Gurugram Viral Video : ਗੁਰੂਗ੍ਰਾਮ ਦੀ ਸੜਕ 'ਤੇ ਨੌਜਵਾਨਾਂ ਨੇ ਚੱਲਦੀ ਕਾਰ ਦੀ ਛੱਤ 'ਤੇ ਸ਼ਰਾਬ ਪੀਤੀ ਅਤੇ ਪੁਸ਼-ਅੱਪ ਵੀ ਲਗਾਏ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਮਾਮਲੇ 'ਚ ਕਾਰਵਾਈ ਕਰਦੇ ਹੋਏ ਪੁਲਸ ਨੇ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਕਾਰ ਮਾਲਕ ਦਾ 6500 ਰੁਪਏ ਦਾ ਚਲਾਨ ਵੀ ਕੀਤਾ ਹੈ।

 

ਘਟਨਾ ਗੁਰੂਗ੍ਰਾਮ ਦੇ ਸਾਈਬਰ ਹੱਬ ਇਲਾਕੇ ਦੀ ਹੈ, ਜਿੱਥੇ ਸਾਹਮਣੇ ਆਈ ਵੀਡੀਓ 'ਚ ਚੱਲਦੀ ਆਲਟੋ ਕਾਰ 'ਤੇ ਇੱਕ ਸ਼ਖਸ ਖਿੜਕੀ 'ਚੋਂ ਨਿਕਲ ਕੇ ਛੱਤ 'ਤੇ ਬੈਠਦਾ ਹੈ ਅਤੇ ਸ਼ਰਾਬ ਦੀ ਬੋਤਲ ਪੀਂਦਾ ਹੈ। ਫਿਰ ਸ਼ਖਸ ਚਲਦੀ ਕਾਰ ਦੀ ਛੱਤ 'ਤੇ ਪੁਸ਼-ਅੱਪ ਮਾਰਦਾ ਦਿਖਾਈ ਦਿੰਦਾ ਹੈ। ਇਸ ਦੌਰਾਨ ਕਾਰ 'ਚ ਸਵਾਰ ਤਿੰਨ ਹੋਰ ਨੌਜਵਾਨ ਕਾਰ ਦੀ ਖਿੜਕੀ 'ਚ ਬੈਠੇ ਨਜ਼ਰ ਆ ਰਹੇ ਹਨ ਅਤੇ ਸ਼ਰਾਬ ਦੀ ਬੋਤਲ ਪੀ ਰਹੇ ਹਨ।

 





ਕਾਰ ਵਿੱਚ ਸਵਾਰ ਹੋਰ ਵਿਅਕਤੀਆਂ ਦੀ ਭਾਲ ਕਰ ਰਹੀ ਹੈ ਪੁਲਿਸ 

ਆਲਟੋ ਕਾਰ ਦੇ ਪਿੱਛੇ ਜਾ ਰਹੀ ਕਾਰ ਵਿੱਚ ਬੈਠੇ ਇੱਕ ਵਿਅਕਤੀ ਨੇ ਇਹ ਘਟਨਾ ਆਪਣੇ ਫ਼ੋਨ ਵਿੱਚ ਰਿਕਾਰਡ ਕਰ ਲਈ, ਜੋ ਹੁਣ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਸਾਹਮਣੇ ਆਉਂਦੇ ਹੀ ਪੁਲਸ ਨੇ ਬਿਨਾਂ ਦੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਵੀਡੀਓ ਦੇ ਆਧਾਰ 'ਤੇ ਅਣਪਛਾਤੇ ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰ ਲਿਆ। ਪੁਲੀਸ ਨੇ ਕਾਰ ਮਾਲਕ ਨੂੰ 6500 ਰੁਪਏ ਜੁਰਮਾਨਾ ਕੀਤਾ ਹੈ ਅਤੇ ਹੁਣ ਤੱਕ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਦਾ ਕਹਿਣਾ ਹੈ ਕਿ ਕਾਰ 'ਚ ਸਵਾਰ ਬਾਕੀ ਲੋਕਾਂ ਦੀ ਤਲਾਸ਼ ਕਰ ਰਹੀ ਹੈ।

ਪੁਲਸ ਨੇ ਦੱਸਿਆ ਕਿ ਆਰੋਪੀ ਗੁਰੂਗ੍ਰਾਮ ਦੇ ਸ਼ੰਕਰ ਚੌਕ ਤੋਂ ਗੋਲਫ ਕੋਰਸ ਰੋਡ ਵੱਲ ਕਾਰ ਨੂੰ ਤੇਜ਼ ਰਫਤਾਰ ਨਾਲ ਲੈ ਕੇ ਜਾ ਰਹੇ ਸਨ। ਮਾਮਲੇ 'ਚ ਗ੍ਰਿਫਤਾਰ ਦੋਸ਼ੀਆਂ ਦੀ ਪਛਾਣ ਦਯਾ ਚੰਦ (34) ਅਤੇ ਸੂਰਜ ਡਾਗਰ (32) ਵਜੋਂ ਹੋਈ ਹੈ। ਪੁਲੀਸ ਨੇ ਉਸ ਕਾਰ ਨੂੰ ਵੀ ਕਬਜ਼ੇ ਵਿੱਚ ਲੈ ਲਿਆ ਹੈ ਜਿਸ ਵਿੱਚ ਇਹ ਸਾਰੇ ਨੌਜਵਾਨ ਸਵਾਰ ਸਨ। ਪੁਲਸ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਦੋਸ਼ੀ ਦਯਾ ਨੇ ਦੱਸਿਆ ਕਿ ਉਸ ਨੇ ਐਤਵਾਰ ਨੂੰ ਆਪਣੇ ਚਚੇਰੇ ਭਰਾ ਤੋਂ ਕਾਰ ਲੋਨ 'ਤੇ ਲਈ ਸੀ। ਉਸ ਦਾ ਚਚੇਰਾ ਭਰਾ ਗੱਡੀ ਦਾ ਮਾਲਕ ਹੈ।

ਪੁਲਿਸ ਨੇ ਕਿਹਾ ਕਿ ਇਸ ਤਰ੍ਹਾਂ ਦੀ ਹਰਕਤ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਪੁਲਿਸ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ 'ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਕੇ ਆਪਣੀ ਅਤੇ ਦੂਜਿਆਂ ਦੀ ਜਾਨ ਨੂੰ ਖਤਰੇ 'ਚ ਨਾ ਪਾਓ।'