Elon Musk X Money : ਐਲਨ ਮਸਕ ਦੀ ਕੰਪਨੀ X (ਪਹਿਲਾਂ Twitter) ਹੁਣ ਸਿਰਫ਼ ਸੋਸ਼ਲ ਮੀਡੀਆ ਪਲੇਟਫਾਰਮ ਹੀ ਨਹੀਂ ਰਹੀ। ਕੰਪਨੀ ਨੇ ਅਮਰੀਕਾ ਵਿੱਚ ਆਪਣਾ ਨਵਾਂ ਡਿਜ਼ਿਟਲ ਪੇਮੈਂਟ ਐਪ X Money ਲਾਂਚ ਕੀਤਾ ਹੈ। ਇਸ ਨਾਲ ਯੂਜ਼ਰ ਹੁਣ X ਐਪ ਦੇ ਅੰਦਰ ਹੀ ਆਨਲਾਈਨ ਪੈਸੇ ਭੇਜ ਅਤੇ ਪ੍ਰਾਪਤ ਕਰ ਸਕਣਗੇ। ਫਿਲਹਾਲ ਇਹ ਸੇਵਾ ਸਿਰਫ਼ ਅਮਰੀਕਾ ਦੇ X ਦੇ ਪੇਡ (Premium) ਸਬਸਕ੍ਰਾਈਬਰਾਂ ਲਈ ਉਪਲਬਧ ਹੈ।
ਅਮਰੀਕਾ ਵਿੱਚ ਲਾਂਚ ਹੋਇਆ ਨਵਾਂ ਡਿਜ਼ਿਟਲ ਪੇਮੈਂਟ ਐਪ
ਮੀਡੀਆ ਰਿਪੋਰਟਾਂ ਮੁਤਾਬਕ X Money ਦੀ ਸ਼ੁਰੂਆਤ ਅਮਰੀਕਾ ਵਿੱਚ ਰਹਿੰਦੇ ਉਹਨਾਂ ਯੂਜ਼ਰਾਂ ਲਈ ਕੀਤੀ ਗਈ ਹੈ, ਜਿਨ੍ਹਾਂ ਨੇ X ਦਾ ਪੇਡ ਸਬਸਕ੍ਰਿਪਸ਼ਨ ਲਿਆ ਹੋਇਆ ਹੈ। ਇਸ ਫੀਚਰ ਨਾਲ ਯੂਜ਼ਰ ਐਪ ਦੇ ਅੰਦਰ ਹੀ ਪੈਸੇ ਭੇਜ ਸਕਣਗੇ, ਭੁਗਤਾਨ ਕਰ ਸਕਣਗੇ ਅਤੇ ਆਪਣੇ ਵਿੱਤੀ ਲੈਣ-ਦੇਣ ਨੂੰ ਆਸਾਨੀ ਨਾਲ ਮੈਨੇਜ ਕਰ ਸਕਣਗੇ। ਕੰਪਨੀ ਦਾ ਮਕਸਦ ਸੋਸ਼ਲ ਮੀਡੀਆ ਅਤੇ ਡਿਜ਼ਿਟਲ ਫਾਇਨੈਂਸ ਨੂੰ ਇੱਕੋ ਪਲੇਟਫਾਰਮ 'ਤੇ ਲਿਆਉਣਾ ਹੈ, ਤਾਂ ਜੋ ਯੂਜ਼ਰਾਂ ਨੂੰ ਵੱਖ-ਵੱਖ ਐਪ ਵਰਤਣ ਦੀ ਲੋੜ ਨਾ ਪਵੇ।
P2P ਟ੍ਰਾਂਸਫਰ 'ਤੇ ਨਹੀਂ ਲੱਗੇਗਾ ਕੋਈ ਵਾਧੂ ਚਾਰਜ
X Money ਦੀ ਇੱਕ ਵੱਡੀ ਖਾਸੀਅਤ ਇਹ ਹੈ ਕਿ ਇਸ ਰਾਹੀਂ Peer-to-Peer (P2P) ਟ੍ਰਾਂਸਫਰ ਤੁਰੰਤ ਕੀਤਾ ਜਾ ਸਕੇਗਾ। ਯੂਜ਼ਰ ਐਪ ਦੇ ਅੰਦਰ ਹੀ ਦੂਜੇ ਯੂਜ਼ਰ ਨੂੰ ਫੌਰੀ ਤੌਰ 'ਤੇ ਪੈਸੇ ਭੇਜ ਸਕਣਗੇ।ਕੰਪਨੀ ਦਾ ਦਾਅਵਾ ਹੈ ਕਿ ਇਸ ਫੀਚਰ ਦੀ ਵਰਤੋਂ ਲਈ ਕੋਈ ਵਾਧੂ ਚਾਰਜ ਨਹੀਂ ਲੱਗੇਗਾ ਅਤੇ ਨਾ ਹੀ ਕਿਸੇ ਟ੍ਰਾਂਜ਼ੈਕਸ਼ਨ ਲਿਮਿਟ ਦੀ ਪਾਬੰਦੀ ਹੋਵੇਗੀ।
ਮਿਲੇਗਾ X Visa ਡੈਬਿਟ ਕਾਰਡ
