ਸੰਭਲ: ਉੱਤਰ ਪ੍ਰਦੇਸ਼ ਵਿੱਚ ਅਪਰਾਧੀਆਂ ਦੇ ਹੌਸਲੇ ਬੇਹੱਦ ਬੁਲੰਦ ਹਨ ਤੇ ਉਹ ਲਗਾਤਾਰ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਤਾਜ਼ਾ ਮਾਮਲਾ ਉੱਤਰ ਪ੍ਰਦੇਸ਼ ਦੇ ਸੰਭਲ ਦਾ ਹੈ ਜਿੱਥੇ ਇੱਕ ਨਾਬਾਲਗ ਲੜਕੀ ਨਾਲ ਪਹਿਲਾਂ ਗੁਆਂਢ ਦੇ ਇੱਕ ਲੜਕੇ ਨੇ ਬਲਾਤਕਾਰ ਕੀਤਾ ਤੇ ਫਿਰ ਉਸ ਦਾ ਵਿਰੋਧ ਕਰਨ 'ਤੇ ਲੜਕੀ ਨੂੰ ਤੇਲ ਛਿੜਕ ਕੇ ਅੱਗ ਦੇ ਹਵਾਲੇ ਕਰ ਦਿੱਤਾ।


ਲੜਕੀ ਦੀਆਂ ਚੀਕਾਂ ਸੁਣ ਕੇ ਆਸਪਾਸ ਦੇ ਲੋਕਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ, ਜਿਸ ਵਿੱਚ ਇਕ ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਪੁਲਿਸ ਨੇ ਮੁਲਜ਼ਮ ਲੜਕੇ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਪੀੜਤ ਨੂੰ ਗੰਭੀਰ ਹਾਲਤ ਵਿੱਚ ਇਲਾਜ ਲਈ ਦਿੱਲੀ ਭੇਜਿਆ ਗਿਆ ਹੈ।


ਘਟਨਾ ਦੀ ਜਾਣਕਾਰੀ ਤੋਂ ਬਾਅਦ, ਮੁਰਾਦਾਬਾਦ ਰੇਂਜ ਦੇ ਆਈਜੀ ਰਮਿਤ ਸ਼ਰਮਾ ਤੇ ਸੰਭਾਲ ਐਸਪੀ ਯਮੁਨਾ ਪ੍ਰਸ਼ਾਦ ਮੌਕੇ 'ਤੇ ਪਹੁੰਚੇ ਤੇ ਚਸ਼ਮਦੀਦ ਗਵਾਹਾਂ ਅਤੇ ਗੁਆਂਢੀਆਂ ਤੋਂ ਜਾਣਕਾਰੀ ਲੈ ਕੇ ਘਟਨਾ ਦਾ ਜਾਇਜ਼ਾ ਲਿਆ। ਪੀੜਤ ਲੜਕੀ ਦੇ ਅਨੁਸਾਰ ਦੋਸ਼ੀ ਜੀਸ਼ਾਨ ਨੇ ਉਸ ਨਾਲ ਬਲਾਤਕਾਰ ਕੀਤਾ ਤੇ ਉਸ ਦੇ ਵਿਰੋਧ ਕਰਨ 'ਤੇ ਉਸ ਨੂੰ ਅੱਗ ਲਾ ਦਿੱਤੀ।


ਮੁਲਜ਼ਮ ਨੌਜਵਾਨ ਪੀੜਤਾ ਦੇ ਗੁਆਂਢ 'ਚ ਰਹਿੰਦਾ ਹੈ ਤੇ ਉਸ ਨੂੰ ਜ਼ਬਰਦਸਤੀ ਖਿੱਚ ਕੇ ਗਲੇ ਲਾ ਲਿਆ। ਜਦੋਂ ਪੀੜਤਾ ਦੀ ਮਾਂ ਨੇ ਪੁਲਿਸ ਨੂੰ ਸ਼ਿਕਾਇਤ ਕਰਨ ਦੀ ਧਮਕੀ ਦਿੱਤੀ ਤਾਂ ਮੁਲਜ਼ਮ ਨੌਜਵਾਨ ਪੀੜਤ ਲੜਕੀ ਦੇ ਘਰ ਵਿੱਚ ਵੜ ਗਿਆ ਅਤੇ ਲੜਕੀ ਨੂੰ ਅੱਗ ਲਾ ਦਿੱਤੀ। ਚੀਕਾਂ ਸੁਣ ਕੇ ਗੁਆਂਢੀਆਂ ਨੇ ਲੜਕੀ ਨੂੰ ਬਚਾਇਆ। ਇਸ ਦੌਰਾਨ ਸ਼ਮੀਮ ਨਾਂ ਦਾ ਗੁਆਂਢੀ ਵੀ ਅੱਗ ਦੀ ਲਪੇਟ 'ਚ ਆ ਗਿਆ।