UPSC ਪ੍ਰੀਖਿਆ 2023 ਦਾ ਨਤੀਜਾ ਜਾਰੀ ਹੋਣ ਤੋਂ ਬਾਅਦ ਇੱਕ ਅਜੀਬ ਘਟਨਾ ਸਾਹਮਣੇ ਆਈ ਹੈ। UPSC ‘ਚ ਸਫਲਤਾ ਦਾ ਦਾਅਵਾ ਕਰਨ ਵਾਲੀ ਮਹਿਲਾ ਪ੍ਰੋਫੈਸਰ ਦੇ ਘਰ ਤਿੰਨ ਦਿਨ ਤੱਕ ਜਸ਼ਨ ਮੰਨਦਾ ਰਿਹਾ ਪਰ ਫਿਰ ਜੋ ਸੱਚ ਸਾਹਮਣੇ ਆਇਆ, ਉਸ ਨੇ ਪੂਰੇ ਪਰਿਵਾਰ ਨੂੰ ਹੈਰਾਨ ਕਰ ਦਿੱਤਾ। ਇਹ ਖੁਲਾਸਾ ਹੋਇਆ ਕਿ ਮਹਿਲਾ ਪ੍ਰੋਫੈਸਰ ਨੇ ਨਹੀਂ ਬਲਕਿ ਉਸ ਦੇ ਸ਼ਹਿਰ ਤੋਂ ਕਰੀਬ 500 ਕਿਲੋਮੀਟਰ ਦੂਰ ਰਹਿਣ ਵਾਲੀ ਇੱਕ ਹੋਰ ਔਰਤ ਨੇ ਯੂਪੀਐਸਸੀ ਵਿੱਚ ਸਫਲਤਾ ਹਾਸਲ ਕੀਤੀ ਹੈ। ਇਹ ਕਹਾਣੀ ਵੀ ਘੱਟ ਦਿਲਚਸਪ ਨਹੀਂ ਹੈ।
ਇਹ ਸਾਰਾ ਮਾਮਲਾ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐਸਸੀ) ਦੀ ਪ੍ਰੀਖਿਆ 2023 ਵਿੱਚ 470ਵਾਂ ਰੈਂਕ ਹਾਸਲ ਕਰਨ ਵਾਲੇ ਉਮੀਦਵਾਰ ਦੇ ਨਾਂ ਨਾਲ ਸਬੰਧਤ ਹੈ। ਰਾਜਸਥਾਨ ਦੇ ਸੰਗਮਰਮਰ ਸ਼ਹਿਰ ਕਿਸ਼ਨਗੜ੍ਹ (ਅਜਮੇਰ) ਦੀ ਰਹਿਣ ਵਾਲੀ ਰਿਤੂ ਯਾਦਵ ਨੂੰ ਇਸ ਰੈਂਕ ‘ਤੇ ਪਾਸ ਕਰਨ ਲਈ ਉਮੀਦਵਾਰ ਮੰਨਿਆ ਜਾ ਰਿਹਾ ਸੀ ਪਰ ਹਕੀਕਤ ਇਸ ਦੇ ਉਲਟ ਸੀ। ਤਿੰਨ ਦਿਨਾਂ ਬਾਅਦ ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਕਿਸ਼ਨਗੜ੍ਹ ਦੀ ਨਹੀਂ ਬਲਕਿ ਮੱਧ ਪ੍ਰਦੇਸ਼ ਦੇ ਪ੍ਰਿਥਵੀਪੁਰ (ਨਿਵਾੜੀ) ਦੀ ਰਹਿਣ ਵਾਲੀ ਰਿਤੂ ਯਾਦਵ ਯੂਪੀਐਸਸੀ ਵਿੱਚ 470ਵੇਂ ਰੈਂਕ ’ਤੇ ਚੁਣੀ ਗਈ ਹੈ। ਸਾਰੀ ਗਲਤੀ ਇਸ ਲਈ ਹੋਈ ਕਿਉਂਕਿ ਉਮੀਦਵਾਰ ਦੇ ਨਾਂ ਦੇ ਅੱਗੇ ਪਿਤਾ ਦਾ ਨਾਂ ਮੌਜੂਦ ਨਹੀਂ ਸੀ।
ਕਿਸ਼ਨਗੜ੍ਹ ਵਾਸੀ ਰਿਤੂ ਯਾਦਵ ਇਸ ਸਮੇਂ ਪਾਲੀ ਦੇ ਗਰਲਜ਼ ਕਾਲਜ ਵਿੱਚ ਹਿੰਦੀ ਦੀ ਪ੍ਰੋਫ਼ੈਸਰ ਹੈ। ਰਿਤੂ ਨੇ ਕਈ ਹੋਰ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਵੀ ਸਫਲਤਾ ਹਾਸਲ ਕੀਤੀ ਹੈ। ਉਹ ਸਾਲ 2021 ਵਿੱਚ ਆਰਏਐਸ ਵਿੱਚ ਚੁਣੀ ਗਈ ਹੈ ਅਤੇ ਜਲਦੀ ਹੀ ਉਹ ਐਸਡੀਐਮ ਦੇ ਅਹੁਦੇ ਉੱਤੇ ਜੁਆਇਨ ਕਰਨ ਜਾ ਰਹੀ ਹੈ। ਰਿਤੂ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਭਵਿੱਖ ਵਿੱਚ ਵੀ ਆਈਏਐਸ ਲਈ ਯਤਨਸ਼ੀਲ ਰਹੇਗੀ।
ਇਸ ਕਾਰਨ ਪੈਦਾ ਹੋ ਗਿਆ ਭੰਬਲਭੂਸਾ
ਦਰਅਸਲ, UPSC ਦੁਆਰਾ ਘੋਸ਼ਿਤ ਨਤੀਜੇ ਵਿੱਚ, 1016 ਉਮੀਦਵਾਰਾਂ ਦੇ ਰੈਂਕ ਜਾਰੀ ਕੀਤੇ ਗਏ ਸਨ। ਦੋਵਾਂ ਰਿਤੂ ਯਾਦਵ ਨੇ ਇੰਟਰਵਿਊ ਦਿੱਤੀ ਸੀ। ਨਤੀਜਾ ਸੂਚੀ ਵਿੱਚ ਸਿਰਫ਼ ਇੱਕ ਰਿਤੂ ਯਾਦਵ ਦਾ ਨਾਂ 470ਵੇਂ ਰੈਂਕ ’ਤੇ ਸੀ ਪਰ ਉਸ ਦੇ ਪਿਤਾ ਦਾ ਨਾਂ ਸੂਚੀ ਵਿੱਚ ਨਹੀਂ ਸੀ। ਇਸ ਕਰਕੇ ਵੀ ਗਲਤੀ ਹੋ ਗਈ। ਕਿਸ਼ਨਗੜ੍ਹ ਦੀ ਰਹਿਣ ਵਾਲੀ ਰਿਤੂ ਯਾਦਵ ਨੇ ਰੋਲ ਨੰਬਰ ‘ਤੇ ਧਿਆਨ ਨਹੀਂ ਦਿੱਤਾ, ਜਦਕਿ UPSC ਪ੍ਰੀਖਿਆ-2023 ‘ਚ ਮਿਲੀ ਸਫਲਤਾ ‘ਤੇ ਮੱਧ ਪ੍ਰਦੇਸ਼ ਦੇ ਨਿਵਾੜੀ ਦੀ ਰਹਿਣ ਵਾਲੀ ਰਿਤੂ ਯਾਦਵ ਦੇ ਘਰ ਖੁਸ਼ੀ ਮਨਾਈ ਜਾ ਰਹੀ ਹੈ।