ਨਵੀਂ ਦਿੱਲੀ: ਘਾਤਕ ਕੋਰੋਨਾ ਵਾਇਰਸ (ਕੋਵਿਡ -19) ਭਾਰਤ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ। ਦਿੱਲੀ ਵਿੱਚ ਇੱਕ ਬਜ਼ੁਰਗ ਔਰਤ ਦੀ ਮੌਤ ਤੋਂ ਬਾਅਦ ਦੇਸ਼ ਵਿੱਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਦੋ ਹੋ ਗਈ ਹੈ। ਭਾਰਤ ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਚਾਰ-ਚਾਰ ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।


ਭਾਰਤ 'ਚ ਕੋਰੋਨਾ ਵਾਇਰਸ ਨਾਲ ਪੀੜਤਾਂ ਦੀ ਗਿਣਤੀ 83 ਹੋ ਚੁੱਕੀ ਹੈ। ਸਰਕਾਰ ਇਸ ਵਾਇਰਸ ਨਾਲ ਲੜਨ ਲਈ ਤੇਜ਼ ਫੈਸਲੇ ਵੀ ਲੈ ਰਹੀ ਹੈ।ਸਰਕਾਰ ਨੇ ਕਾਲੇਬਾਜ਼ਾਰੀ ਨੂੰ ਰੋਕਣ ਲਈ ਮਾਸਕ ਅਤੇ ਸੈਨੀਟਾਈਜ਼ਰ ਨੂੰ ਜ਼ਰੂਰੀ ਵਸਤੂ ਘੋਸ਼ਿਤ ਕਰ ਦਿੱਤਾ ਹੈ।

ਦੱਸ ਦੇਈਏ ਕਿ ਕਰਨਾਟਕ ਦੇ ਕਲਬਰਗੀ ਵਿੱਚ ਪਹਿਲੀ ਮੌਤ ਤੋਂ ਬਾਅਦ ਕੱਲ੍ਹ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਦੂਜੀ ਮੌਤ ਹੋਈ ਸੀ। 68 ਸਾਲਾ ਔਰਤ ਕੋਰੋਨਾ ਦੀ ਸ਼ਿਕਾਰ ਹੋ ਗਈ। ਔਰਤ ਦਾ ਕੋਰੋਨਾ ਪ੍ਰਭਾਵਿਤ ਪੁੱਤਰ 22 ਫਰਵਰੀ ਨੂੰ ਇਟਲੀ ਤੋਂ ਵਾਪਸ ਆਇਆ ਸੀ।

ਸਰਕਾਰ ਨੇ ਕਿਹੜੇ ਫੈਸਲੇ ਲਏ?

  • ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਰੇਲ-ਬੱਸ ਸੇਵਾ 15 ਅਪ੍ਰੈਲ ਤੱਕ ਰੱਦ ਕੀਤੀ ਗਈ

  • ਭਾਰਤ ਵਿੱਚ ਹੁਣ ਸਿਰਫ 37 ਸਰਹੱਦੀ ਚੌਕੀਆਂ ਵਿਚੋਂ 19 ਤੋਂ ਹੀ ਭਾਰਤ ਐਂਟਰੀ ਦੀ ਆਗਿਆ ਹੈ

  • ਭਾਰਤ-ਨੇਪਾਲ ਸਰਹੱਦ ‘ਤੇ ਵਿਸ਼ੇਸ਼ ਨਿਗਰਾਨੀ ਲਈ ਨਿਰਦੇਸ਼ ਜਾਰੀ ਕੀਤੇ ਗਏ

  • ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰਕ ਦੇਸ਼ਾਂ ਨੂੰ ਸਾਂਝੀ ਰਣਨੀਤੀ ਬਣਾਉਣ ਦਾ ਪ੍ਰਸਤਾਵ ਦਿੱਤਾ

  • ਸ੍ਰੀਲੰਕਾ, ਮਾਲਦੀਵ, ਨੇਪਾਲ ਅਤੇ ਭੂਟਾਨ ਨੇ ਪ੍ਰਧਾਨ ਮੰਤਰੀ ਦੇ ਪ੍ਰਸਤਾਵ ਦਾ ਸਵਾਗਤ ਕੀਤਾ ਹੈ

  • ਏਅਰ ਇੰਡੀਆ ਦਾ ਜਹਾਜ਼ ਅੱਜ ਮਿਲਾਨ ਜਾ ਕੇ ਭਾਰਤੀਆਂ ਨੂੰ ਇਟਲੀ ਵਿੱਚੋਂ ਕੱਢਕੇ ਲਿਆਵੇਗਾ

  • ਏਅਰ ਇੰਡੀਆ ਦਾ ਜਹਾਜ਼ ਇਰਾਨ ਵਿੱਚ ਫਸੇ ਭਾਰਤੀਆਂ ਨੂੰ ਬਾਹਰ ਕੱਢਣ ਲਈ ਤਹਿਰਾਨ ਵੀ ਜਾਏਗਾ

  • ਕੋਰੋਨਾ ਨੂੰ ਟੈਸਟ ਕਰਨ ਲਈ ਦੇਸ਼ ਵਿੱਚ 54 ਟੈਸਟ ਸੈਂਟਰ ਸਥਾਪਤ ਕੀਤੇ ਗਏ ਹਨ