Trending News: ਅਨਾਥ ਬੱਚੇ ਨੂੰ ਗੋਦ ਲੈਣਾ ਪੁੰਨ ਦਾ ਕੰਮ ਮੰਨਿਆ ਜਾਂਦਾ ਹੈ। ਦੁਨੀਆ 'ਚ ਕਈ ਲੋਕ ਅਜਿਹੇ ਹਨ ਜੋ ਅਨਾਥ ਬੱਚਿਆਂ ਨੂੰ ਗੋਦ ਲੈ ਕੇ ਉਨ੍ਹਾਂ ਨੂੰ ਆਪਣੇ ਬੱਚਿਆਂ ਵਾਂਗ ਪਾਲ ਰਹੇ ਹਨ। ਉਨ੍ਹਾਂ ਨੂੰ ਪੜ੍ਹਾ-ਲਿਖਾ ਕੇ ਇਸ ਕਾਬਲ ਬਣਾ ਰਹੇ ਹਨ ਤਾਂ ਕਿ ਉਹ ਦੁਨੀਆ ਵਿੱਚ ਸਿਰ ਉਠਾ ਕੇ ਜਿਉਂ ਸਕਣ। ਪਰ ਰੂਸ 'ਚ ਗੋਦ ਲੈਣ ਦਾ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ।
ਹੁਣ ਪੂਰਾ ਸੱਚ ਜਾਣਨ ਤੋਂ ਬਾਅਦ ਵੀ ਲੋਕ ਇਸ 'ਤੇ ਵਿਸ਼ਵਾਸ ਨਹੀਂ ਕਰ ਪਾ ਰਹੇ। ਦਰਅਸਲ ਮਾਮਲਾ ਅਜਿਹਾ ਹੈ ਕਿ ਇੱਕ ਔਰਤ ਨੇ ਇੱਕ ਬੱਚੇ ਨੂੰ ਗੋਦ ਲਿਆ, ਪਾਲਿਆ-ਪੋਸਿਆ ਤੇ ਬਾਅਦ ਵਿੱਚ ਉਸੇ ਨਾਲ ਵਿਆਹ ਕਰ ਲਿਆ। ਔਰਤ ਦੀ ਉਮਰ ਇਸ ਵੇਲੇ 53 ਸਾਲ ਹੈ, ਜਦੋਂਕਿ ਜਿਸ ਨਾਲ ਉਸ ਨੇ ਵਿਆਹ ਕੀਤਾ, ਉਸ ਦੀ ਉਮਰ 22 ਸਾਲ ਹੈ, ਯਾਨੀ ਦੋਵਾਂ ਦੀ ਉਮਰ ਦਾ ਅੰਤਰ 31 ਸਾਲ ਹੈ।
ਓਡੀਟੀ ਸੈਂਟਰਲ ਨਾਂ ਦੀ ਵੈੱਬਸਾਈਟ ਦੀ ਰਿਪੋਰਟ ਮੁਤਾਬਕ ਔਰਤ ਨੇ ਇਹ ਅਜੀਬੋ-ਗਰੀਬ ਵਿਆਹ ਕਰਕੇ ਆਪਣੇ ਗ੍ਰਹਿ ਰਾਜ ਤਾਤਾਰਸਤਾਨ 'ਚ ਖਲਬਲੀ ਮਚਾ ਦਿੱਤੀ ਹੈ। ਉਥੋਂ ਦੇ ਲੋਕ ਬਹੁਤ ਗੁੱਸੇ ਵਿਚ ਹਨ। ਇਹ ਔਰਤ ਤਾਤਾਰਸਤਾਨ ਦੀ ਇੱਕ ਮਸ਼ਹੂਰ ਸੰਗੀਤਕਾਰ ਹੈ, ਜਿਸ ਦਾ ਨਾਮ ਆਈਸੀਲੂ ਚਿਜ਼ੇਵਸਕਾਇਆ-ਮਿੰਗਾਲੀਮ ਹੈ।
ਇਹ ਵੀ ਪੜ੍ਹੋ: Italy: ਇਟਲੀ ‘ਚ ਕਿਉਂ ਨਹੀਂ ਪੈਦਾ ਹੋ ਰਹੇ ਬੱਚੇ, ਪਿਛਲੇ 3 ਮਹੀਨਿਆਂ 'ਚ ਕਿਉਂ ਨਹੀਂ ਹੋਈ ਇੱਕ ਵੀ ਡਿਲਵਰੀ?
