ਸਿਨੇਮਾ ਹਾਲਾਂ ਵਿੱਚ ਪੌਪਕੌਰਨ ਮੰਗਵਾਉਣਾ ਹੁਣ ਮਹਿੰਗਾ ਹੋਵੇਗਾ। ਪੌਪਕੌਰਨ 'ਤੇ ਹੁਣ GST ਲਾਗੂ ਕੀਤਾ ਜਾਵੇਗਾ। ਸਿਨੇਮਾ ਹਾਲ ਦੇ ਖਾਣੇ-ਪੀਣੇ ਦੇ ਖਰਚੇ ਲੋਕਾਂ ਦੀ ਜੇਬ 'ਤੇ ਵਧੇਰੇ ਅਸਰ ਪਾਉਣਗੇ। ਰੈਸਟੋਰੈਂਟਾਂ ਦੀ ਤਰ੍ਹਾਂ ਸਿਨੇਮਾ ਹਾਲਾਂ 'ਚ ਖੁੱਲ੍ਹੇਆਮ ਵਿਕਣ ਵਾਲੇ ਪੌਪਕੌਰਨ 'ਤੇ ਵੀ 5 % ਦੀ ਦਰ ਨਾਲ GST ਲਗਾਇਆ ਜਾਣਾ ਜਾਰੀ ਰਹੇਗਾ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਜੇਕਰ ਫਿਲਮ ਦੀ ਟਿਕਟ ਦੇ ਨਾਲ ਪੌਪਕੌਰਨ ਵੇਚਿਆ ਜਾਂਦਾ ਹੈ ਤਾਂ ਇਸ ਨੂੰ ਕੰਪੋਜ਼ਿਟ ਸਪਲਾਈ ਮੰਨਿਆ ਜਾਵੇਗਾ ਅਤੇ ਕਿਉਂਕਿ ਇਸ ਮਾਮਲੇ ਵਿਚ ਮੁੱਖ ਸਪਲਾਈ ਟਿਕਟ ਹੈ, ਇਸ ਲਈ ਲਾਗੂ ਦਰ ਅਨੁਸਾਰ ਟੈਕਸ ਲਗਾਇਆ ਜਾਵੇਗਾ। ਜੀਐੱਸਟੀ ਤਹਿਤ, ਸਾਲਟੀ ਅਤੇ ਮਸਾਲਿਆਂ ਵਾਲੇ ਪੌਪਕੌਰਨ ਨੂੰ ਨਮਕੀਨ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ ਅਤੇ ਇਸ 'ਤੇ 5 ਫੀਸਦੀ ਟੈਕਸ ਲੱਗਦਾ ਹੈ। ਜਦੋਂ ਇਸ ਨੂੰ ਪਹਿਲਾਂ ਤੋਂ ਪੈਕ ਅਤੇ ਲੇਬਲ ਕਰਕੇ ਵੇਚਿਆ ਜਾਂਦਾ ਹੈ ਤਾਂ ਦਰ 12 ਫੀਸਦੀ ਹੁੰਦੀ ਹੈ। ਕੈਰੇਮਲਾਈਜ਼ਡ ਖੰਡ ਦੇ ਨਾਲ ਪੌਪਕੌਰਨ 18 ਫੀਸਦੀ ਜੀਐਸਟੀ ਦੇ ਅਧੀਨ ਹੈ। ਲੋਕਾਂ ਵੱਲੋਂ ਪਹਿਲਾਂ ਹੀ ਮਹਿੰਗੇ ਟਿਕਟਾਂ ਅਤੇ ਖੁਰਾਕ ਦੇ ਦਾਮਾਂ ਦੀ ਸ਼ਿਕਾਇਤ ਕੀਤੀ ਜਾ ਰਹੀ ਹੈ। ਸਿਨੇਮਾ ਹਾਲ ਦੀ ਆਮਦਨੀ 'ਤੇ ਵੀ ਅਸਰ ਪੈ ਸਕਦਾ ਹੈ ਜੇ ਲੋਕ ਪੌਪਕੌਰਨ ਜਾਂ ਹੋਰ ਚੀਜਾਂ ਘੱਟ ਖਰੀਦਣ। ਇਸ ਵਾਧੇ ਕਾਰਨ ਸਿਨੇਮਾ ਦੇ ਸ਼ੌਕੀਨਾਂ ਦੀਆਂ ਪਸੰਦਾਂ 'ਚ ਬਦਲਾਅ ਆ ਸਕਦਾ ਹੈ।