Bikram Majithia Comment On CM Mann: ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਲੀਡਰ ਬਿਕਰਮ ਮਜੀਠੀਆ ਨੇ ਭਾਨਾ ਸਿੱਧੂ ਦੀ ਗ੍ਰਿਫਤਾਰੀ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਉਪਰ ਤਿੱਖਾ ਹਮਲਾ ਬੋਲਿਆ ਹੈ।



ਉਨ੍ਹਾਂ ਨੇ ਕਿਹਾ ਕਿ ਕਿਸੇ ਵੇਲੇ ਭਗਵੰਤ ਮਾਨ, ਭਾਨਾ ਸਿੱਧੂ ਤੇ ਲੱਖਾ ਸਿਧਾਣਾ ਪੁਰਾਣੇ ਮਿੱਤਰ ਸਨ ਪਰ ਹੁਣ ਇਹ ਆਪਸ ਵਿੱਚ ਹੀ ਉਲਝ ਪਏ ਤੇ ਭਗਵੰਤ ਮਾਨ ਨੇ ਭਾਨਾ ਸਿੱਧੂ ਤੇ ਲੱਖਾ ਸਿਧਾਣਾ ਹੀ ਨਹੀਂ



ਬਲਕਿ ਉਨ੍ਹਾਂ ਦੇ ਪਰਿਵਾਰਕ ਜੀਆਂ ’ਤੇ ਵੀ 307 ਦੇ ਪਰਚੇ ਕਰਵਾ ਦਿੱਤੇ। ਉਨ੍ਹਾਂ ਨੇ ਕਿਹਾ ਕਿ ਸੱਤਾ ਸਦਾ ਲਈ ਨਹੀਂ ਹੁੰਦੀ। ਇਸ ਲਈ ਵਧੀਕੀਆਂ ਦਾ ਜਵਾਬ ਦੇਣਾ ਹੀ ਪਵੇਗਾ।



ਬਿਕਰਮ ਮਜੀਠੀਆ ਨੇ ਸੋਸ਼ਲ ਮੀਡੀਆ ਹੈਂਡਲ ਐਕਸ ਉੱਪਰ ਪੋਸਟ ਸ਼ੇਅਰ ਕਰਕੇ ਕਿਹਾ ਕਿ ਭਗਵੰਤ ਮਾਨ, ਭਾਨਾ ਸਿੱਧੂ ਤੇ ਲੱਖਾ ਸਿਧਾਣਾ ਆਪਸ ਵਿੱਚ ਤਿੰਨ ਪੁਰਾਣੇ ਮਿੱਤਰ ਰਹੇ ਹਨ।



ਉਸ ਵੇਲੇ ਇਹ ਦੂਜਿਆਂ (ਭਾਵੇਂ ਅਕਾਲੀ ਦਲ ਸੱਤਾ ਵਿੱਚ ਸੀ ਜਾਂ ਕਾਂਗਰਸ ਪਾਰਟੀ) ਦੀਆਂ ਧੀਆਂ ਭੈਣਾਂ ’ਤੇ ਟਿੱਪਣੀਆਂ ਕੱਸ ਕੇ ਰੋਜ਼ ਸ਼ਾਮ ਨੂੰ ਠਹਾਕੇ ਲਗਾਉਂਦੇ ਸਨ।



ਅੱਜ ਜਦੋਂ ਇਨ੍ਹਾਂ ਨੇ ਮਾਨ ਦੇ ਪਰਿਵਾਰ ’ਤੇ ਟਿੱਪਣੀਆਂ ਕੀਤੀਆਂ ਤਾਂ ਆਪਸ ਵਿੱਚ ਹੀ ਉਲਝ ਪਏ ਤੇ ਸੱਤਾ ਦੇ ਬਲਬੂਤੇ ਮਾਨ ਸਾਬ ਨੇ ਭਾਨਾ ਤੇ ਲੱਖਾ ਹੀ ਨਹੀਂ ਬਲਕਿ ਉਨ੍ਹਾਂ ਦੇ ਪਰਿਵਾਰਕ ਜੀਆਂ ’ਤੇ ਵੀ 307 ਦੇ ਪਰਚੇ ਕਰਵਾ ਦਿੱਤੇ।