ਰਿਪੋਰਟਾਂ ਮੁਤਾਬਕ 8 ਸਾਲ ਪਹਿਲਾਂ ਅਨਾਥ ਆਸ਼ਰਮ 'ਚ ਸੰਗੀਤ ਸਿਖਾਉਂਦੇ ਸਮੇਂ ਆਈਸੀਲੂ ਦੀ ਮੁਲਾਕਾਤ 13 ਸਾਲ ਦੇ ਇੱਕ ਲੜਕੇ ਡੇਨੀਅਲ ਨਾਲ ਹੋਈ, ਜਿਸ ਨੂੰ ਸੰਗੀਤ ਦਾ ਸ਼ੌਕ ਸੀ। ਸੰਗੀਤਕਾਰ ਹੋਣ ਦੇ ਨਾਤੇ ਆਈਸੀਲੂ ਨੇ ਉਸ ਦੇ ਅੰਦਰਲੇ ਜਨੂੰਨ ਨੂੰ ਪਛਾਣ ਲਿਆ ਤੇ ਉਸ ਨੂੰ ਸੰਗੀਤ ਸਿਖਾਉਣ 'ਚ ਮਦਦ ਕਰਨੀ ਸ਼ੁਰੂ ਕਰ ਦਿੱਤੀ।
ਇਸ ਦੌਰਾਨ ਡੇਨੀਅਲ ਨੇ ਕਈ ਰਿਐਲਿਟੀ ਸ਼ੋਅਜ਼ 'ਚ ਵੀ ਹਿੱਸਾ ਲਿਆ। ਫਿਰ ਜਦੋਂ ਉਹ 14 ਸਾਲ ਦਾ ਹੋਇਆ ਤਾਂ ਆਈਸੀਲੂ ਨੇ ਉਸ ਨੂੰ ਗੋਦ ਲੈ ਲਿਆ। ਉਦੋਂ ਤੋਂ ਉਹ ਇਕੱਠੇ ਰਹਿ ਰਹੇ ਹਨ ਪਰ 20 ਅਕਤੂਬਰ ਨੂੰ ਦੋਵਾਂ ਨੇ ਇੱਕ ਦੂਜੇ ਨਾਲ ਕਾਨੂੰਨੀ ਤੌਰ 'ਤੇ ਵਿਆਹ ਕਰਵਾ ਕੇ ਦੁਨੀਆ ਨੂੰ ਹੈਰਾਨ ਕਰ ਦਿੱਤਾ।
ਆਈਸੀਲੂ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਡੈਨੀਅਲ ਨਾਲ ਉਨ੍ਹਾਂ ਦੇ ਰਿਸ਼ਤੇ ਨੂੰ ਲੈ ਕੇ ਅਫਵਾਹਾਂ ਸਨ। ਇਸ ਲਈ ਉਨ੍ਹਾਂ ਨੇ ਇਸ ਵਿਆਹ ਨਾਲ ਉਨ੍ਹਾਂ ਸਾਰੀਆਂ ਅਫਵਾਹਾਂ ਨੂੰ ਖਤਮ ਕਰਨ ਦਾ ਫੈਸਲਾ ਕੀਤਾ। ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਵਿਆਹ ਦਾ ਅਸਲ ਵਿੱਚ ਕੋਈ ਮਤਲਬ ਨਹੀਂ। ਉਨ੍ਹਾਂ ਦਾ ਵਿਆਹ ਅਸਲੀ ਹੋ ਸਕਦਾ ਹੈ, ਪਰ ਇਹ ਕੇਵਲ ਆਤਮਿਕ ਹੈ, ਸਰੀਰਕ ਨਹੀਂ।