ਉੱਤਰ ਪ੍ਰਦੇਸ਼ ਦੇ ਦੇਵਰੀਆ ਜ਼ਿਲੇ 'ਚ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਜਿਸ 'ਚ ਹਸਪਤਾਲ ਤੋਂ ਫੋਨ 'ਤੇ ਰਿਸ਼ਤੇਦਾਰਾਂ ਨੂੰ ਔਰਤ ਦੀ ਮੌਤ ਦੀ ਸੂਚਨਾ ਮਿਲੀ ਤਾਂ ਘਰ 'ਚ ਸੋਗ ਦੀ ਲਹਿਰ ਦੌੜ ਗਈ। ਇਸ ਤੋਂ ਬਾਅਦ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਜਲਦਬਾਜ਼ੀ 'ਚ ਔਰਤ ਦੇ ਅੰਤਿਮ ਸਸਕਾਰ ਦੀ ਤਿਆਰੀ ਸ਼ੁਰੂ ਕਰ ਦਿੱਤੀ। ਪਿੰਡ ਵਾਸੀ ਵੀ ਇਕੱਠੇ ਹੋ ਗਏ। ਅਜੇ ਇਹ ਸਭ ਚੱਲ ਰਿਹਾ ਸੀ ਕਿ ਫਿਰ ਫੋਨ ਆਇਆ ਕਿ ਔਰਤ ਸਾਹ ਲੈ ਰਹੀ ਹੈ ਅਤੇ ਉਹ ਜ਼ਿੰਦਾ ਹੈ। ਇਸ ਘਟਨਾ ਦੀ ਇਲਾਕੇ ਵਿੱਚ ਚਰਚਾ ਜ਼ੋਰਾਂ ’ਤੇ ਹੈ।
ਦਰਅਸਲ 'ਚ ਥਾਣਾ ਮਹੂਆਡੀਹ ਖੇਤਰ ਦੇ ਪਿੰਡ ਬੇਲਵਾ ਬਾਜ਼ਾਰ ਦੇ ਰਹਿਣ ਵਾਲੇ ਕਨ੍ਹਈਆ ਦੀ ਪਤਨੀ ਮੀਨਾ ਦੇਵੀ (ਉਮਰ 55) ਨੂੰ ਸਾਹ ਦੀ ਗੰਭੀਰ ਬੀਮਾਰੀ ਹੈ। ਸੋਮਵਾਰ ਨੂੰ ਮੀਨਾ ਦੀ ਸਿਹਤ ਅਚਾਨਕ ਵਿਗੜਨ ਲੱਗੀ। ਇਸ ਤੋਂ ਬਾਅਦ ਪਰਿਵਾਰਕ ਮੈਂਬਰ ਉਸ ਨੂੰ ਨਜ਼ਦੀਕੀ ਸਰਕਾਰੀ ਹਸਪਤਾਲ ਲੈ ਗਏ ,ਜਿੱਥੋਂ ਡਾਕਟਰਾਂ ਨੇ ਉਸ ਨੂੰ ਜ਼ਿਲ੍ਹਾ ਹਸਪਤਾਲ ਲਈ ਰੈਫਰ ਕਰ ਦਿੱਤਾ। ਇੱਥੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਦਿੰਦੇ ਹੋਏ ਉਸ ਨੂੰ ਗੋਰਖਪੁਰ ਬੀਆਰਡੀ ਮੈਡੀਕਲ ਕਾਲਜ ਰੈਫਰ ਕਰ ਦਿੱਤਾ,ਜਿੱਥੇ ਉਸ ਨੂੰ ਆਈਸੀਯੂ ਵਿੱਚ ਦਾਖਲ ਕਰਵਾਇਆ ਗਿਆ।
