ਨਵੀਂ ਦਿੱਲੀ: ਜੇ ਤੁਹਾਨੂੰ ਇਹ ਕਿਹਾ ਜਾਵੇ ਕਿ ਤੁਹਾਡੇ ਕਾਲ ਸੁਣਨ ਤੋਂ ਪਹਿਲਾਂ ਹੀ ਤੁਹਾਨੂੰ ਪਤਾ ਚੱਲ ਜਾਇਆ ਕਰੇਗਾ ਕਿ ਕੋਈ ਤੁਹਾਨੂੰ ਫ਼ੋਨ ਕਿਉਂ ਕਰ ਰਿਹਾ ਹੈ ਤਾਂ ਸ਼ਾਇਦ ਤੁਸੀਂ ਯਕੀਨ ਨਾ ਕਰੋ। ਹੁਣ ਇਹ ਸੰਭਵ ਹੋ ਗਿਆ ਹੈ ਕਿਉਂਕਿ TRUECALLER (ਟਰੂਕਾਲਰ) ਨਾਂ ਦੀ ਐਪ ਨੇ ਖ਼ਾਸ ਫ਼ੀਚਰ ਜਾਰੀ ਕੀਤਾ ਹੈ, ਜੋ ਤੁਹਾਨੂੰ ਪਹਿਲਾਂ ਹੀ ਇਹ ਜਾਣਕਾਰੀ ਦੇ ਦੇਵੇਗਾ ਕਿ ਤੁਹਾਡਾ ਦੋਸਤ ਜਾਂ ਪਰਿਵਾਰਕ ਮੈਂਬਰ ਤੁਹਾਨੂੰ ਫ਼ੋਨ ਕਿਉਂ ਕਰ ਰਿਹਾ ਹੈ।
ਇਸ ਐਪ ਨੇ ਆਪਣੇ ਪਲੇਟਫ਼ਾਰਮ ਉੱਤੇ ਕਾਲਰ ਆਈਡੀ ਫ਼ੀਚਰ ਨੂੰ ਅਪਡੇਟ ਕਰਨ ਦੇ ਨਾਲ ਉਸ ਵਿੱਚ ‘ਕਾਲ ਰੀਜ਼ਨ’ ਦਾ ਫ਼ੀਚਰ ਵੀ ਜੋੜਿਆ ਹੈ। ਇਸ ਨਾਲ ਯੂਜ਼ਰਜ਼ ਕਾਲ ਕਰਨ ਦੇ ਨਾਲ ਕਾਲ ਕਰਨ ਦਾ ਕਾਰਨ ਜਾਣਨ ਲਈ ਵੀ ਸੈਟਿੰਗ ਕਰ ਸਕਦੇ ਹਨ। ਇੰਝ ਕਾਲ ਸੁਣਨ ਤੋਂ ਪਹਿਲਾਂ ਹੀ ਤੁਸੀਂ ਜਾਣ ਸਕੋਗੇ ਕਿ ਕੋਈ ਤੁਹਾਨੂੰ ਫ਼ੋਨ ਕਿਉਂ ਕਰ ਰਿਹਾ ਹੈ।
ਜਦੋਂ ਵੀ ਕੋਈ ਕਾੱਲ ਕਰੇਗਾ, ਤਾਂ ਡਿਸਪਲੇਅ ਵਿੱਚ ਕਾਲਰ ਦੇ ਨਾਂ ਨਾਲ ਕਾਲ ਦਾ ਕਾਰਨ ਵੀ ਟੈਕਸਟ ਵਜੋਂ ਲਿਖਿਆ ਵਿਖਾਈ ਦੇਵੇਗਾ। ਭਾਵੇਂ ਇਹ ਤਦ ਹੀ ਸੰਭਵ ਹੋਵੇਗਾ, ਜੇ ਕਾਲ ਕਰਨ ਵਾਲਾ ਯੂਜ਼ਰ ਫ਼ੋਨ ਕਰਨ ਤੋਂ ਪਹਿਲਾਂ ਇਸ ਫ਼ੀਚਰ ਦੀ ਵਰਤੋਂ ਕਰੇ।
ਟਰੂਕਾਲਰ ਨੇ ਆਪਣੇ ਪਲੇਟਫ਼ਾਰਮ ਉੱਤੇ ਮੈਸੇਜਿੰਗ ਐਕਸਪੀਰੀਅੰਸ ਨੂੰ ਅਪਡੇਟ ਕੀਤਾ ਹੈ। ਨਾਲ ਹੀ SMS ਅਨੁਵਾਦ ਤੇ Schedule SMS ਫ਼ੀਚਰ ਨੂੰ ਜੋੜਿਆ ਗਿਆ ਹੈ। ਐਂਡ੍ਰਾਇਡ ਯੂਜ਼ਰਜ਼ ਨੂੰ ਇਹ ਫ਼ੀਚਰ ਮਿਲਣੇ ਸ਼ੁਰੂ ਹੋ ਗਏ ਹਨ। ਭਾਵੇਂ IOS ਯੂਜ਼ਰਜ਼ ਨੂੰ ਇਨ੍ਹਾਂ ਫ਼ੀਚਰ ਦੀ ਸਪੋਰਟ ਅਗਲੇ ਵਰ੍ਹੇ ਮਿਲੇਗੀ। ਕੰਪਨੀ ਦਾ ਕਹਿਣਾ ਹੈ ਕਿ ‘ਕਾਲ ਰੀਜ਼ਨ’ ਦੀ ਮੰਗ ਬਹੁਤ ਸਾਰੇ ਯੂਜ਼ਰਜ਼ ਕਰ ਰਹੇ ਸਨ।