਬਣ ਗਿਆ ਹੈ। ਪਰ ਬਹੁਤ ਸਾਰੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਇਹ ਛੋਟਾ ਜਿਹਾ ਦਿਖਣ ਵਾਲਾ ਯੰਤਰ ਕਈ ਵਾਰ ਖ਼ਤਰਨਾਕ ਅਤੇ ਘਾਤਕ ਵੀ ਸਾਬਤ ਹੋ ਸਕਦਾ ਹੈ। ਜੇਕਰ ਇਸ ਦੀ ਸਹੀ ਵਰਤੋਂ ਨਾ ਕੀਤੀ ਜਾਵੇ ਜਾਂ ਗਲਤ ਕਿਸਮ ਦਾ ਪਾਵਰ ਬੈਂਕ ਖਰੀਦ ਲਿਆ ਜਾਵੇ, ਤਾਂ ਇਹ ਧਮਾਕੇ ਜਾਂ ਅੱਗ ਵਰਗੇ ਹਾਦਸਿਆਂ ਦਾ ਕਾਰਨ ਬਣ ਸਕਦਾ ਹੈ। ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ ਜਿੱਥੇ ਪਾਵਰ ਬੈਂਕਾਂ ਕਾਰਨ ਕਈ ਵੱਡੇ ਹਾਦਸੇ ਹੋਏ ਹਨ।
ਜਾਣਕਾਰੀ ਅਨੁਸਾਰ, ਹਾਲ ਹੀ ਵਿੱਚ ਸਿਡਨੀ ਤੋਂ ਹੋਬਾਰਟ ਜਾ ਰਹੀ ਵਰਜਿਨ ਆਸਟ੍ਰੇਲੀਆ ਦੀ ਇੱਕ ਉਡਾਣ ਵਿੱਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ, ਜਿਸ ਦਾ ਕਾਰਨ ਇੱਕ ਯਾਤਰੀ ਦੇ ਕੈਰੀ ਬੈਗ ਵਿੱਚ ਰੱਖਿਆ ਪਾਵਰ ਬੈਂਕ ਮੰਨਿਆ ਜਾ ਰਿਹਾ ਹੈ। ਇਸ ਘਟਨਾ ਤੋਂ ਬਾਅਦ, ਏਅਰਲਾਈਨ ਆਪਣੀਆਂ ਬੈਟਰੀ ਨਾਲ ਸਬੰਧਤ ਨੀਤੀਆਂ ਵਿੱਚ ਬਦਲਾਅ ਕਰਨ 'ਤੇ ਵਿਚਾਰ ਕਰ ਰਹੀ ਹੈ।
ਸੋਮਵਾਰ ਨੂੰ ਹੋਬਾਰਟ ਹਵਾਈ ਅੱਡੇ 'ਤੇ ਵਰਜਿਨ ਫਲਾਈਟ VA1528 ਲੈਂਡਿੰਗ ਕਰ ਰਹੀ ਸੀ, ਉਸ ਵੇਲੇ ਜਹਾਜ਼ ਦੇ ਉੱਪਰ ਬਣੇ ਲਾਕਰ ਵਿਚੋਂ ਧੂੰਆਂ ਨਿਕਲਦਿਆਂ ਦੇਖਿਆ ਗਿਆ। ਇੱਕ ਏਅਰਲਾਈਨ ਦੇ ਬੁਲਾਰੇ ਨੇ ਪੁਸ਼ਟੀ ਕੀਤੀ ਕਿ ਅੱਗ ਇਸ ਓਵਰਹੈੱਡ ਲਾਕਰ ਵਿੱਚ ਲੱਗੀ ਸੀ। ਔਨਲਾਈਨ ਨਿਊਜ਼ ਪੋਰਟਲ ਪਲਸ ਤਸਮਾਨੀਆ ਵਲੋਂ ਸਾਂਝੇ ਕੀਤੇ ਗਏ ਇੱਕ ਵੀਡੀਓ ਵਿੱਚ ਇੱਕ ਫਲਾਈਟ ਅਟੈਂਡੈਂਟ ਧੂੰਏਂ ਨਾਲ ਭਰੇ ਬੈਗ 'ਤੇ ਅੱਗ ਬੁਝਾਊ ਯੰਤਰ ਦੀ ਵਰਤੋਂ ਕਰਦਿਆਂ ਹੋਇਆਂ ਨਜ਼ਰ ਆ ਰਿਹਾ ਸੀ, ਜਦੋਂ ਕਿ ਕੁਝ ਯਾਤਰੀ ਪਾਣੀ ਦੀਆਂ ਬੋਤਲਾਂ ਨਾਲ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਸਭ ਤੋਂ ਪਹਿਲਾਂ, ਇਹ ਸਮਝਣਾ ਜ਼ਰੂਰੀ ਹੈ ਕਿ ਪਾਵਰ ਬੈਂਕਾਂ ਵਿੱਚ ਲਿਥੀਅਮ-ਆਇਨ ਜਾਂ ਲਿਥੀਅਮ-ਪੋਲੀਮਰ ਬੈਟਰੀਆਂ ਹੁੰਦੀਆਂ ਹਨ ਜੋ ਜ਼ਿਆਦਾ ਗਰਮ ਹੋਣ 'ਤੇ ਜਾਂ ਉਨ੍ਹਾਂ ਦੀਆਂ ਤਾਰਾਂ ਵਿੱਚ ਨੁਕਸ ਹੋਣ 'ਤੇ ਫਟ ਸਕਦੀਆਂ ਹਨ ਜਾਂ ਅੱਗ ਫੜ ਸਕਦੀਆਂ ਹਨ। ਅਕਸਰ ਸਥਾਨਕ ਜਾਂ ਨਾਨ-ਬ੍ਰਾਂਡਡ ਪਾਵਰ ਬੈਂਕ ਬਾਜ਼ਾਰ ਵਿੱਚ ਬਹੁਤ ਸਸਤੀਆਂ ਕੀਮਤਾਂ 'ਤੇ ਮਿਲ ਜਾਂਦੇ ਹਨ ਪਰ ਉਨ੍ਹਾਂ ਦੀ ਗੁਣਵੱਤਾ 'ਤੇ ਕੋਈ ਨਿਯੰਤਰਣ ਨਹੀਂ ਹੁੰਦਾ। ਓਵਰਚਾਰਜਿੰਗ, ਸ਼ਾਰਟ ਸਰਕਟ ਜਾਂ ਹੀਟਿੰਗ ਨੂੰ ਰੋਕਣ ਲਈ ਉਨ੍ਹਾਂ ਵਿੱਚ ਕੋਈ ਸੇਫਟੀ ਸਰਕਿਟ ਨਹੀਂ ਹੁੰਦੀ, ਜੋ ਜੋਖਮ ਨੂੰ ਹੋਰ ਵਧਾਉਂਦੀ ਹੈ।
ਇਸ ਤੋਂ ਇਲਾਵਾ, ਜੇਕਰ ਪਾਵਰ ਬੈਂਕ ਨੂੰ ਬਹੁਤ ਦੇਰ ਤੱਕ ਧੁੱਪ ਵਿੱਚ ਰੱਖਿਆ ਜਾਵੇ ਜਾਂ ਨਮੀਂ ਵਾਲੀ ਜਗ੍ਹਾ 'ਤੇ ਰੱਖਿਆ ਜਾਵੇ, ਤਾਂ ਇਹ ਬੈਟਰੀ ਦੇ ਅੰਦਰ ਰਸਾਇਣਕ ਪ੍ਰਤੀਕ੍ਰਿਆ ਨੂੰ ਵਧਾ ਸਕਦਾ ਹੈ, ਜਿਸ ਨਾਲ ਧਮਾਕੇ ਦੀ ਸੰਭਾਵਨਾ ਵੱਧ ਜਾਂਦੀ ਹੈ। ਕਈ ਵਾਰ ਲੋਕ ਇੱਕੋ ਚਾਰਜਿੰਗ ਕੇਬਲ ਦੀ ਦੁਰਵਰਤੋਂ ਕਰਦੇ ਹਨ ਅਤੇ ਪਾਵਰ ਬੈਂਕ ਅਤੇ ਫ਼ੋਨ ਦੋਵਾਂ ਨੂੰ ਇਕੱਠਿਆਂ ਚਾਰਜ ਕਰਨਾ ਸ਼ੁਰੂ ਕਰ ਦਿੰਦੇ ਹਨ, ਜੋ ਨਾ ਸਿਰਫ਼ ਫ਼ੋਨ ਨੂੰ ਨੁਕਸਾਨ ਪਹੁੰਚਾਉਂਦਾ ਹੈ ਬਲਕਿ ਪਾਵਰ ਬੈਂਕ ਦੀ ਸਮਰੱਥਾ ਨੂੰ ਵੀ ਵਿਗਾੜ ਸਕਦਾ ਹੈ।
ਇਦਾਂ ਕਰੋ ਪਾਵਰਬੈਂਕ ਦੀ ਵਰਤੋਂ?
