Cyber Crime ਦੇ ਮਾਮਲਿਆਂ ਵਿੱਚ ਸਕੈਮਰਸ ਅਕਸਰ ਲੋਕਾਂ ਨੂੰ ਠੱਗਦੇ ਹਨ, ਪਰ ਕਾਨਪੁਰ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਨੌਜਵਾਨ ਨੇ ਠੱਗ ਨਾਲ ਹੀ ਠੱਗੀ ਮਾਰ ਲਈ। ਧੋਖੇਬਾਜ਼ ਨੇ ਸਰਕਾਰੀ ਅਧਿਕਾਰੀ ਦੇ ਰੂਪ ਵਿੱਚ ਨੌਜਵਾਨ ਨਾਲ ਸੰਪਰਕ ਕੀਤਾ ਸੀ। ਉਸ ਨੇ ਝੂਠਾ ਕੇਸ ਨਿਪਟਾਉਣ ਲਈ ਨੌਜਵਾਨ ਤੋਂ 16 ਹਜ਼ਾਰ ਰੁਪਏ ਦੀ ਮੰਗ ਕੀਤੀ। ਨੌਜਵਾਨ ਨੇ ਚਲਾਕੀ ਦਿਖਾਈ ਅਤੇ ਧੋਖੇਬਾਜ਼ ਨੂੰ ਪੈਸੇ ਦੇਣ ਦੀ ਬਜਾਏ ਉਸ ਤੋਂ ਪੈਸੇ ਲੈ ਲਏ। ਆਓ ਜਾਣਦੇ ਹਾਂ ਪੂਰਾ ਮਾਮਲਾ-:
ਇਸ ਮਹੀਨੇ ਦਾ ਹੈ ਮਾਮਲਾ
ਮੀਡੀਆ ਰਿਪੋਰਟਾਂ ਅਨੁਸਾਰ 6 ਮਾਰਚ ਨੂੰ ਭੂਪੇਂਦਰ ਨਾਮ ਦੇ ਇੱਕ ਨੌਜਵਾਨ ਨੂੰ ਇੱਕ ਘੁਟਾਲੇਬਾਜ਼ ਦਾ ਫੋਨ ਆਇਆ। ਘੁਟਾਲੇਬਾਜ਼ ਨੇ ਆਪਣੇ ਆਪ ਨੂੰ ਸੀਬੀਆਈ ਅਧਿਕਾਰੀ ਦੱਸਿਆ ਅਤੇ ਭੂਪੇਂਦਰ ਨੂੰ ਕਿਹਾ ਕਿ ਇੱਕ ਕੁੜੀ ਨੇ ਉਸ ਦੇ ਖਿਲਾਫ FIR ਦਰਜ ਕਰਵਾਈ ਹੈ। ਭੂਪੇਂਦਰ ਨੂੰ ਡਰਾਉਣ ਲਈ ਘੁਟਾਲੇਬਾਜ਼ ਨੇ ਕੁਝ ਸੰਪਾਦਿਤ ਫੋਟੋਆਂ ਅਤੇ ਵੀਡੀਓ ਵੀ ਭੇਜੇ। ਘੁਟਾਲੇਬਾਜ਼ ਨੇ ਕਿਹਾ ਕਿ ਮਾਮਲੇ ਨੂੰ ਸੁਲਝਾਉਣ ਲਈ 16,000 ਰੁਪਏ ਦਾ ਖਰਚਾ ਆਵੇਗਾ। ਇਹ ਸੁਣ ਕੇ, ਭੂਪੇਂਦਰ ਨੂੰ ਸ਼ੱਕ ਹੋਇਆ ਅਤੇ ਉਸ ਨੇ ਧੋਖੇਬਾਜ਼ ਨੂੰ ਆਪਣੀ ਭਾਸ਼ਾ ਵਿੱਚ ਜਵਾਬ ਦੇਣ ਦਾ ਪਲਾਨ ਕੀਤਾ।
ਠੱਗ ਦੇ ਨਾਲ ਇਦਾਂ ਮਾਰੀ ਠੱਗੀ
ਭੂਪੇਂਦਰ ਨੇ ਧੋਖੇਬਾਜ਼ ਨੂੰ ਦੱਸਿਆ ਕਿ ਉਸ ਕੋਲ ਇੱਕ ਸੋਨੇ ਦੀ ਚੇਨ ਹੈ ਜਿਸ ਨੂੰ ਬੇਚ ਕੇ ਉਹ ਪੈਸੇ ਦਾ ਇੰਤਜ਼ਾਮ ਕਰੇਗਾ ਪਰ ਉਸ ਦੇ ਪਰਿਵਾਰ ਨੂੰ ਇਸ ਘਟਨਾ ਦਾ ਪਤਾ ਨਹੀਂ ਲੱਗਣਾ ਚਾਹੀਦਾ ਹੈ। ਭੂਪੇਂਦਰ ਨੇ ਕਿਹਾ ਕਿ ਉਹ ਚੈਨ ਵੇਚ ਕੇ ਲੋਨ ਲੈਣਾ ਚਾਹੁੰਦਾ ਹੈ, ਪਰ ਇਸ ਦੇ ਲਈ 3,000 ਰੁਪਏ ਲੱਗਣਗੇ। ਧੋਖੇਬਾਜ਼ ਭੂਪੇਂਦਰ ਦੇ ਜਾਲ ਵਿੱਚ ਫਸ ਗਿਆ ਅਤੇ 3,000 ਰੁਪਏ ਟ੍ਰਾਂਸਫਰ ਕਰ ਦਿੱਤੇ। ਇਸ ਤੋਂ ਬਾਅਦ, ਭੂਪੇਂਦਰ ਨੇ ਆਪਣੇ ਦੋਸਤ ਨੂੰ ਜੌਹਰੀ ਦੱਸ ਕੇ ਧੋਖਾਧੜੀ ਵਾਲੇ ਨਾਲ ਗੱਲ ਕਰਵਾਈ ਅਤੇ ਦੋ ਕਿਸ਼ਤਾਂ ਵਿੱਚ ਕੁੱਲ 7,000 ਰੁਪਏ ਹੋਰ ਟਰਾਂਸਫਰ ਕਰਵਾਏ। ਇਸ ਤਰ੍ਹਾਂ, ਉਸ ਨੇ ਘੁਟਾਲੇਬਾਜ਼ ਨਾਲ ਕੁੱਲ 10,000 ਰੁਪਏ ਦੀ ਠੱਗੀ ਮਾਰੀ। ਜਦੋਂ ਘੁਟਾਲੇਬਾਜ਼ ਨੂੰ ਅਹਿਸਾਸ ਹੋਇਆ ਕਿ ਉਸ ਨਾਲ ਧੋਖਾ ਹੋਇਆ ਹੈ, ਤਾਂ ਉਸਨੇ ਭੂਪੇਂਦਰ ਨੂੰ ਆਪਣੇ ਪੈਸੇ ਵਾਪਸ ਕਰਨ ਲਈ ਕਿਹਾ। ਭੂਪੇਂਦਰ ਨੇ ਇਸ ਮਾਮਲੇ ਦੀ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਅਤੇ ਕਿਹਾ ਹੈ ਕਿ ਉਹ ਧੋਖੇਬਾਜ਼ ਵਲੋਂ ਠੱਗੇ ਗਏ ਪੈਸੇ ਕਿਸੇ ਲੋੜਵੰਦ ਵਿਅਕਤੀ ਨੂੰ ਦਾਨ ਵਿੱਚ ਦੇਵੇਗਾ।