Bihar News : ਬਿਹਾਰ ਦੇ ਭਾਗਲਪੁਰ 'ਚ ਜਿਸ ਸ਼ਖਸ ਨੂੰ ਮ੍ਰਿਤਕ ਸਮਝ ਕੇ ਉਸ ਦਾ ਪਰਿਵਾਰ ਅਤੇ ਸਹੁਰਾ ਪਰਿਵਾਰ ਸੋਗ 'ਚ ਸਨ, ਉਹ ਦਿੱਲੀ ਦੇ ਨਾਲ ਲੱਗਦੇ ਨੋਇਡਾ 'ਚ ਮਹੀਨਿਆਂ ਬਾਅਦ ਮੋਮੋਜ਼ ਖਾਂਦੇ ਮਿਲਿਆ ਹੈ। ਇਹ ਹੈਰਾਨੀਜਨਕ ਵਾਲੀ ਖ਼ਬਰ ਭਾਗਲਪੁਰ ਦੇ ਸੁਲਤਾਨਗੰਜ ਦੀ ਹੈ। ਦਰਅਸਲ, ਨਿਸ਼ਾਂਤ ਕੁਮਾਰ ਨਾਂ ਦਾ ਵਿਅਕਤੀ 31 ਜਨਵਰੀ 2023 ਨੂੰ ਆਪਣੇ ਸਹੁਰੇ ਘਰ ਤੋਂ ਰਹੱਸਮਈ ਤਰੀਕੇ ਨਾਲ ਲਾਪਤਾ ਹੋ ਗਿਆ ਸੀ। ਨਿਸ਼ਾਂਤ ਦੇ ਸਾਲੇ ਰਵੀ ਸ਼ੰਕਰ ਸਿੰਘ ਨੇ ਇਸ ਮਾਮਲੇ ਵਿੱਚ ਸੁਲਤਾਨਗੰਜ ਥਾਣੇ ਵਿੱਚ ਗੁੰਮਸ਼ੁਦਗੀ ਦਾ ਕੇਸ ਵੀ ਦਰਜ ਕਰਵਾਇਆ ਸੀ।


 

ਓਥੇ ਹੀ ਨਿਸ਼ਾਂਤ ਦੇ ਪਿਤਾ ਸਚਿਦਾਨੰਦ ਸਿੰਘ ਨੇ ਸਮਾਧੀ ਨਵੀਨ ਸਿੰਘ ਅਤੇ ਉਸ ਦੇ ਪੁੱਤਰ ਰਵੀ ਸ਼ੰਕਰ ਸਿੰਘ 'ਤੇ ਅਗਵਾ ਕਰਨ ਦਾ ਦੋਸ਼ ਲਗਾਇਆ ਸੀ। ਕਰੀਬ ਪੰਜ ਮਹੀਨੇ ਤੱਕ ਬੇਟਾ ਲਾਪਤਾ ਰਹਿਣ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਉਸ ਨੂੰ ਮ੍ਰਿਤਕ ਮੰਨ ਲਿਆ ਸੀ। ਇਸ ਤੋਂ ਬਾਅਦ ਨਿਸ਼ਾਂਤ ਦਾ ਸਾਲਾ ਰਵੀ ਸ਼ੰਕਰ ਸਿੰਘ ਨੋਇਡਾ ਆ ਗਿਆ ਸੀ। 

 

ਇਸ ਦੌਰਾਨ ਰਵੀਸ਼ੰਕਰ ਸਿੰਘ ਇਤਫਾਕ ਨਾਲ ਨੋਇਡਾ ਦੇ ਸੈਕਟਰ 50 ਵਿੱਚ ਇੱਕ ਮੋਮੋਜ਼ ਦੀ ਦੁਕਾਨ 'ਤੇ ਪਹੁੰਚ ਗਏ। ਉਸ ਨੇ ਉਥੇ ਦੇਖਿਆ ਕਿ ਵੱਡੀ-ਵੱਡੀ ਦਾੜ੍ਹੀ ਮੁੱਛਾਂ ਅਤੇ ਗੰਦੇ ਕੱਪੜਿਆਂ ਵਿੱਚ ਭਿਖਾਰੀ ਵਰਗਾ ਦਿਖਣ ਵਾਲੇ ਸ਼ਖਸ ਨੂੰ ਦੁਕਾਨਦਾਰ ਝਿੜਕ ਰਿਹਾ ਸੀ ਅਤੇ ਭਜਾ ਰਿਹਾ ਸੀ। ਉਸ ਵਿਅਕਤੀ ਨੂੰ ਦੇਖ ਕੇ ਰਵੀਸ਼ੰਕਰ ਸਿੰਘ ਦੀ ਹਮਦਰਦੀ ਜਾਗੀ ਅਤੇ ਉਸ ਨੇ ਦੁਕਾਨਦਾਰ ਨੂੰ ਕਿਹਾ, 'ਜੇਕਰ ਗਰੀਬ ਹੈ ਤਾਂ ਉਸ ਨੂੰ ਮੋਮੋਜ਼ ਖੁਆ ਦਿਓ , ਮੈਂ ਪੈਸੇ ਦੇ ਦੇਵਾਂਗਾ।' ਇਸ ਦੌਰਾਨ ਜਦੋਂ ਉਸ ਨੇ ਉਸ ਵਿਅਕਤੀ ਦਾ ਨਾਂ ਤੇ ਪਤਾ ਪੁੱਛਿਆ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।