X Money ਨਾਲ ਯੂਜ਼ਰਾਂ ਨੂੰ X Visa Debit Card ਵੀ ਦਿੱਤਾ ਜਾਵੇਗਾ। ਇਹ ਇੱਕ ਡਿਜ਼ਿਟਲ ਕਾਰਡ ਹੋਵੇਗਾ, ਜਿਸਨੂੰ Apple Pay ਨਾਲ ਵੀ ਜੋੜਿਆ ਜਾ ਸਕੇਗਾ। ਇਸ ਕਾਰਡ ਦੀ ਵਰਤੋਂ ਆਨਲਾਈਨ ਅਤੇ ਆਫਲਾਈਨ ਦੋਵਾਂ ਤਰ੍ਹਾਂ ਦੇ ਭੁਗਤਾਨ ਲਈ ਕੀਤੀ ਜਾ ਸਕੇਗੀ। ਇਸ ਤੋਂ ਇਲਾਵਾ, ਵਿਦੇਸ਼ੀ ਲੈਣ-ਦੇਣ (Foreign Transactions) 'ਤੇ ਵੀ ਕੋਈ ਵਾਧੂ ਚਾਰਜ ਨਹੀਂ ਲਿਆ ਜਾਵੇਗਾ।
X ਨੂੰ ਬਣਾਉਣਾ ਚਾਹੁੰਦੇ ਹਨ "Everything App"
ਐਲਨ ਮਸਕ ਕਈ ਵਾਰ ਕਹਿ ਚੁੱਕੇ ਹਨ ਕਿ ਉਹ X ਨੂੰ ਇੱਕ "Everything App" ਬਣਾਉਣਾ ਚਾਹੁੰਦੇ ਹਨ, ਜਿੱਥੇ ਯੂਜ਼ਰਾਂ ਨੂੰ ਸੋਸ਼ਲ ਮੀਡੀਆ, ਪੇਮੈਂਟ, ਨਿਵੇਸ਼, ਡਿਜ਼ਿਟਲ ਵਾਲਿਟ, ਬਿੱਲ ਭੁਗਤਾਨ ਅਤੇ ਸ਼ਾਪਿੰਗ ਵਰਗੀਆਂ ਸਾਰੀਆਂ ਸੇਵਾਵਾਂ ਇੱਕੋ ਥਾਂ 'ਤੇ ਮਿਲਣ। X Money ਨੂੰ ਇਸ ਵੱਡੇ ਵਿਜ਼ਨ ਵੱਲ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ।
Premium ਯੂਜ਼ਰਾਂ ਨੂੰ ਹੋਵੇਗਾ ਵੱਧ ਫਾਇਦਾ
Premium+ ਪਲਾਨ ਵਾਲੇ ਯੂਜ਼ਰ, ਜੋ ਹਰ ਮਹੀਨੇ 40 ਡਾਲਰ ਜਾਂ ਸਾਲਾਨਾ 395 ਡਾਲਰ ਭੁਗਤਾਨ ਕਰਦੇ ਹਨ, ਉਨ੍ਹਾਂ ਨੂੰ 6% ਸਾਲਾਨਾ ਵਿਆਜ (APY) ਮਿਲੇਗਾ। ਇਸ ਤੋਂ ਇਲਾਵਾ Premium ਪਲਾਨ ਵਾਲੇ ਯੂਜ਼ਰ ਵੀ 6% APY ਦਾ ਲਾਭ ਲੈ ਸਕਦੇ ਹਨ, ਜੇਕਰ ਉਹ ਆਪਣੇ X Money ਖਾਤੇ ਨਾਲ Direct Deposit ਲਿੰਕ ਕਰਦੇ ਹਨ। ਕੁਝ ਚੁਣੀਆਂ ਹੋਈਆਂ ਖਰੀਦਾਂ 'ਤੇ 3% ਤੱਕ ਕੈਸ਼ਬੈਕ ਵੀ ਮਿਲੇਗਾ। Direct Deposit ਵਰਤਣ ਵਾਲੇ ਯੂਜ਼ਰਾਂ ਨੂੰ ਆਪਣੀ ਤਨਖ਼ਾਹ ਜਾਂ ਹੋਰ ਭੁਗਤਾਨ ਨਿਰਧਾਰਤ ਸਮੇਂ ਤੋਂ ਪਹਿਲਾਂ ਮਿਲ ਸਕਣਗੇ।
ਕੀ ਭਾਰਤ ਵਿੱਚ ਵੀ ਆਵੇਗਾ X Money?
ਫਿਲਹਾਲ X Money ਸਿਰਫ਼ ਅਮਰੀਕਾ ਵਿੱਚ ਲਾਂਚ ਕੀਤਾ ਗਿਆ ਹੈ। ਕੰਪਨੀ ਨੇ ਭਾਰਤ ਵਿੱਚ ਇਸਦੀ ਲਾਂਚਿੰਗ ਬਾਰੇ ਅਜੇ ਤੱਕ ਕੋਈ ਅਧਿਕਾਰਕ ਜਾਣਕਾਰੀ ਨਹੀਂ ਦਿੱਤੀ। ਹਾਲਾਂਕਿ, ਮੰਨਿਆ ਜਾ ਰਿਹਾ ਹੈ ਕਿ ਜੇਕਰ ਇਹ ਸੇਵਾ ਅਮਰੀਕਾ ਵਿੱਚ ਸਫਲ ਰਹਿੰਦੀ ਹੈ ਤਾਂ ਆਉਣ ਵਾਲੇ ਸਮੇਂ ਵਿੱਚ ਇਸਨੂੰ ਭਾਰਤ ਸਮੇਤ ਹੋਰ ਦੇਸ਼ਾਂ ਵਿੱਚ ਵੀ ਲਾਂਚ ਕੀਤਾ ਜਾ ਸਕਦਾ ਹੈ।