YouTube Premium Lite: ਗੂਗਲ ਜਲਦੀ ਹੀ ਯੂਟਿਊਬ ਪ੍ਰੀਮੀਅਮ ਲਾਈਟ ਪਲਾਨ ਨੂੰ ਦੁਬਾਰਾ ਪੇਸ਼ ਕਰਨ ਦੀ ਤਿਆਰੀ ਕਰ ਰਿਹਾ ਹੈ। ਇਹ ਪਲਾਨ ਉਨ੍ਹਾਂ ਉਪਭੋਗਤਾਵਾਂ ਲਈ ਹੋਵੇਗਾ ਜੋ YouTube Premium ਦੇ ਵਿਗਿਆਪਨ-ਮੁਕਤ ਅਨੁਭਵ ਦਾ ਆਨੰਦ ਲੈਣਾ ਚਾਹੁੰਦੇ ਹਨ।
ਬਲੂਮਬਰਗ ਦੀ ਇੱਕ ਰਿਪੋਰਟ ਦੇ ਅਨੁਸਾਰ, ਇਹ ਨਵੀਂ ਸਬਸਕ੍ਰਿਪਸ਼ਨ ਉਪਭੋਗਤਾਵਾਂ ਨੂੰ ਯੂਟਿਊਬ 'ਤੇ ਬਿਨਾਂ ਇਸ਼ਤਿਹਾਰਾਂ ਦੇ ਪੋਡਕਾਸਟ, ਟਿਊਟੋਰਿਅਲ ਅਤੇ ਹੋਰ ਵੀਡੀਓ ਦੇਖਣ ਦੀ ਆਗਿਆ ਦੇਵੇਗੀ। ਹਾਲਾਂਕਿ, ਇਸ ਵਿੱਚ ਸੰਗੀਤ ਵੀਡੀਓ ਸ਼ਾਮਲ ਨਹੀਂ ਕੀਤੇ ਜਾਣਗੇ। ਜੇ ਕੋਈ ਯੂਜ਼ਰ ਬਿਨਾਂ ਇਸ਼ਤਿਹਾਰਾਂ ਦੇ ਸੰਗੀਤ ਵੀਡੀਓ ਦੇਖਣਾ ਚਾਹੁੰਦਾ ਹੈ, ਤਾਂ ਉਸਨੂੰ ਮਹਿੰਗਾ YouTube ਪ੍ਰੀਮੀਅਮ ਪਲਾਨ ਲੈਣਾ ਪਵੇਗਾ।
ਰਿਪੋਰਟਾਂ ਦੇ ਅਨੁਸਾਰ, ਇਹ ਨਵੀਂ ਗਾਹਕੀ ਅਮਰੀਕਾ, ਆਸਟ੍ਰੇਲੀਆ, ਜਰਮਨੀ ਅਤੇ ਥਾਈਲੈਂਡ ਵਰਗੇ ਚੁਣੇ ਹੋਏ ਦੇਸ਼ਾਂ ਵਿੱਚ ਲਾਂਚ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ, ਯੂਟਿਊਬ ਕਈ ਬਾਜ਼ਾਰਾਂ ਵਿੱਚ ਇੱਕ ਨਵੇਂ ਵਿਗਿਆਪਨ-ਮੁਕਤ ਸਬਸਕ੍ਰਿਪਸ਼ਨ ਪਲਾਨ ਦੀ ਜਾਂਚ ਕਰ ਰਿਹਾ ਹੈ, ਜਿਸਨੂੰ ਭਵਿੱਖ ਵਿੱਚ ਹੋਰ ਵਧਾਉਣ ਦੀ ਯੋਜਨਾ ਹੈ। ਇਹ ਯੋਜਨਾ ਖਾਸ ਤੌਰ 'ਤੇ ਉਨ੍ਹਾਂ ਦਰਸ਼ਕਾਂ ਲਈ ਹੈ ਜੋ ਮੁੱਖ ਤੌਰ 'ਤੇ ਗੈਰ-ਸੰਗੀਤ ਸਮੱਗਰੀ ਦੇਖਦੇ ਹਨ ਤੇ YouTube ਪ੍ਰੀਮੀਅਮ ਦੀ ਮਹਿੰਗੀ ਗਾਹਕੀ ਦਾ ਸਸਤਾ ਵਿਕਲਪ ਚਾਹੁੰਦੇ ਹਨ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ YouTube ਨੇ ਸਸਤੀਆਂ ਪ੍ਰੀਮੀਅਮ ਗਾਹਕੀਆਂ ਦਾ ਪ੍ਰਯੋਗ ਕੀਤਾ ਹੈ। 