ਮਜੀਠੀਆ ਨੇ ਕਿਹਾ ਕਿ ਸਿਆਣੇ ਆਦਿ ਕਾਲ ਤੋਂ ਕਹਿੰਦੇ ਆਏ ਹਨ ਕਿ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ। ਮਾਨ ਸਾਬ ਨੇ ਇੱਕ ਸਕੂਲ ਵਿੱਚ ਬੈਠੀ ਤੇ ਇੱਕ ਘਰ ਵਿੱਚ ਬੈਠੀ ਭੈਣ ’ਤੇ 307 ਦਾ ਪਰਚਾ ਦਰਜ ਕਰਵਾ ਦਿੱਤਾ ਹੈ।



ਭਗਵੰਤ ਮਾਨ ਜੀ ਸੱਤਾ ਸਦਾ ਲਈ ਨਹੀਂ ਹੁੰਦੀ। ਤੁਹਾਨੂੰ ਵੀ ਆਪਣੀਆਂ ਵਧੀਕੀਆਂ ਦਾ ਜਵਾਬ ਦੇਣਾ ਪਵੇਗਾ। ਉਸ ਵੇਲੇ ਤੁਹਾਡੇ ਤੋਂ ਝੱਲ ਨਹੀਂ ਹੋਣਾ। ਕੁਝ ਤਾਂ ਰੱਬ ਤੋਂ ਡਰੋ।



ਦੱਸ ਦਈਏ ਕਿ ਯੂ-ਟਿਊਬਰ ਭਾਨਾ ਸਿੱਧੂ ਦੇ ਪਰਿਵਾਰ ਤੇ ਲੱਖਾ ਸਿਧਾਣਾ ਖ਼ਿਲਾਫ਼ ਬਰਨਾਲਾ ਪੁਲਿਸ ਨੇ ਪਰਚਾ ਦਰਜ ਕੀਤਾ ਹੈ। ਇਹ ਨਵਾਂ ਮਾਮਲਾ ਧਨੌਲਾ ਥਾਣੇ ਨੇ ਦਰਜ ਕੀਤਾ ਹੈ।



ਪੁਲਿਸ ਵਲੋਂ ਦਰਜ ਐਫਆਈਆਰ ਅਨੁਸਾਰ ਭਾਨਾ ਸਿੱਧੂ ਦੇ ਪਿਤਾ, ਉਸ ਦੇ ਭਰਾ ਅਮਨਾ ਸਿੱਧੂ, ਉਸ ਦੀਆਂ ਦੋਵੇਂ ਭੈਣਾਂ ਤੇ ਲੱਖਾ ਸਿਧਾਣਾ ਉਪਰ ਇਹ ਪਰਚਾ ਦਰਜ ਕੀਤਾ ਗਿਆ ਹੈ।



ਪੁਲਿਸ ਨੇ ਸਾਰੇ ਮੁਲਜ਼ਮਾਂ ਉਪਰ ਬਡਬਰ ਟੌਲ ਪਲਾਜ਼ਾ ਤੇ ਪੁਲਿਸ ਪਾਰਟੀ ਉਪਰ ਹਮਲਾ ਕਰਨ ਦੇ ਦੋਸ਼ ਲਗਾਉਂਦਿਆਂ ਕਈ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਹੈ।



ਦਰਅਸਲ ਭਾਨਾ ਸਿੱਧੂ ਉਪਰ ਦਰਜ 4 ਪੁਲਿਸ ਮਾਮਲਿਆਂ ਦੇ ਵਿਰੋਧ ਵਿੱਚ ਉਸ ਦੇ ਹਮਾਇਤੀਆਂ ਨੇ 3 ਫਰਵਰੀ ਨੂੰ ਮੁੱਖ ਮੰਤਰੀ ਦੀ ਸੰਗਰੂਰ ਰਿਹਾਇਸ਼ ਦੇ ਘਿਰਾਉ ਕਰਨਾ ਸੀ।



ਉਸ ਦਿਨ ਉੱਚ ਪੁਲਿਸ ਅਧਿਕਾਰੀਆਂ ਨੇ ਭਾਨਾ ਸਿੱਧੂ ਨੂੰ 10 ਫਰਵਰੀ ਤੱਕ ਰਿਹਾਅ ਕਰਨ ਦਾ ਭਰੋਸਾ ਦਿੱਤਾ ਸੀ ਪਰ ਨਵੀਂ ਐਫਆਈਆਰ ਨਾਲ ਭਾਨਾ ਸਿੱਧੂ ਦਾ ਮਾਮਲਾ ਮੁੜ ਚਰਚਾ ਵਿੱਚ ਆ ਗਿਆ ਹੈ।