ਜਿਸ ਤੋਂ ਬਾਅਦ ਸ਼ੁੱਕਰਵਾਰ ਸਵੇਰੇ ਡਾਕਟਰਾਂ ਨੇ ਔਰਤ ਦੇ ਬੇਟੇ ਨੂੰ ਘਰ ਲਿਜਾ ਕੇ ਘਰ 'ਚ ਸੇਵਾ ਕਰਨ ਦੀ ਗੱਲ ਕਹਿ ਕੇ ਹਸਪਤਾਲ ਤੋਂ ਛੁੱਟੀ ਦੇ ਦਿੱਤੀ। ਜਿਵੇਂ ਹੀ ਔਰਤ ਦਾ ਲੜਕਾ ਟਿੰਕੂ ਆਪਣੀ ਮਾਂ ਨੂੰ ਪ੍ਰਾਈਵੇਟ ਐਂਬੂਲੈਂਸ ਵਿਚ ਲੈ ਕੇ ਪਿੰਡ ਲਈ ਰਵਾਨਾ ਹੋਇਆ ਤਾਂ ਉਸ ਨੂੰ ਅਹਿਸਾਸ ਹੋਇਆ ਕਿ ਮਾਂ ਦੇ ਸਾਹ ਰੁਕ ਗਏ ਹਨ ਅਤੇ ਉਹ ਇਸ ਦੁਨੀਆ ਵਿਚ ਨਹੀਂ ਰਹੇ। ਟਿੰਕੂ ਨੇ ਫੋਨ 'ਤੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਕਿ ਉਸ ਦੀ ਮਾਂ ਦੀ ਮੌਤ ਹੋ ਗਈ ਹੈ ਅਤੇ ਉਹ ਉਸ ਦੀ ਲਾਸ਼ ਲੈ ਕੇ ਘਰ ਆ ਰਿਹਾ ਹੈ। ਇਹ ਸੁਣ ਕੇ ਘਰ 'ਚ ਸੋਗ ਦਾ ਮਾਹੌਲ ਬਣ ਗਿਆ।
ਰਿਸ਼ਤੇਦਾਰਾਂ ਨੇ ਰੋਣਾ ਸ਼ੁਰੂ ਕਰ ਦਿੱਤਾ ਅਤੇ ਅੰਤਿਮ ਸਸਕਾਰ ਲਈ ਲੋੜੀਂਦਾ ਸਮਾਨ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਅਜੇ ਤਿਆਰੀਆਂ ਚੱਲ ਹੀ ਰਹੀਆਂ ਸਨ ਕਿ ਬੇਟੇ ਟਿੰਕੂ ਨੇ ਫਿਰ ਫੋਨ ਕੀਤਾ ਅਤੇ ਕਿਹਾ ਕਿ ਮਾਂ ਸਾਹ ਲੈ ਰਹੀ ਹੈ ਅਤੇ ਲੱਗਦਾ ਹੈ ਕਿ ਉਹ ਜਿਉਂਦੀ ਹੈ। ਇਸ ਸਮੇਂ ਤੱਕ ਉਹ ਚੌਰੀ-ਚੌਰਾ ਤਹਿਸੀਲ ਦੇ ਨੇੜੇ ਪਹੁੰਚ ਚੁੱਕਾ ਸੀ। ਇਸ ਤੋਂ ਬਾਅਦ ਉਸ ਨੇ ਇਕ ਨਿੱਜੀ ਹਸਪਤਾਲ ਵਿਚ ਮਾਂ ਦਾ ਮੁਆਇਨਾ ਕਰਵਾਇਆ ਅਤੇ ਹਾਲਤ ਠੀਕ ਹੋਣ 'ਤੇ ਘਰ ਪਰਤਿਆ। ਇੱਥੇ ਔਰਤ ਨੂੰ ਸੁਰੱਖਿਅਤ ਦੇਖ ਕੇ ਰਿਸ਼ਤੇਦਾਰ ਖੁਸ਼ ਸਨ। ਟਿੰਕੂ ਨੇ ਦੱਸਿਆ ਕਿ ਉਸ ਦੀ ਮਾਂ ਹੁਣ ਸੁਰੱਖਿਅਤ ਹੈ।