ਰਾਜਸਥਾਨ ਦੇ ਦੌਸਾ ਤੋਂ ਸ਼ਨੀਵਾਰ ਨੂੰ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ, ਜਿੱਥੇ ਸਕੂਲ 'ਚ 10ਵੀਂ ਜਮਾਤ ਦੇ ਵਿਦਿਆਰਥੀ ਦੀ ਹਾਰਟ ਫੇਲ੍ਹ ਹੋਣ ਕਾਰਨ ਮੌਤ ਹੋ ਗਈ। ਮ੍ਰਿਤਕ ਵਿਦਿਆਰਥੀ ਦਾ ਨਾਂ ਯਤੇਂਦਰ ਉਪਾਧਿਆਏ ਸੀ ਅਤੇ ਉਸ ਦੀ ਉਮਰ 16 ਸਾਲ ਸੀ।


ਖਾਸ ਗੱਲ ਇਹ ਹੈ ਕਿ ਉਸ ਨੇ ਆਪਣਾ ਜਨਮਦਿਨ ਇਕ ਦਿਨ ਪਹਿਲਾਂ ਭਾਵ 5 ਜੁਲਾਈ ਨੂੰ ਮਨਾਇਆ ਸੀ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਵਿਦਿਆਰਥੀ ਦਾ ਦਿਲ ਦੀ ਬਿਮਾਰੀ ਦਾ ਇਲਾਜ ਚੱਲ ਰਿਹਾ ਸੀ।


ਇਹ ਘਟਨਾ ਸ਼ਨੀਵਾਰ ਸਵੇਰੇ ਕਰੀਬ 7 ਵਜੇ ਬਾਂਦੀਕੁਈ ਕਸਬੇ ਦੇ ਇਕ ਨਿੱਜੀ ਸਕੂਲ 'ਚ ਵਾਪਰੀ, ਜਦੋਂ ਉਹ ਸਕੂਲ ਦਾ ਵਰਾਂਡਾ ਪਾਰ ਕਰਕੇ ਕਲਾਸ ਦੇ ਅੰਦਰ ਜਾ ਰਿਹਾ ਸੀ। ਇਸ ਦੌਰਾਨ ਉਹ ਅਚਾਨਕ ਠੋਕਰ ਖਾ ਕੇ ਵਰਾਂਡੇ ਵਿੱਚ ਡਿੱਗ ਗਿਆ ਅਤੇ ਮੁੜ ਕੇ ਉੱਠ ਨਹੀਂ ਸਕਿਆ।






ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਯਤੇਂਦਰ ਵਰਾਂਡੇ ਵਿੱਚ ਡਿੱਗਦਾ ਨਜ਼ਰ ਆ ਰਿਹਾ ਹੈ। ਇਸ ਤੋਂ ਬਾਅਦ ਨੇੜੇ ਬੈਠਾ ਇਕ ਸਕੂਲ ਕਰਮਚਾਰੀ ਉਸ ਵੱਲ ਭੱਜਿਆ ਅਤੇ ਉਸ ਨੂੰ ਉਠਾਉਣ ਦੀ ਕੋਸ਼ਿਸ਼ ਕਰਦਾ ਹੈ। ਜਦੋਂ ਕੋਈ ਹਿਲਜੁਲ ਨਾ ਹੋਈ ਤਾਂ ਸਕੂਲ ਪ੍ਰਸ਼ਾਸਨ ਉਸ ਨੂੰ ਤੁਰੰਤ ਹਸਪਤਾਲ ਲੈ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।


ਹਸਪਤਾਲ 'ਚ ਡਿਊਟੀ 'ਤੇ ਮੌਜੂਦ ਡਾਕਟਰ ਪਵਨ ਜਾਰਵਾਲ ਨੇ ਦੱਸਿਆ, 'ਸਕੂਲ ਦਾ ਸਟਾਫ ਲੜਕੇ ਨੂੰ ਹਸਪਤਾਲ ਲੈ ਕੇ ਆਇਆ ਸੀ। ਜਦੋਂ ਉਸ ਨੂੰ ਲਿਆਂਦਾ ਗਿਆ ਤਾਂ ਉਸ ਦਾ ਦਿਲ ਨਹੀਂ ਧੜਕ ਰਿਹਾ ਸੀ। ਅਸੀਂ CPR (ਕਾਰਡੀਓਪਲਮੋਨਰੀ ਰੀਸਸੀਟੇਸ਼ਨ) ਕੀਤੀ, ਪਰ ਕੋਈ ਫਾਇਦਾ ਨਹੀਂ ਹੋਇਆ।


ਵਿਦਿਆਰਥੀ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਕਰੀਬ 3 ਸਾਲ ਪਹਿਲਾਂ ਵੀ ਵਿਦਿਆਰਥੀ ਨੂੰ ਦਿਲ ਦੀ ਸਮੱਸਿਆ ਹੋ ਗਈ ਸੀ, ਜਿਸ ਕਾਰਨ ਉਹ 15 ਦਿਨਾਂ ਤੋਂ ਜੇਕੇ ਲੋਨ ਹਸਪਤਾਲ 'ਚ ਦਾਖਲ ਸੀ। ਪਰਿਵਾਰ ਨੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਅਜਿਹੇ 'ਚ ਪੁਲਸ ਨੂੰ ਸੂਚਨਾ ਦੇਣ 'ਤੇ ਵਿਦਿਆਰਥੀ ਦੀ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ।


ਇਸ ਬਾਰੇ ਜਾਣਕਾਰੀ ਦਿੰਦਿਆਂ ਬਾਂਦੀਕੁਈ ਥਾਣੇ ਦੇ ਐਸਐਚਓ ਪ੍ਰੇਮ ਚੰਦ ਨੇ ਦੱਸਿਆ ਕਿ ਡਾਕਟਰਾਂ ਨੂੰ ਸ਼ੱਕ ਹੈ ਕਿ ਯਤੇਂਦਰ ਉਪਾਧਿਆਏ ਨੂੰ ਦਿਲ ਦਾ ਦੌਰਾ ਪਿਆ ਸੀ। ਹਾਲਾਂਕਿ ਲੜਕੇ ਦੇ ਪਰਿਵਾਰਕ ਮੈਂਬਰਾਂ ਨੇ ਪੋਸਟਮਾਰਟਮ ਲਈ ਸਹਿਮਤੀ ਨਹੀਂ ਦਿੱਤੀ। ਉਨ੍ਹਾਂ ਦੱਸਿਆ ਕਿ ਪ੍ਰਾਈਵੇਟ ਸਕੂਲ ਪ੍ਰਸ਼ਾਸਨ ਉਪਾਧਿਆਏ ਨੂੰ ਬਾਂਦੀਕੁਈ ਉਪ-ਜ਼ਿਲ੍ਹਾ ਹਸਪਤਾਲ ਲੈ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।


ਵਿਦਿਆਰਥੀ ਦੇ ਪਰਿਵਾਰਕ ਮੈਂਬਰਾਂ ਨੇ ਪੁਲਸ ਨੂੰ ਦੱਸਿਆ ਕਿ ਉਹ ਉਸਦਾ ਅੰਤਿਮ ਸੰਸਕਾਰ ਉਸਦੇ ਜੱਦੀ ਪਿੰਡ ਅਲਵਰ ਵਿੱਚ ਕਰਨਗੇ।