Balakot Air Strike: ਅੱਜ ਤੋਂ ਠੀਕ ਚਾਰ ਸਾਲ ਪਹਿਲਾਂ ਭਾਵ 26 ਫਰਵਰੀ 2019 ਦੇ ਤੜਕੇ ਜਦੋਂ ਸਾਰਾ ਦੇਸ਼ ਸ਼ਾਂਤੀ ਦੀ ਨੀਂਦ ਸੌਂ ਰਿਹਾ ਸੀ, ਸਾਡੀ ਏਅਰਫੋਰਸ ਦੇ ਬਹਾਦਰ ਜਵਾਨ ਪਾਕਿਸਤਾਨ ਵਿੱਚ ਦਾਖਲ ਹੋ ਗਏ ਸਨ, ਜਿਸ ਬਾਰੇ ਗੁਆਂਢੀ ਮੁਲਕ ਨੂੰ ਵੀ ਕੋਈ ਇਲਮ ਨਹੀਂ ਸੀ। ਜਦੋਂ ਸਵੇਰੇ ਉੱਠ ਕੇ ਲੋਕਾਂ ਨੇ ਟੀਵੀ ਤੇ ਸੋਸ਼ਲ ਮੀਡੀਆ ਦੇਖਿਆ ਤਾਂ ਬਾਲਾਕੋਟ ਹਰ ਪਾਸੇ ਟ੍ਰੈਂਡ ਕਰ ਰਿਹਾ ਸੀ ਤੇ ਖਬਰ ਆ ਗਈ ਸੀ ਕਿ ਪੁਲਵਾਮਾ ਹਮਲੇ (Pulwama Attack) ਦਾ ਬਦਲਾ ਲੈਣ ਲਈ ਏਅਰ ਫੋਰਸ ਨੇ ਪਾਕਿਸਤਾਨ 'ਚ ਵੱਡਾ ਹਮਲਾ ਕੀਤਾ ਹੈ।
ਇਸ ਖਬਰ ਦੀ ਪਹਿਲੀ ਪੁਸ਼ਟੀ ਪਾਕਿਸਤਾਨ ਤੋਂ ਹੋਈ ਸੀ ਅਤੇ ਉਸ ਸਮੇਂ ਦੇ ਫੌਜ ਦੇ ਬੁਲਾਰੇ ਮੇਜਰ ਜਨਰਲ ਆਸਿਫ ਗਫੂਰ ਨੇ ਟਵੀਟ ਕੀਤਾ ਸੀ ਕਿ ਭਾਰਤੀ ਹਵਾਈ ਫੌਜ ਨੇ ਕੰਟਰੋਲ ਰੇਖਾ (LoC) ਨੂੰ ਪਾਰ ਕਰ ਲਿਆ ਹੈ ਤੇ ਕੋਈ ਨੁਕਸਾਨ ਨਹੀਂ ਹੋਇਆ ਹੈ।
ਭਾਰਤ ਦੀ ਪਹਿਲੀ ਪ੍ਰਤੀਕਿਰਿਆ
ਕੁਝ ਹੀ ਸਮੇਂ ਵਿੱਚ, ਬਾਲਾਕੋਟ ਏਅਰਸਟ੍ਰਾਈਕ ਦੀ ਖਬਰ ਸੋਸ਼ਲ ਮੀਡੀਆ ਤੋਂ ਲੈ ਕੇ ਮੇਨ ਸਟ੍ਰੀਮ ਮੀਡੀਆ ਤੱਕ ਵਾਇਰਲ ਹੋ ਗਈ। ਸਵੇਰੇ ਕਰੀਬ 11 ਵਜੇ ਵਿਦੇਸ਼ ਮੰਤਰਾਲੇ ਨੇ ਪਹਿਲੀ ਵਾਰ ਅਧਿਕਾਰਤ ਬਿਆਨ ਜਾਰੀ ਕੀਤਾ। ਵਿਦੇਸ਼ ਸਕੱਤਰ ਵਿਜੇ ਗੋਖਲੇ ਨੇ ਪ੍ਰੈੱਸ ਕਾਨਫਰੰਸ 'ਚ ਕਿਹਾ, 'ਠੋਸ ਸੂਚਨਾ ਮਿਲੀ ਸੀ ਕਿ ਜੈਸ਼ ਭਾਰਤ ਦੇ ਵੱਖ-ਵੱਖ ਹਿੱਸਿਆਂ 'ਚ ਇਕ ਹੋਰ ਆਤਮਘਾਤੀ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਹੈ। ਅਗਾਊਂ ਖੁਫੀਆ ਜਾਣਕਾਰੀ ਦੇ ਆਧਾਰ 'ਤੇ, ਭਾਰਤ ਨੇ ਅੱਜ ਤੜਕੇ ਬਾਲਾਕੋਟ 'ਚ ਜੈਸ਼ ਦੇ ਸਭ ਤੋਂ ਵੱਡੇ ਸਿਖਲਾਈ ਕੈਂਪ 'ਤੇ ਹਮਲਾ ਕੀਤਾ। ਇਸ ਹਮਲੇ 'ਚ ਵੱਡੀ ਗਿਣਤੀ 'ਚ ਜੈਸ਼ ਦੇ ਅੱਤਵਾਦੀ, ਟਰੇਨਰ, ਸੀਨੀਅਰ ਕਮਾਂਡਰ ਅਤੇ ਜੇਹਾਦੀਆਂ ਦੇ ਸਮੂਹ ਜਿਨ੍ਹਾਂ ਨੂੰ ਫਿਦਾਇਨ ਦੇ ਰੂਪ ਵਿਚ ਤਿਆਰ ਕੀਤਾ ਗਿਆ ਸੀ।
