Anju became Fatima: ਵਿਆਹੁਤਾ ਭਾਰਤੀ ਔਰਤ ਅੰਜੂ, ਜੋ ਕਾਨੂੰਨੀ ਢੰਗ ਨਾਲ ਪਾਕਿਸਤਾਨ ਗਈ ਸੀ, ਨੇ ਉੱਥੇ ਆਪਣੇ ਫੇਸਬੁੱਕ ਦੋਸਤ ਪਾਕਿਸਤਾਨੀ ਨਾਗਰਿਕ ਨਾਲ ਵਿਆਹ ਕਰਵਾ ਲਿਆ ਹੈ। ਅੰਜੂ ਦੇ ਦੋ ਬੱਚੇ ਭਾਰਤ ਵਿੱਚ ਹਨ ਤੇ ਵਿਆਹ ਕਰਾਉਣ ਤੋਂ ਪਹਿਲਾਂ ਉਸ ਨੇ ਇਸਲਾਮ ਕਬੂਲ ਕੀਤਾ ਹੈ। ਇਸਲਾਮ ਕਬੂਲ ਕਰਨ ਤੋਂ ਬਾਅਦ ਉਹ ਅੰਜੂ ਤੋਂ ਫਾਤਿਮਾ ਹੋ ਗਈ। 



ਹਾਸਲ ਜਾਣਕਾਰੀ ਮੁਤਾਬਕ ਅੰਜੂ (34) ਆਪਣੇ 29 ਸਾਲਾ ਪਾਕਿਸਤਾਨੀ ਦੋਸਤ ਨਸਰੁੱਲ੍ਹਾ ਦੇ ਘਰ ਰਹਿ ਰਹੀ ਹੈ। ਉਹ ਸੰਨ 2019 ਵਿੱਚ ਫੇਸਬੁੱਕ ਰਾਹੀਂ ਇਕ-ਦੂਜੇ ਦੇ ਸੰਪਰਕ ਵਿੱਚ ਆਏ ਸਨ। ਅੱਪਰ ਦੀਰ ਜ਼ਿਲ੍ਹੇ ਦੀ ਪੁਲਿਸ ਨੇ ਦੱਸਿਆ ਕਿ ਨਸਰੁੱਲ੍ਹਾ ਤੇ ਅੰਜੂ ਦਾ ਨਿਕਾਹ ਉਸ ਵੱਲੋਂ ਇਸਲਾਮ ਕਬੂਲਣ ਤੋਂ ਬਾਅਦ ਸਿਰੇ ਚੜ੍ਹ ਗਿਆ ਹੈ। ਦੋਵੇਂ ਨਸਰੁੱਲ੍ਹਾ ਦੇ ਪਰਿਵਾਰਕ ਮੈਂਬਰਾਂ ਨਾਲ ਦੀਰ ਬਾਲਾ ਦੀ ਜ਼ਿਲ੍ਹਾ ਅਦਾਲਤ ਗਏ। 



ਮਲਕੰਦ ਡਿਵੀਜ਼ਨ ਦੇ ਡੀਆਈਜੀ ਨਸੀਰ ਮਹਿਮੂਦ ਸੱਤੀ ਨੇ ਨਿਕਾਹ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਮਹਿਲਾ ਨੂੰ ਕੋਰਟ ਤੋਂ ਪੁਲਿਸ ਸੁਰੱਖਿਆ ਹੇਠ ਘਰ ਲਿਆਂਦਾ ਗਿਆ। ਇਸ ਤੋਂ ਪਹਿਲਾਂ ਨਸਰੁੱਲ੍ਹਾ ਤੇ ਅੰਜੂ ਸਖ਼ਤ ਸੁਰੱਖਿਆ ਹੇਠ ਸੈਰ-ਸਪਾਟੇ ਲਈ ਬਾਹਰ ਗਏ ਸਨ। ਉਨ੍ਹਾਂ ਦੀਰ ਅੱਪਰ ਜ਼ਿਲ੍ਹੇ ਨੂੰ ਚਿਤਰਾਲ ਨਾਲ ਜੋੜਦੀ ਲਵਾਰੀ ਸੁਰੰਗ ਦੇਖੀ। 