2021 ਵਿੱਚ ਕੰਪਨੀ ਨੇ ਇਸਨੂੰ ਯੂਰਪ ਵਿੱਚ ਬੈਲਜੀਅਮ, ਡੈਨਮਾਰਕ, ਫਿਨਲੈਂਡ, ਲਕਸਮਬਰਗ, ਨੀਦਰਲੈਂਡ, ਨਾਰਵੇ ਤੇ ਸਵੀਡਨ ਵਿੱਚ ਲਾਂਚ ਕੀਤਾ। ਉਦੋਂ ਇਸਦੀ ਕੀਮਤ €6.99 ਪ੍ਰਤੀ ਮਹੀਨਾ ਸੀ ਤੇ ਇਸ਼ਤਿਹਾਰ-ਮੁਕਤ ਵੀਡੀਓ ਦੇਖਣ ਦੀ ਪੇਸ਼ਕਸ਼ ਕੀਤੀ ਗਈ ਸੀ। ਪਰ ਇਸ ਵਿੱਚ ਔਫਲਾਈਨ ਡਾਊਨਲੋਡ, ਬੈਕਗ੍ਰਾਊਂਡ ਪਲੇਬੈਕ, ਅਤੇ YouTube ਸੰਗੀਤ ਤੱਕ ਪਹੁੰਚ ਸ਼ਾਮਲ ਨਹੀਂ ਸੀ। ਹਾਲਾਂਕਿ, ਦੋ ਸਾਲਾਂ ਬਾਅਦ, ਅਕਤੂਬਰ 2023 ਵਿੱਚ YouTube ਨੇ ਇਸ ਯੋਜਨਾ ਨੂੰ ਬੰਦ ਕਰ ਦਿੱਤਾ। ਕੰਪਨੀ ਨੇ ਕਿਹਾ ਕਿ ਉਪਭੋਗਤਾਵਾਂ ਤੇ ਭਾਈਵਾਲਾਂ ਤੋਂ ਮਿਲੇ ਫੀਡਬੈਕ ਦੇ ਆਧਾਰ 'ਤੇ ਇਸਨੂੰ ਸੁਧਾਰਨ ਦੀ ਲੋੜ ਹੈ।
ਫਿਲਹਾਲ, ਭਾਰਤ ਵਿੱਚ ਇਸ ਨਵੇਂ ਪਲਾਨ ਦੀ ਸ਼ੁਰੂਆਤ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ, ਪਰ ਗਲੋਬਲ ਰੋਲਆਊਟ ਤੋਂ ਬਾਅਦ, ਇਸਨੂੰ ਇੱਥੇ ਵੀ ਲਿਆਂਦਾ ਜਾ ਸਕਦਾ ਹੈ। ਭਾਰਤ ਵਿੱਚ YouTube Premium ਦੀਆਂ ਮੌਜੂਦਾ ਕੀਮਤਾਂ ਇਸ ਪ੍ਰਕਾਰ ਹਨ।
149 ਰੁਪਏ ਪ੍ਰਤੀ ਮਹੀਨਾ (ਵਿਅਕਤੀਗਤ ਯੋਜਨਾ)
459 ਰੁਪਏ ਪ੍ਰਤੀ 3 ਮਹੀਨੇ
1,490 ਰੁਪਏ ਪ੍ਰਤੀ ਸਾਲ
299 ਰੁਪਏ ਪ੍ਰਤੀ ਮਹੀਨਾ (ਪਰਿਵਾਰਕ ਯੋਜਨਾ, 5 ਮੈਂਬਰਾਂ ਤੱਕ)
89 ਰੁਪਏ ਪ੍ਰਤੀ ਮਹੀਨਾ (ਵਿਦਿਆਰਥੀ ਯੋਜਨਾ)
ਜੇ ਯੂਟਿਊਬ ਪ੍ਰੀਮੀਅਮ ਲਾਈਟ ਭਾਰਤ ਵਿੱਚ ਲਾਂਚ ਕੀਤਾ ਜਾਂਦਾ ਹੈ, ਤਾਂ ਇਹ ਉਨ੍ਹਾਂ ਉਪਭੋਗਤਾਵਾਂ ਲਈ ਇੱਕ ਵਧੀਆ ਵਿਕਲਪ ਸਾਬਤ ਹੋ ਸਕਦਾ ਹੈ ਜੋ ਸਿਰਫ ਵਿਗਿਆਪਨ-ਮੁਕਤ ਵੀਡੀਓ ਸਟ੍ਰੀਮਿੰਗ ਚਾਹੁੰਦੇ ਹਨ ਅਤੇ ਯੂਟਿਊਬ ਮਿਊਜ਼ਿਕ ਦੀ ਜ਼ਿਆਦਾ ਵਰਤੋਂ ਨਹੀਂ ਕਰਦੇ।