ਆਪਰੇਸ਼ਨ ਬਾਂਦਰ ਨੂੰ ਇੰਝ ਦਿੱਤਾ ਗਿਆ ਅੰਜਾਮ
ਬਾਲਾਕੋਟ ਹਮਲੇ ਨੂੰ ਭਾਰਤੀ ਹਵਾਈ ਫੌਜ ਨੇ 'ਆਪ੍ਰੇਸ਼ਨ ਬੰਦਰ' ਦਾ ਨਾਂ ਦਿੱਤਾ ਹੈ। 25-26 ਫਰਵਰੀ ਦੀ ਦਰਮਿਆਨੀ ਰਾਤ ਨੂੰ ਮੱਧ ਪ੍ਰਦੇਸ਼ ਦੇ ਗਵਾਲੀਅਰ ਏਅਰ ਬੇਸ 'ਤੇ ਹਲਚਲ ਮਚ ਗਈ ਅਤੇ ਇਸ ਤੋਂ ਬਾਅਦ 20 ਲੜਾਕੂ ਜਹਾਜ਼ਾਂ ਨੇ ਉਡਾਣ ਭਰੀ। ਸਵੇਰੇ 3.30 ਤੋਂ 4 ਵਜੇ ਦੇ ਵਿਚਕਾਰ, 12 ਮਿਰਾਜ ਜਹਾਜ਼ ਪਾਕਿਸਤਾਨ ਦੀ ਨਿਗਰਾਨੀ ਤਕਨੀਕ ਨੂੰ ਚਕਮਾ ਦੇ ਕੇ ਪਾਕਿਸਤਾਨ ਦੇ ਅੰਦਰ ਦਾਖਲ ਹੋਏ। ਇਨ੍ਹਾਂ ਜਹਾਜ਼ਾਂ ਦੇ ਪਿੱਛੇ ਚਾਰ ਹੋਰ ਜਹਾਜ਼ ਸਨ ਜੋ ਉਨ੍ਹਾਂ ਨੂੰ ਲੈ ਕੇ ਜਾ ਰਹੇ ਸਨ। ਕੁਝ ਹੀ ਮਿੰਟਾਂ 'ਚ ਲੜਾਕੂ ਜਹਾਜ਼ਾਂ ਨੇ ਬਾਲਾਕੋਟ 'ਚ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਕੈਂਪਾਂ 'ਤੇ ਬੰਬਾਰੀ ਕਰਕੇ ਸਾਰੇ ਕੈਂਪਾਂ ਨੂੰ ਤਬਾਹ ਕਰ ਦਿੱਤਾ ਅਤੇ ਕਈ ਅੱਤਵਾਦੀਆਂ ਨੂੰ ਮਾਰ ਦਿੱਤਾ। ਜਹਾਜ਼ਾਂ ਨੇ ਦਾਖਲੇ ਤੋਂ ਵਾਪਸੀ ਲਈ ਸਿਰਫ 21 ਮਿੰਟ ਲਏ।
ਪੁਲਵਾਮਾ ਹਮਲੇ ਦਾ ਬਦਲਾ
ਦੱਸਣਯੋਗ ਹੈ ਕਿ 14 ਫਰਵਰੀ 2019 ਨੂੰ ਜਦੋਂ ਪ੍ਰਧਾਨ ਮੰਤਰੀ ਮੋਦੀ ਉੱਤਰਾਖੰਡ ਦੇ ਦੌਰੇ 'ਤੇ ਸਨ ਤਾਂ ਦੁਪਹਿਰ ਨੂੰ ਖ਼ਬਰ ਆਈ ਕਿ ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਵੱਡਾ ਅੱਤਵਾਦੀ ਹਮਲਾ ਹੋਇਆ ਹੈ। ਪਹਿਲਾਂ ਦੱਸਿਆ ਗਿਆ ਸੀ ਕਿ ਕਰੀਬ 10 ਜਵਾਨ ਸ਼ਹੀਦ ਹੋ ਗਏ ਹਨ ਪਰ ਜਦੋਂ ਪੂਰੀ ਖਬਰ ਸਾਹਮਣੇ ਆਈ ਤਾਂ ਪਤਾ ਲੱਗਾ ਕਿ ਫੌਜ ਦੇ ਕਾਫਲੇ 'ਤੇ ਆਤਮਘਾਤੀ ਹਮਲਾ ਹੋਇਆ ਸੀ, ਜਿਸ 'ਚ ਸੀਆਰਪੀਐੱਫ ਦੇ 40 ਤੋਂ ਵੱਧ ਜਵਾਨ ਸ਼ਹੀਦ ਹੋ ਗਏ ਸਨ। ਇਸ ਖਬਰ ਤੋਂ ਬਾਅਦ ਪੂਰੇ ਦੇਸ਼ 'ਚ ਸੰਨਾਟਾ ਛਾ ਗਿਆ। ਦੌਰਾ ਅੱਧ ਵਿਚਾਲੇ ਛੱਡ ਕੇ, ਪ੍ਰਧਾਨ ਮੰਤਰੀ ਦਿੱਲੀ ਪਰਤੇ ਅਤੇ ਸਾਰੇ ਸੁਰੱਖਿਆ ਅਧਿਕਾਰੀਆਂ ਅਤੇ ਕੈਬਨਿਟ ਸਹਿਯੋਗੀਆਂ ਨਾਲ ਮੀਟਿੰਗ ਕੀਤੀ। ਇਸ ਤੋਂ ਬਾਅਦ ਬਾਲਾਕੋਟ ਹਵਾਈ ਹਮਲੇ ਦੀ ਤਿਆਰ ਕੀਤੀ ਗਈ।