ਇਨ੍ਹੀਂ ਦਿਨੀਂ ਰਣਬੀਰ ਕਪੂਰ ਅਤੇ ਰਸ਼ਮਿਕਾ ਮੰਡਾਨਾ ਆਪਣੀ ਸਭ ਤੋਂ ਜ਼ਿਆਦਾ ਉਡੀਕੀ ਜਾਣ ਵਾਲੀ ਫਿਲਮ 'ਐਨੀਮਲ' ਦੇ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਹਾਲ ਹੀ 'ਚ ਫਿਲਮ ਦੀ ਪ੍ਰਮੋਸ਼ਨ ਲਈ ਐਨੀਮਲ ਦੀ ਪੂਰੀ ਸਟਾਰ ਕਾਸਟ ਹੈਦਰਾਬਾਦ ਪਹੁੰਚੀ, ਜਿੱਥੇ ਪ੍ਰਸ਼ੰਸਕਾਂ ਨੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ। ਜੀ ਹਾਂ, ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਹੈਦਰਾਬਾਦ 'ਚ ਇਕ ਸ਼ਾਨਦਾਰ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ 'ਚ ਸਾਊਥ ਦੇ ਵੱਡੇ ਕਲਾਕਾਰਾਂ ਨੇ ਵੀ ਸ਼ਿਰਕਤ ਕੀਤੀ। ਮੰਤਰੀ ਮੱਲਾ ਰੈੱਡੀ ਨੂੰ ਵੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਸੀ। ਸਟੇਡੀਅਮ 'ਚ ਆ ਕੇ ਉਸ ਨੇ ਕੁਝ ਅਜਿਹਾ ਕਹਿ ਦਿੱਤਾ, ਜਿਸ ਕਰਕੇ ਵਿਵਾਦ ਤਾਂ ਖੜਾ ਹੋਇਆ ਹੀ, ਨਾਲ ਹੀ ਰਣਬੀਰ ਕਪੂਰ ਨਫਰਤ ਕਰਨ ਵਾਲਿਆਂ ਦੇ ਨਿਸ਼ਾਨੇ 'ਤੇ ਆ ਗਏ। ਇਸ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ, ਜਿਸ 'ਚ ਉਹ ਕਹਿ ਰਹੇ ਹਨ, 'ਰਣਬੀਰ ਜੀ, ਮੈਂ ਤੁਹਾਨੂੰ ਇਕ ਗੱਲ ਦੱਸਣਾ ਚਾਹੁੰਦਾ ਹਾਂ ਕਿ ਅਗਲੇ 5 ਸਾਲਾਂ 'ਚ ਤੇਲਗੂ ਲੋਕ ਹਾਲੀਵੁੱਡ-ਬਾਲੀਵੁੱਡ 'ਤੇ ਰਾਜ ਕਰਨਗੇ। ਤੁਸੀਂ ਵੀ 1 ਸਾਲ ਬਾਅਦ ਹੈਦਰਾਬਾਦ ਸ਼ਿਫਟ ਹੋ ਜਾਓਗੇ। ਬੰਬਈ ਹੁਣ ਪੁਰਾਣਾ ਹੋ ਗਿਆ ਹੈ, ਪੂਰੇ ਭਾਰਤ ਵਿੱਚ ਇੱਕ ਹੀ ਸ਼ਹਿਰ ਹੈ ਅਤੇ ਉਹ ਹੈ ਹੈਦਰਾਬਾਦ। ਮੰਤਰੀ ਦੀਆਂ ਇਹ ਸਾਰੀਆਂ ਗੱਲਾਂ ਸੁਣ ਕੇ ਰਣਬੀਰ ਕਪੂਰ ਸਿਰਫ ਹੱਸਦੇ ਹੋਏ ਹੀ ਨਜ਼ਰ ਆਏ। ਉਨ੍ਹਾਂ ਦੇ ਨਾਲ ਨਾਲ ਮਹੇਸ਼ ਬਾਬੂ ਵੀ ਹੱਸਦੇ ਹੋਏ ਨਜ਼ਰ ਆ ਰਹੇ ਸੀ। ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲੋਕ ਰਣਬੀਰ ਨੂੰ ਟਰੋਲ ਕਰ ਰਹੇ ਹਨ। ਕਈ ਲੋਕਾਂ ਦਾ ਕਹਿਣਾ ਹੈ ਕਿ ਰਣਬੀਰ ਦੇ ਬਾਪ ਦਾਦਿਆਂ ਨੇ ਆਪਣੀ ਮੇਹਨਤ ਨਾਲ ਬਾਲੀਵੁੱਡ ਇੰਡਸਟਰੀ ਨੂੰ ਖੜਾ ਕੀਤਾ ਹੈ ਅਤੇ ਉਹ ਬਾਲੀਵੁੱਡ ਦਾ ਮਜ਼ਾਕ ਉੱਡਦੇ ਹੋਏ ਕਿਵੇਂ ਦੇਖ ਸਕਦੇ ਹਨ।