Patiala News: ‘ਪੀਆਰਟੀਸੀ, ਪਨਬੱਸ ਤੇ ਪੰਜਾਬ ਰੋਡਵੇਜ਼’ ਦੇ ਕੰਟਰੈਕਟ ਮੁਲਾਜ਼ਮਾਂ ਦੀ ਜਥੇਬੰਦੀ ਵੱਲੋਂ ਮੰਨੀਆਂ ਮੰਗਾਂ ਲਾਗੂ ਨਾ ਕਰਨ ਤੇ ਕੁਝ ਹੋਰ ਮੰਗਾਂ ਦੇ ਹੱਕ ਵਿੱਚ ਦਿੱਤੇ ਗਏ ਹੜਤਾਲ ਸੱਦੇ ਤਹਿਤ ਅੱਜ ਵੀ ਸਰਕਾਰੀ ਬੱਸਾਂ ਦਾ ਚੱਕਾ ਜਾਮ ਰਹੇਗਾ। ਇਸ ਦੌਰਾਨ ਮੁਸਾਫਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬੱਸ ਕਾਮਿਆਂ ਦੇ ਸੰਘਰਸ਼ ਨੂੰ ਦੇਖਦੇ ਹੋਏ ਸਰਕਾਰ ਨੇ ਜਥੇਬੰਦੀ ਦੇ ਆਗੂਆਂ ਨੂੰ ਅੱਜ 14 ਨਵੰਬਰ ਲਈ ਮੀਟੰਗ ਦਾ ਸਮਾਂ ਦਿੱਤਾ ਹੈ ਪਰ ਇਸ ਦੇ ਬਾਵਜੂਦ ਸੱਤ ਹਜ਼ਾਰ ਕਾਮਿਆਂ ਨੇ ਹੜਤਾਲ਼ ’ਤੇ ਡਟੇ ਰਹਿਣ ਦਾ ਫ਼ੈਸਲਾ ਕੀਤਾ ਹੈ। ਹੜਤਾਲੀ ਮੁਲਾਜ਼ਮ ਅੱਜ ਸਰਕਾਰੀ ਬੱਸਾਂ ਦਾ ਚੱਕਾ ਜਾਮ ਰੱਖਣਗੇ।
ਐਤਵਾਰ ਵੀ ਬੱਸਾਂ ਦਾ ਚੱਕਾ ਜਾਮ ਰਿਹਾ ਸੀ ਜਿਸ ਕਰਕੇ ਪਟਿਆਲਾ ਦੇ ਬੱਸ ਅੱਡੇ ’ਚ ਮੁਸਾਫਰਾਂ ਨੂੰ ਭਾਰੀ ਖੱਜਲ਼ ਖੁਆਰੀ ਦਾ ਸਾਹਮਣਾ ਕਰਨਾ ਪਿਆ। ਸਰਕਾਰੀ ਬੱਸਾਂ ਦੇ ਚੱਕੇ ਜਾਮ ਕਾਰਨ ਪ੍ਰਾਈਵੇਟ ਬੱਸਾਂ ਵਾਲ਼ਿਆਂ ਦੀ ਚਾਂਦੀ ਬਣੀ ਹੋਈ ਹੈ। ਕਈ ਬੱਸਾਂ ਵਿੱਚ ਲੋਕਾਂ ਨੂੰ ਛੱਤਾਂ ’ਤੇ ਬਿਠਾ ਕੇ ਲਿਜਾਇਆ ਜਾ ਰਿਹਾ ਹੈ।
ਪੀਆਰਟੀਸੀ ਵਰਕਰ ਯੂਨੀਅਨ ਦੇ ਸੂਬਾਈ ਮੀਤ ਪ੍ਰਧਾਨ ਹਰਕੇਸ਼ ਵਿੱਕੀ ਨੇ ਦੱਸਿਆ ਕਿ ਐਤਵਾਰ ਨੂੰ ਚੱਕਾ ਜਾਮ ਕਰਨ ਦਾ ਇਹ ਐਕਸ਼ਨ ਅਚਾਨਕ ਹੀ ਇਸ ਕਰਕੇ ਲੈਣਾ ਪਿਆ, ਕਿਉਂਕਿ ਮਹਿਕਮੇ ਵੱਲੋਂ ਇੱਕ ਕੰਡਕਟਰ ਨੂੰ ਜਾਣਬੁੱਝ ਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਇਸ ਤੋਂ ਇਲਾਵਾ ਆਊਟਸੋਰ ਤਹਿਤ ਨਵੇਂ ਭਰਤੀ ਕੀਤੇ ਗਏ ਕਾਮਿਆਂ ਨੂੰ ਪਹਿਲਾਂ ਤੋਂ ਆਊਟਸੋਰਸਡ ਕੰਮ ਕਰਨ ਵਾਲੇ ਕਾਮਿਆਂ ਨਾਲ਼ੋਂ ਘੱਟ ਤਨਖਾਹ ’ਤੇ ਰੱਖਿਆ ਜਾ ਰਿਹਾ ਹੈ। ਜਦਕਿ ਉਹ ਬਰਾਬਰ ਤਨਖਾਹ ਦੀ ਮੰਗ ਕਰ ਰਹੇ ਹਨ।
ਉਨ੍ਹਾਂ ਆਖਿਆ ਕਿ ਤਤਕਾਲੀ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਵੱਲੋਂ ਉਦੋਂ ਹੜਤਾਲ ਦੌਰਾਨ ਤਨਖਾਹ ਵਧਾਉਣ ਸਮੇਤ ਹਰ ਸਾਲ ਪੰਜ ਫੀਸਦੀ ਦਾ ਵਾਧਾ ਕਰਨ ਦਾ ਫੈਸਲਾ ਕੀਤਾ ਸੀ ਪਰ ‘ਆਪ’ ਸਰਕਾਰ ਵੱਲੋਂ ਪੰਜ ਫੀਸਦੀ ਦਾ ਵਾਧਾ ਕਰਨ ਦੀ ਮੱਦ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਦੱਸਿਆ ਕਿ ਇਸ ਰੋਸ ਵਜੋਂ ਹੀ ਉਨ੍ਹਾਂ ਪਟਿਆਲਾ ਦੇ ਬੱਸ ਸਟੈਂਡ ਸਮੇਤ ਕਈ ਹੋਰ ਥਾਵਾਂ ’ਤੇ ਵੀ ਬੱਸ ਅੱਡਿਆਂ ਦੀ ਤਾਲ਼ਾਬੰਦੀ ਕਰਕੇ ਬੱਸਾਂ ਦਾ ਚੱਕਾ ਜਾਮ ਕੀਤਾ।
ਉਨ੍ਹਾਂ ਕਿਹਾ ਕਿ ਅੱਜ ਸੋਮਵਾਰ ਨੂੰ ਉਹ ਰਾਜ ਭਰ ’ਚ ਬੱਸ ਅੱਡਿਆਂ ਦੇ ਅੰਦਰ ਜਾਂ ਬਾਹਰ ਸ਼ਾਂਤਮਈ ਧਰਨੇ ਮਾਰ ਕੇ ਬੈਠਣਗੇ। ਉਨ੍ਹਾਂ ਆਖਿਆ ਕਿ ਜੇਕਰ ਅੱਜ ਦੀ ਮੀਟਿਗ ਬੇਸਿੱਟਾ ਰਹੀ, ਤਾਂ ਉਹ ਪਹਿਲਾਂ ਦੀ ਤਰ੍ਹਾਂ ਇਸ ਨੂੰ ਹੜਤਾਲ਼ ਨੂੰ ਲੰਬੀ ਲਿਜਾਣ ਲਈ ਮਜਬੂਰ ਹੋਣਗੇ। ਉਨ੍ਹਾਂ ਆਖਿਆ ਕਿ ਮੁਲਾਜ਼ਮਾਂ ਨਾਲ ਵਾਅਦੇ ਕਰਨ ਵਾਲੀ ਸਰਕਾਰ ਉਨ੍ਹਾਂ ਦੀਆਂ ਮੰਗਾਂ ਮੰਨਣ ਤੋਂ ਭੱਜ ਰਹੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