Shimla 'ਚ ਕਿਸਾਨਾਂ ਜ਼ਬਰਦਸਤ ਪ੍ਰਦਰਸ਼ਨ, ਸਰਕਾਰ ਨੂੰ ਦਸ ਦਿਨਾਂ ਦਾ ਅਲਟੀਮੇਟਮ
ਹਿਮਾਚਲ ਪ੍ਰਦੇਸ਼ ਦੇ ਹਜ਼ਾਰਾਂ ਸੇਬ ਬਾਗਬਾਨ ਕਿਸਾਨਾਂ ਨੇ ਸ਼ੁੱਕਰਵਾਰ ਨੂੰ ਸ਼ਿਮਲਾ 'ਚ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇਸ ਇਤਿਹਾਸਕ ਰੋਸ ਮਾਰਚ ਦੇ ਮੱਦੇਨਜ਼ਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਦੀ ਪੂਰਤੀ ਲਈ ਦਸ ਦਿਨਾਂ ਦਾ ਸਮਾਂ ਮੰਗਿਆ ਹੈ। ਇਸ ਅੰਦੋਲਨ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੰਚ ਨੇ ਕਿਹਾ ਕਿ ਜੇਕਰ ਸਰਕਾਰ ਨੇ ਦਸ ਦਿਨਾਂ ਵਿੱਚ ਆਪਣਾ ਵਾਅਦਾ ਪੂਰਾ ਨਾ ਕੀਤਾ ਤਾਂ ਇੱਕ ਵਾਰ ਫਿਰ ਤੋਂ ਤਿੱਖਾ ਅਤੇ ਅਣਮਿੱਥੇ ਸਮੇਂ ਦਾ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਦੱਸ ਦਈਏ ਕਿ ਇਹ ਸਾਰਾ ਅੰਦੋਲਨ ਸੰਯੁਕਤ ਕਿਸਾਨ ਮੰਚ ਦੇ ਬੈਨਰ ਹੇਠ ਕੀਤਾ ਗਿਆ। ਸ਼ੁੱਕਰਵਾਰ ਨੂੰ ਹਜ਼ਾਰਾਂ ਦੀ ਗਿਣਤੀ ਵਿਚ ਔਰਤਾਂ ਅਤੇ ਮਰਦ ਬਾਗਬਾਨ ਕਿਸਾਨ ਨਵਾਂਬਹਾਰ ਪਹੁੰਚੇ, ਜਿੱਥੋਂ ਛੋਟਾ ਸ਼ਿਮਲਾ ਤੱਕ ਪੈਦਲ ਮਾਰਚ ਕਰਦੇ ਹੋਏ ਰੋਸ ਰੈਲੀ ਕੱਢੀ ਗਈ। ਇਸ ਦੌਰਾਨ ਪ੍ਰਸ਼ਾਸਨ ਨੇ ਅੰਦੋਲਨਕਾਰੀਆਂ ਨੂੰ ਰੋਕਣ ਲਈ ਭਾਰੀ ਪੁਲਿਸ ਬਲ ਦਾ ਪ੍ਰਬੰਧ ਕੀਤਾ। ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਝੜਪ ਵੀ ਹੋਈ। ਪਰ ਪੁਲਿਸ ਫੋਰਸ ਦੀ ਕਾਰਗੁਜ਼ਾਰੀ ਕਿਸਾਨਾਂ ਦੇ ਹੌਂਸਲੇ ਨੂੰ ਡੋਲ ਨਹੀਂ ਸਕੀ।