 

ਜਿਸ ਨੂੰ ਰਵੀ ਸ਼ੰਕਰ ਸਿੰਘ ਭਿਖਾਰੀ ਅਤੇ ਗਰੀਬ ਸਮਝ ਰਿਹਾ ਸੀ, ਅਸਲ ਵਿਚ ਉਸ ਦਾ ਜੀਜਾ ਨਿਸ਼ਾਂਤ ਕੁਮਾਰ ਹੀ ਸੀ, ਜੋ ਪਿਛਲੇ ਕਰੀਬ 5 ਮਹੀਨਿਆਂ ਤੋਂ ਲਾਪਤਾ ਸੀ। ਇਸ ਮਾਮਲੇ 'ਚ ਉਨ੍ਹਾਂ ਦੇ ਪਿਤਾ ਨੇ ਵੀ ਰਵੀਸ਼ੰਕਰ ਦੇ ਖਿਲਾਫ ਐੱਫ.ਆਈ.ਆਰ ਵੀ ਦਰਜ ਕਰਵਾਈ ਸੀ। ਜਿਸ ਵਿਅਕਤੀ ਦੇ ਕਾਰਨ ਦੋਵਾਂ ਪਰਿਵਾਰਾਂ 'ਚ ਫਿਕ ਪੈ ਗਈ ,ਉਹ ਵਿਅਕਤੀ ਇਸ ਹਾਲਤ 'ਚ ਮਿਲਿਆ, ਇਹ ਸੋਚ ਕੇ ਦੋਵਾਂ ਪਰਿਵਾਰਾਂ ਦੇ ਲੋਕ ਹੈਰਾਨ ਹਨ। ਓਥੇ ਹੀ ਸਾਲੇ ਰਵੀ ਸ਼ੰਕਰ ਨੇ 100 ਨੰਬਰ 'ਤੇ ਫੋਨ ਕਰਕੇ ਪੁਲਸ ਨੂੰ ਬੁਲਾਇਆ ਅਤੇ ਫਿਰ ਆਪਣੇ ਜੀਜੇ ਨੂੰ ਲੈ ਕੇ ਥਾਣੇ ਪਹੁੰਚ ਗਿਆ।

 

ਦਿੱਲੀ ਪੁਲਿਸ ਨੇ ਤਤਪਰਤਾ ਦਿਖਾਉਂਦੇ ਹੋਏ ਕਈ ਮਹੀਨਿਆਂ ਤੋਂ ਲਾਪਤਾ ਨਿਸ਼ਾਂਤ ਨੂੰ ਸੁਲਤਾਨਗੰਜ ਪੁਲਿਸ ਸਟੇਸ਼ਨ ਬਿਹਾਰ ਪੁਲਿਸ ਦੇ ਹਵਾਲੇ ਕਰ ਦਿੱਤਾ। ਇਸ ਤੋਂ ਬਾਅਦ ਮੰਗਲਵਾਰ ਨੂੰ ਨਿਸ਼ਾਂਤ ਨੂੰ ਭਾਗਲਪੁਰ ਅਦਾਲਤ 'ਚ ਪੇਸ਼ ਕੀਤਾ ਗਿਆ। ਹੁਣ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਉਸ ਨੂੰ ਅਗਵਾ ਕੀਤਾ ਗਿਆ ਸੀ ਜਾਂ ਉਹ ਕਿਵੇਂ ਲਾਪਤਾ ਹੋਇਆ ਅਤੇ ਉਹ ਕਦੋਂ ਦਿੱਲੀ ਪਹੁੰਚਿਆ।

 

ਦੂਜੇ ਪਾਸੇ ਸਾਲੇ ਰਵੀ ਸ਼ੰਕਰ ਨੇ ਦੱਸਿਆ ਕਿ ਨਿਸ਼ਾਂਤ ਸਿੰਘ ਦੇ ਲਾਪਤਾ ਹੋਣ ਤੋਂ ਬਾਅਦ ਉਸ ਦੇ ਘਰ ਦੇ ਲੋਕ ਉਸ ਨੂੰ ਅਗਵਾ ਕਰਨ ਦਾ ਦੋਸ਼ ਲਗਾ ਕੇ ਤੰਗ ਪ੍ਰੇਸ਼ਾਨ ਕਰ ਰਹੇ ਸਨ। ਇਸ ਸਦਮੇ ਵਿੱਚ ਉਨ੍ਹਾਂ ਦੇ ਬਜ਼ੁਰਗ ਪਿਤਾ ਦਾ ਦੇਹਾਂਤ ਹੋ ਗਿਆ। ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਅਦਾਲਤ ਮਦਦ ਕਰੇਗੀ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।