ਸਭ ਤੋਂ ਪਹਿਲਾਂ, ਕੋਈ ਵੀ ਪਾਵਰ ਬੈਂਕ ਖਰੀਦਣ ਵੇਲੇ ਹਮੇਸ਼ਾ ਬ੍ਰਾਂਡ ਵਾਲੇ ਅਤੇ BIS (ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼) ਪ੍ਰਮਾਣਿਤ ਡਿਵਾਈਸਾਂ ਖਰੀਦੋ। ਇਹ ਡਿਵਾਈਸ ਓਵਰਚਾਰਜਿੰਗ, ਓਵਰਹੀਟਿੰਗ ਅਤੇ ਸ਼ਾਰਟ ਸਰਕਟ ਤੋਂ ਬਚਾਉਣ ਲਈ ਵਿਸ਼ੇਸ਼ਤਾਵਾਂ ਦੇ ਨਾਲ ਆਉਂਦੇ ਹਨ। ਪਾਵਰ ਬੈਂਕ ਨੂੰ ਕਦੇ ਵੀ ਓਵਰਚਾਰਜ ਨਾ ਕਰੋ ਅਤੇ ਚਾਰਜ ਹੋਣ ਤੋਂ ਬਾਅਦ ਇਸਨੂੰ ਪਾਵਰ ਤੋਂ ਡਿਸਕਨੈਕਟ ਕਰੋ।
ਪਾਵਰ ਬੈਂਕ ਨੂੰ ਕਦੇ ਵੀ ਬਹੁਤ ਗਰਮ ਜਾਂ ਬਹੁਤ ਠੰਡੀਆਂ ਥਾਵਾਂ 'ਤੇ ਨਾ ਰੱਖੋ। ਯਾਤਰਾ ਦੌਰਾਨ ਪਾਵਰ ਬੈਂਕ ਨੂੰ ਸਿੱਧੀ ਧੁੱਪ ਵਿੱਚ ਜਾਂ ਬੰਦ ਕਾਰ ਵਿੱਚ ਛੱਡਣਾ ਖ਼ਤਰਨਾਕ ਹੋ ਸਕਦਾ ਹੈ। ਚਾਰਜ ਕਰਨ ਵੇਲੇ ਡਿਵਾਈਸ ਨੂੰ ਸਿਰਹਾਣੇ ਜਾਂ ਗੱਦੇ ਦੇ ਹੇਠਾਂ ਨਾ ਰੱਖੋ, ਕਿਉਂਕਿ ਉਹ ਗਰਮੀ ਨੂੰ ਬਾਹਰ ਨਿਕਲਣ ਤੋਂ ਰੋਕਦੇ ਹਨ, ਜਿਸ ਨਾਲ ਡਿਵਾਈਸ ਦੇ ਅੱਗ ਲੱਗਣ ਦੀ ਸੰਭਾਵਨਾ ਵੱਧ ਜਾਂਦੀ ਹੈ।