ਅੰਜੂ ਯੂਪੀ ਦੇ ਪਿੰਡ ਦੀ ਜੰਮਪਲ ਹੈ ਤੇ ਰਾਜਸਥਾਨ ਦੇ ਅਲਵਰ ਜ਼ਿਲ੍ਹੇ ਵਿਚ ਰਹੀ ਸੀ। ਇੱਕ ਵੀਡੀਓ ਸਾਂਝੀ ਕਰਦਿਆਂ ਉਸ ਨੇ ਕਿਹਾ, ‘ਮੈਂ ਪਾਕਿਸਤਾਨ ਵਿੱਚ ਸੁਰੱਖਿਅਤ ਮਹਿਸੂਸ ਕਰਦੀ ਹਾਂ। ਕਾਨੂੰਨੀ ਢੰਗ ਤੇ ਪੂਰੀ ਯੋਜਨਾਬੰਦੀ ਨਾਲ ਇੱਥੇ ਆਈ ਹਾਂ, ਅਜਿਹਾ ਨਹੀਂ ਹੈ ਕਿ ਮੈਂ ਦੋ ਦਿਨਾਂ ਵਿੱਚ ਅਚਾਨਕ ਇੱਥੇ ਆ ਗਈ। ਮੈਂ ਸਾਰੇ ਮੀਡੀਆ ਕਰਮੀਆਂ ਨੂੰ ਬੇਨਤੀ ਕਰਦੀ ਹਾਂ ਕਿ ਉਹ ਮੇਰੇ ਰਿਸ਼ਤੇਦਾਰਾਂ ਤੇ ਬੱਚਿਆਂ ਨੂੰ ਪ੍ਰੇਸ਼ਾਨ ਨਾ ਕਰਨ।’ ਅੰਜੂ ਦਾ ਵਿਆਹ ਪਹਿਲਾਂ ਅਰਵਿੰਦ ਨਾਲ ਹੋਇਆ ਸੀ, ਜੋ ਕਿ ਰਾਜਸਥਾਨ ਵਿੱਚ ਹੈ। ਉਨ੍ਹਾਂ ਦੀ ਇਕ 15 ਸਾਲ ਦੀ ਧੀ ਤੇ ਛੇ ਸਾਲ ਦਾ ਪੁੱਤਰ ਹੈ।


ਦੱਸਣਯੋਗ ਹੈ ਕਿ ਅੰਜੂ ਅਟਾਰੀ-ਵਾਹਗਾ ਸਰਹੱਦ ਰਾਹੀਂ ਕਾਨੂੰਨੀ ਢੰਗ ਨਾਲ ਪਾਕਿਸਤਾਨ ’ਚ ਦਾਖਲ ਹੋਈ ਸੀ। ਦਿੱਲੀ ਵਿਚ ਪਾਕਿਸਤਾਨ ਹਾਈ ਕਮਿਸ਼ਨ ਨੂੰ ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਵੱਲੋਂ ਭੇਜੇ ਪੱਤਰ ਵਿਚ ਕਿਹਾ ਗਿਆ ਸੀ ਕਿ ਅੰਜੂ ਨੂੰ ਸਿਰਫ਼ ਅੱਪਰ ਦੀਰ ਲਈ 30 ਦਿਨਾਂ ਦਾ ਵੀਜ਼ਾ ਦਿੱਤਾ ਜਾ ਰਿਹਾ ਹੈ। ਨਸਰਉੱਲ੍ਹਾ ਯੂਨੀਵਰਸਿਟੀ ਤੋਂ ਸਾਇੰਸ ਗ੍ਰੈਜੂਏਟ ਹੈ। ਉਸ ਨੇ ਸਥਾਨਕ ਪ੍ਰਸ਼ਾਸਨ ਨੂੰ ਦਿੱਤੇ ਹਲਫਨਾਮੇ ਵਿਚ ਕਿਹਾ ਹੈ ਕਿ ਅੰਜੂ 20 ਅਗਸਤ ਨੂੰ ਭਾਰਤ ਪਰਤ ਜਾਵੇਗੀ।