Viral News: ਟ੍ਰੈਫਿਕ ਜਾਮ ਦੀ ਸਮੱਸਿਆ ਭਾਰਤ ਵਿੱਚ ਹੀ ਨਹੀਂ ਸਗੋਂ ਦੁਨੀਆ ਦੇ ਕਈ ਵੱਡੇ ਸ਼ਹਿਰਾਂ ਵਿੱਚ ਦੇਖਣ ਨੂੰ ਮਿਲਦੀ ਹੈ। ਬਦਨਾਮ ਟਰੈਫਿਕ ਲਈ ਮਸ਼ਹੂਰ ਨਿਊਯਾਰਕ ਸ਼ਹਿਰ ਤੋਂ ਇੱਕ ਦਿਲਚਸਪ ਘਟਨਾ ਸਾਹਮਣੇ ਆਈ ਹੈ। ਨਿਊਯਾਰਕ ਦੀ ਭਿਆਨਕ ਟ੍ਰੈਫਿਕ ਤੋਂ ਬਚਣ ਲਈ ਭਾਰਤੀ ਮੂਲ ਦੀ ਖੁਸ਼ੀ ਸੂਰੀ ਨੇ ਅਨੋਖਾ ਤਰੀਕਾ ਅਪਣਾਇਆ। ਉਸ ਨੇ ਹਵਾਈ ਅੱਡੇ ਤੱਕ ਪਹੁੰਚਣ ਲਈ ਕੈਬ ਦੀ ਬਜਾਏ ਹੈਲੀਕਾਪਟਰ ਦੀ ਸਵਾਰੀ ਦਾ ਵਿਕਲਪ ਚੁਣਿਆ।


ਖੁਸ਼ੀ ਨੇ ਦੱਸਿਆ ਕਿ ਉਸ ਨੇ ਮੈਨਹਟਨ ਤੋਂ ਜੌਹਨ ਐੱਫ ਕੈਨੇਡੀ ਇੰਟਰਨੈਸ਼ਨਲ ਏਅਰਪੋਰਟ ਜਾਣਾ ਸੀ। ਉਸ ਨੇ ਟ੍ਰੈਫਿਕ ਤੋਂ ਬਚਣ ਲਈ Uber 'ਤੇ ਹੈਲੀਕਾਪਟਰ ਰਾਈਡ ਵਿਕਲਪ ਚੁਣਨ ਦਾ ਫੈਸਲਾ ਕੀਤਾ। ਹੁਣ ਤੁਸੀਂ ਕਹੋਗੇ ਕਿ ਇਹ ਤਾਂ ਪਾਗਲਪਨ ਹੈ, ਇੰਨ੍ਹੀ ਵੀ ਕੀ ਅਮੀਰੀ? ਪਰ ਖੁਸ਼ੀ ਨੇ ਟਵਿੱਟਰ 'ਤੇ ਜੋ ਅਨੁਭਵ ਸਾਂਝਾ ਕੀਤਾ ਹੈ, ਉਹ ਜਾਣ ਕੇ ਤੁਸੀਂ ਵੀ ਦੰਗ ਰਹਿ ਜਾਓਗੇ। ਉਸ ਨੇ ਸੋਸ਼ਲ ਸਾਈਟ ਐਕਸ 'ਤੇ ਇੱਕ ਸਕਰੀਨਸ਼ਾਟ ਸਾਂਝਾ ਕੀਤਾ, ਜਿਸ ਵਿੱਚ Uber ਕੈਬ ਤੇ ਹੈਲੀਕਾਪਟਰ ਰਾਈਡ ਦੀ ਲਾਗਤ ਅਤੇ ਯਾਤਰਾ ਦੇ ਸਮੇਂ ਦੀ ਤੁਲਨਾ ਕੀਤੀ ਗਈ ਸੀ।






ਲੜਕੀ ਦੇ ਸਕਰੀਨਸ਼ਾਟ ਦੇ ਅਨੁਸਾਰ, ਉਬੇਰ ਕੈਬ (Uber Cab) ਰਾਈਡ ਦਾ ਅੰਦਾਜ਼ਨ ਕਿਰਾਇਆ $131.99 (11,023.47 ਰੁਪਏ) ਸੀ, ਜਿਸ ਨਾਲ ਉਸ ਨੂੰ ਹਵਾਈ ਅੱਡੇ ਤੱਕ ਪਹੁੰਚਣ ਵਿੱਚ ਇੱਕ ਘੰਟਾ ਲੱਗੇਗਾ। ਇਸ ਦੇ ਨਾਲ ਹੀ ਮੈਨਹਟਨ ਤੋਂ ਏਅਰਪੋਰਟ ਤੱਕ  ਹੈਲੀਕਾਪਟਰ ਦਾ ਕਿਰਾਇਆ 165 ਡਾਲਰ (13780.39 ਰੁਪਏ) ਸੀ, ਪਰ ਉਨ੍ਹਾਂ ਨੂੰ ਪੰਜ ਮਿੰਟ ਦੇ ਅੰਦਰ ਏਅਰਪੋਰਟ ਤੱਕ ਪਹੁੰਚਾਉਣ ਦਾ ਵਾਅਦਾ ਕੀਤਾ ਗਿਆ ਸੀ।


ਇਸ ਦ੍ਰਿਸ਼ਟੀਕੋਣ ਤੋਂ ਦੇਖਿਆ ਜਾਵੇ ਤਾਂ ਇਹ ਇੱਕ ਚੁਸਤ ਚਾਲ ਸੀ, ਕਿਉਂਕਿ, ਦੋਵਾਂ ਦੇ ਕਿਰਾਏ ਵਿੱਚ ਬਹੁਤਾ ਅੰਤਰ ਨਹੀਂ ਹੈ ਤੇ ਲੜਕੀ ਥਕਾਵਟ ਭਰੀ ਯਾਤਰਾ ਦੀ ਬਜਾਏ ਬਹੁਤ ਘੱਟ ਸਮੇਂ ਵਿੱਚ ਏਅਰਪੋਰਟ ਪਹੁੰਚ ਗਈ। ਖੁਸ਼ੀ ਦੀ ਇਸ ਪੋਸਟ ਨੇ ਇੰਟਰਨੈੱਟ 'ਤੇ ਕਾਫੀ ਚਰਚਾ ਛੇੜ ਦਿੱਤੀ ਹੈ। ਨੇਟੀਜ਼ਨ ਇਹ ਸੋਚ ਕੇ ਕਾਫੀ ਹੈਰਾਨ ਹਨ ਕਿ ਇੰਨੀ ਘੱਟ ਕੀਮਤ 'ਤੇ ਹੈਲੀਕਾਪਟਰ ਦੀ ਸਵਾਰੀ ਦਾ ਵਿਕਲਪ ਵੀ ਉਪਲਬਧ ਹੈ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :