Punjab News: ਪੰਜਾਬ ਵਿੱਚ ਲਗਾਤਾਰ ਮੀਂਹ ਤੋਂ ਬਾਅਦ ਹੜ੍ਹਾਂ ਦੀ ਸਥਿਤੀ ਨੇ ਪ੍ਰਸ਼ਾਸਨ ਦੀ ਚਿੰਤਾ ਵਧਾਈ ਹੋਈ ਹੈ। ਜਿਸਦੇ ਚੱਲਦੇ ਸਰਕਾਰ ਵੱਲੋਂ ਵੀ ਰਾਹਤ ਕਾਰਜ ਜਾਰੀ ਹਨ।



ਇਸ ਵਿਚਾਲੇ ਪੰਜਾਬ ਦੀਆਂ ਕਈ ਮਸ਼ਹੂਰ ਪੰਜਾਬੀ ਹਸਤੀਆਂ ਅਤੇ ਸੰਸਥਾਵਾਂ ਵੀ ਲੋਕਾਂ ਦੀ ਮਦਦ ਲਈ ਅੱਗੇ ਆ ਰਹੀਆਂ ਹਨ। ਕਈ ਕਲਾਕਾਰਾਂ ਵੱਲੋਂ ਆਪਣੇ ਸ਼ੋਅਜ਼ ਦੀ ਕਮਾਈ ਲੋਕਾਂ ਦੀ ਸਹਾਇਤਾ ਲਈ ਦਿੱਤੀ ਜਾ ਰਹੀ ਹੈ।



ਖਾਸ ਗੱਲ ਇਹ ਹੈ ਕਿ ਇਸ ਸਭ ਦੇ ਨਾਲ ਪੰਜਾਬ ਵਾਸੀ ਇੱਕ-ਜੁੱਟ ਹੋ ਕੇ ਇੱਕ-ਦੂਜੇ ਦੀ ਮਦਦ ਕਰ ਰਹੇ ਹਨ। ਇਸ ਵਿਚਾਲੇ ਸਰਕਾਰ ਵੱਲੋਂ ਅਹਿਮ ਫੈਸਲਾ ਲਿਆ ਗਿਆ ਹੈ।



ਦੱਸ ਦੇਈਏ ਕਿ ਸਿਹਤ ਵਿਭਾਗ ਨੇ ਵੱਡਾ ਕਦਮ ਚੁੱਕਦੇ ਹੋਏ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸੁਪਰ ਸਪੈਸ਼ਲਿਸਟ ਡਾਕਟਰਾਂ ਦੀ ਤਾਇਨਾਤੀ ਦੇ ਹੁਕਮ ਦਿੱਤੇ ਹਨ। ਇਹ ਫੈਸਲਾ ਪੰਜਾਬ ਦੇ ਜ਼ਿਲ੍ਹੇ ਅੰਮ੍ਰਿਤਸਰ ਵਿੱਚ ਲਿਆ ਗਿਆ ਹੈ।



ਇਸਦੇ ਨਾਲ ਹੀ ਸਾਰੇ ਡਾਕਟਰਾਂ ਅਤੇ ਕਰਮਚਾਰੀਆਂ ਦੇ ਨਾਲ-ਨਾਲ ਅਧਿਕਾਰੀਆਂ ਦੀਆਂ ਛੁੱਟੀਆਂ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ।



ਜਿਸਦੇ ਚੱਲਦੇ ਅਧਿਕਾਰੀਆਂ ਨੂੰ ਦਿਨ-ਰਾਤ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦੀ ਨਿਰੰਤਰ ਨਿਗਰਾਨੀ ਕਰਨ ਲਈ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਹਨ।



ਜਾਣਕਾਰੀ ਅਨੁਸਾਰ, ਪਹਿਲਾਂ ਮੈਡੀਕਲ ਅਫ਼ਸਰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਮੈਡੀਕਲ ਕੈਂਪਾਂ ਵਿੱਚ ਮਰੀਜ਼ਾਂ ਦੀ ਜਾਂਚ ਕਰ ਰਹੇ ਸਨ, ਪਰ ਹੁਣ ਸੁਪਰ ਸਪੈਸ਼ਲਿਸਟ ਡਾਕਟਰਾਂ ਨੂੰ ਫੀਲਡ ਵਿੱਚ ਤਾਇਨਾਤ ਕੀਤਾ ਜਾ ਰਿਹਾ ਹੈ।



ਅੰਮ੍ਰਿਤਸਰ ਦੇ ਨਵ-ਨਿਯੁਕਤ ਸਿਵਲ ਸਰਜਨ ਡਾ. ਸਵਰਨਜੀਤ ਧਵਨ ਨੇ ਅੱਜ ਜ਼ਿਲ੍ਹੇ ਦੇ ਸਾਰੇ ਸੀਨੀਅਰ ਮੈਡੀਕਲ ਅਫ਼ਸਰਾਂ ਦੀ ਐਮਰਜੈਂਸੀ ਮੀਟਿੰਗ ਬੁਲਾਈ ਅਤੇ ਅਧਿਕਾਰੀਆਂ ਨੂੰ ਸਪੱਸ਼ਟ ਤੌਰ 'ਤੇ ਕਿਹਾ ਕਿ ਕਿਸੇ ਵੀ ਕਰਮਚਾਰੀ ਜਾਂ ਡਾਕਟਰ ਨੂੰ ਛੁੱਟੀ ਨਾ ਦਿੱਤੀ ਜਾਵੇ।



ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਹੈ ਅਤੇ ਸਿਹਤ ਸੇਵਾਵਾਂ ਦਾ ਜਾਇਜ਼ਾ ਲਿਆ ਹੈ। ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਾਰੀਆਂ ਸਿਹਤ ਸੇਵਾਵਾਂ ਮਰੀਜ਼ਾਂ ਨੂੰ ਜ਼ਮੀਨੀ ਪੱਧਰ 'ਤੇ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।



ਜ਼ਿਲ੍ਹਾ ਪ੍ਰੋਗਰਾਮ ਅਧਿਕਾਰੀਆਂ ਨੂੰ ਫੀਲਡ ਵਿੱਚ ਸਿਹਤ ਸੇਵਾਵਾਂ ਦੀ ਨਿਰੰਤਰ ਨਿਗਰਾਨੀ ਕਰਨ ਅਤੇ ਜ਼ਮੀਨੀ ਪੱਧਰ 'ਤੇ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੀ ਡਿਊਟੀ ਸੌਂਪੀ ਗਈ ਹੈ।