ਚੰਡੀਗੜ੍ਹ PGI ’ਚ ਇਲਾਜ ਲਈ ਜਾਣ ਵਾਲੇ ਪੰਜਾਬ ਵਾਸੀਆਂ ਲਈ ਅਹਿਮ ਖ਼ਬਰ ਹੈ। ਦਰਅਸਲ PGI ਵਿਚ ਸਰਦ ਰੁੱਤ ਦੀਆਂ ਛੁੱਟੀਆਂ ਅੱਜ ਤੋਂ ਸ਼ੁਰੂ ਹੋ ਗਈਆਂ ਹਨ। ਇਸ ਦੇ ਚੱਲਦੇ ਪੀ. ਜੀ. ਆਈ. ਦੇ ਅੱਧੇ ਡਾਕਟਰ 6 ਜਨਵਰੀ ਤੱਕ ਛੁੱਟੀ ’ਤੇ ਰਹਿਣਗੇ। ਇਸ ਨੂੰ ਲੈ ਕੇ ਪੀ. ਜੀ. ਆਈ. ਨੇ ਰੋਸਟਰ ਵੀ ਜਾਰੀ ਕਰ ਦਿੱਤਾ ਹੈ। ਰੋਸਟਰ ਅਨੁਸਾਰ ਅੱਧੇ ਡਾਕਟਰ 21 ਦਸੰਬਰ ਤੇ ਬਾਕੀ 6 ਜਨਵਰੀ ਤੱਕ ਛੁੱਟੀ ’ਤੇ ਰਹਿਣਗੇ। ਸਾਰੇ ਵਿਭਾਗਾਂ ਦੇ ਐੱਚ. ਓ. ਡੀ. ਨੂੰ ਕਿਹਾ ਕਿ ਉਹ ਆਪੋ-ਆਪਣੇ ਵਿਭਾਗਾਂ ਦਾ ਪ੍ਰਬੰਧ ਕਰਨ ਕਿ ਛੁੱਟੀਆਂ ਦੌਰਾਨ ਕਿਵੇਂ ਮੈਨੇਜ ਕਰਨਾ ਹੈ। ਹਾਲਾਂਕਿ ਐਮਰਜੈਂਸੀ ’ਚ ਹਰ ਤਰ੍ਹਾਂ ਦੀਆਂ ਡਿਊਟੀਆਂ ਅਤੇ ਸੇਵਾਵਾਂ ਪਹਿਲਾਂ ਵਾਂਗ ਹੀ ਜਾਰੀ ਰਹਿਣਗੀਆਂ PGI ਪ੍ਰਸ਼ਾਸਨ ਨੇ ਸਰਦੀਆਂ ਦੀਆਂ ਛੁੱਟੀਆਂ ਲਈ ਦੋ ਭਾਗਾਂ ’ਚ ਛੁੱਟੀਆਂ ਦੇਣ ਦੀ ਯੋਜਨਾ ਬਣਾਈ ਹੈ। ਪਹਿਲੇ ਪੜਾਅ ’ਚ 7 ਤੋਂ 21 ਦਸੰਬਰ ਅਤੇ ਦੂਜੇ ਪੜਾਅ ’ਚ 23 ਦਸੰਬਰ ਤੋਂ 6 ਜਨਵਰੀ ਤੱਕ ਛੁੱਟੀਆਂ ਹੋਣਗੀਆਂ। ਛੁੱਟੀ ਤੋਂ ਪਹਿਲਾਂ ਵਿਭਾਗ ਮੁਖੀ ਤੇ ਯੂਨਿਟ ਮੁਖੀ ਨੂੰ ਇਹ ਯਕੀਨੀ ਬਣਾਉਣਾ ਸੀ ਕਿ ਛੁੱਟੀ ਸਮੇਂ ਫੈਕਲਟੀ ਮੈਂਬਰਾਂ ਦੀ ਗਿਣਤੀ 50 ਫ਼ੀਸਦੀ ਤੋਂ ਘੱਟ ਨਾ ਹੋਵੇ। ਇਸ ਸਮੇਂ ਸਾਰਾ ਬੋਝ ਸੰਸਥਾ ਦੇ ਜੂਨੀਅਰ ਤੇ ਸੀਨੀਅਰ ਰੈਜ਼ੀਡੈਂਟਸ ’ਤੇ ਰਹਿੰਦਾ ਹੈ, ਉਹੋ ਓ. ਪੀ. ਡੀ. ਦਾ ਕੰਮ ਸੰਭਾਲਦੇ ਹਨ। PGI ਸਾਲ ’ਚ ਦੋ ਵਾਰ ਡਾਕਟਰਾਂ ਨੂੰ ਛੁੱਟੀ ਦਿੰਦਾ ਹੈ। ਇਕ ਗਰਮੀਆਂ ਤੇ ਦੂਜਾ ਸਰਦੀਆਂ ਦੀ।