ਨਵੀਂ ਦਿੱਲੀ: ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦੀ ਅਗਵਾਈ ਵਾਲੀ ਕਮੇਟੀ ਅਗਲੇ ਤਿੰਨ ਹਫ਼ਤਿਆਂ ਦੇ ਅੰਦਰ ਚੀਫ ਆਫ਼ ਡਿਫੈਂਸ ਸਟਾਫ (ਸੀਡੀਐੱਸ) ਦੀ ਨਿਯੁਕਤੀ ਲਈ ਤੌਰ-ਤਰੀਕਿਆਂ ਨੂੰ ਅੰਤਮ ਰੂਪ ਦੇਵੇਗੀ। ਇਸ ਨਾਲ ਸਰਕਾਰ ਨੂੰ ਜਨਵਰੀ ਤੱਕ ਇਕ ਏਕੀਕ੍ਰਿਤ ਫੌਜੀ ਸਲਾਹਕਾਰ ਮਿਲਣ ਦਾ ਰਾਹ ਪੱਧਰਾ ਹੋ ਜਾਵੇਗਾ, ਜਿਸ ਦਾ ਕਾਰਗਿਲ ਸਮੀਖਿਆ ਕਮੇਟੀ ਨੇ 1999 ਵਿੱਚ ਸੁਝਾਅ ਦਿੱਤਾ ਸੀ।


ਫੌਜ ਦੇ ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਫੌਜ, ਜਲ ਸੈਨਾ ਤੇ ਹਵਾਈ ਸੈਨਾ ਨੇ ਇਸ ਨਵੇਂ ਅਹੁਦੇ ਲਈ ਆਪਣੇ ਸੀਨੀਅਰ ਕਮਾਂਡਰਾਂ ਦੇ ਨਾਵਾਂ ਦੀ ਸਿਫਾਰਸ਼ ਪਹਿਲਾਂ ਹੀ ਰੱਖਿਆ ਮੰਤਰਾਲੇ ਨੂੰ ਭੇਜ ਦਿੱਤੀ ਹੈ। ਸੀਡੀਐਸ ਦੀ ਨਿਯੁਕਤੀ ਦਾ ਉਦੇਸ਼ ਭਾਰਤ ਨੂੰ ਦਰਪੇਸ਼ ਸੁਰੱਖਿਆ ਚੁਣੌਤੀਆਂ ਨਾਲ ਨਜਿੱਠਣ ਲਈ ਤਿੰਨ ਫੌਜਾਂ ਵਿੱਚ ਤਾਲਮੇਲ ਵਧਾਉਣਾ ਹੈ। 15 ਅਗਸਤ ਨੂੰ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਤਿਹਾਸਕ ਸੈਨਿਕ ਸੁਧਾਰ ਦਾ ਐਲਾਨ ਕਰਦਿਆਂ ਕਿਹਾ ਸੀ ਕਿ ਭਾਰਤ ਦੀਆਂ ਤਿੰਨੋਂ ਫੌਜਾਂ ਲਈ ਇੱਕ ਮੁਖੀ ਹੋਵੇਗਾ, ਜਿਸ ਨੂੰ ਸੀਡੀਐਸ ਕਿਹਾ ਜਾਵੇਗਾ।


ਆਰਮੀ ਚੀਫ ਬਿਪਿਨ ਰਾਵਤ ਇਸ ਅਹੁਦੇ 'ਤੇ ਸਭ ਤੋਂ ਅੱਗੇ ਹਨ, ਜੋ 31 ਦਸੰਬਰ ਨੂੰ ਸੇਵਾਮੁਕਤ ਹੋ ਰਹੇ ਹਨ। ਸਰਕਾਰੀ ਸੂਤਰਾਂ ਨੇ ਕਿਹਾ ਕਿ ਜੇ ਸਭ ਕੁਝ ਯੋਜਨਾ ਅਨੁਸਾਰ ਚੱਲਦਾ ਹੈ ਤਾਂ ਸਰਕਾਰ ਉਨ੍ਹਾਂ ਨੂੰ ਰਿਟਾਇਰ ਹੋਣ ਤੋਂ ਪਹਿਲਾਂ ਦੇਸ਼ ਦੇ ਪਹਿਲੇ ਸੀਡੀਐਸ ਘੋਸ਼ਿਤ ਕਰ ਦਏਗੀ।